ਸਾਰੇ ਢੁਕਵੇਂ ਕਦਮ ਚੁੱਕਣ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਕੇਂਦਰ ਸਰਕਾਰ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਆਪਣੀ ਪੂਰੀ ਤਾਕਤ ਨਾਲ ਅੱਤਵਾਦੀ ਤਾਕਤਾਂ ਵਿਰੁੱਧ ਲੜਨਗੇ।
ਉਹ ਕਸ਼ਮੀਰ, ਬਾਬਰੀ ਮਸਜਿਦ ਢਾਹੁਣ ਅਤੇ ਗੁਜਰਾਤ ਤੇ ਮੁਜ਼ੱਫਰਨਗਰ ਦੰਗਿਆਂ ਦਾ ਬਦਲਾ ਲੈਣ ਸਬੰਧੀ ਇਸਲਾਮਿਕ ਸਟੇਟ (ਆਈਐਸ) ਵੱਲੋਂ ਵੀਡੀਓ ਵਿੱਚ ਦਿੱਤੀ ਚੇਤਾਵਨੀ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇੱਥੇ ਬੁੱਧ ਪੂਰਨਿਮਾ ਦਿਵਸ ਦੇ ਜਸ਼ਨਾਂ ਸਬੰਧੀ ਇਕ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੇਸ਼ ਦੇ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਹੈ ਅਤੇ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕ ਆਪਣੇ ਪੂਰੀ ਤਾਕਤ ਨਾਲ ਅੱਤਵਾਦੀ ਤਾਕਤਾਂ ਨੂੰ ਭਾਂਜ ਦੇਣਗੇ। ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਏ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੀ ਦਾਅਵਾ ਕੀਤਾ ਕਿ ਅੱਤਵਾਦੀ ਜਥੇਬੰਦੀਆਂ ਦੀਆਂ ਅਜਿਹੀਆਂ ਪ੍ਰਚਾਰ ਵੀਡੀਓਜ਼ ਦਾ ਦੇਸ਼ ਦੇ ਲੋਕਾਂ ਉਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪੇਗੰਡਾ ਵੀਡੀਓਜ਼ ਆਉਂਦੀਆਂ ਰਹੀਆਂ ਹਨ। ਆਈਐਸ ਜਾਂ ਕੋਈ ਵੀ ਹੋਰ ਜੋ ਅਜਿਹਾ ਪ੍ਰਚਾਰ ਕਰ ਰਿਹਾ ਹੈ, ਉਹ ਭਾਰਤੀਆਂ ਦੇ ਮਨਾਂ ਉਤੇ ਪ੍ਰਭਾਵ ਨਹੀਂ ਪਾ ਸਕੇਗਾ। ਭਾਰਤੀਆਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਣਗੇ। ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਲੋਕਾਂ, ਸਮਾਜ ਤੇ ਧਰਮਾਂ ਵਿਚਾਲੇ ਦਵੰਦ ਚਰਮ ਉਤੇ ਹੈ। ਇਨ੍ਹਾਂ ਸੰਕਟਾਂ ਦਾ ਹੱਲ ਬੁੱਧ ਦੇ ਸੰਦੇਸ਼ ਵਿੱਚੋਂ ਲੱਭ ਸਕਦਾ ਹੈ। ਅੱਤਵਾਦ ਤੇ ਇੰਤਹਾਪਸੰਦ ਦਾ ਵੀ ਬੁੱਧ ਦੀ ਵਿਚਾਰਧਾਰਾ ਵਿੱਚ ਹੱਲ ਹੈ। ਜੇ ਸਾਰੇ ਲੋਕ ਅਹਿੰਸਾ ਵਿੱਚ ਵਿਸ਼ਵਾਸ ਕਰਨਗੇ ਤਾਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਕਿਵੇਂ ਹੋ ਸਕਦਾ ਹੈ?
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …