ਕਨ੍ਹੱਈਆ ਕੁਮਾਰ ਨੇ ਇਕੱਠੇ ਕੀਤੇ 70 ਲੱਖ ਰੁਪਏ
ਕੋਲਕਾਤਾ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਲਈ ਫੰਡ ਇਕੱਠਾ ਕਰਨ ਵਾਸਤੇ ਉਮੀਦਵਾਰਾਂ ਨੇ ਆਨਲਾਈਨ ਫੰਡਿੰਗ ਦਾ ਸਹਾਰਾ ਲਿਆ ਹੈ। ਆਨਲਾਈਨ ਫੰਡ ਇਕੱਠਾ ਕਰਨ ਦੇ ਮਾਮਲੇ ਵਿਚ ਬਿਹਾਰ ਦੇ ਬੇਗੂਸਰਾਏ ਤੋਂ ਸੀ.ਪੀ.ਆਈ. ਦੇ ਉਮੀਦਵਾਰ ਕਨ੍ਹੱਈਆ ਕੁਮਾਰ, ਨਾਗਪੁਰ ਤੋਂ ਕਾਂਗਰਸ ਉਮੀਦਵਾਰ ਨਾਨਾ ਪਟੋਲੇ ਤੇ ਦਿੱਲੀ ਵਿਚ ‘ਆਪ’ ਦੇ ਉਮੀਦਵਾਰ ਰਾਘਵ ਚੱਢਾ ਵਰਗੇ ਵੱਡੇ ਨੇਤਾ ਵੀ ਸ਼ਾਮਲ ਹਨ। ਭਾਰਤ ਵਿਚ ਪਹਿਲੀ ਵਾਰ 2017 ਵਿਚ ਮਣੀਪੁਰ ਵਿਚ ਫੰਡਿੰਗ ਹੋਈ ਅਤੇ ਅਫਸਫਾ ਦੇ ਖਿਲਾਫ ਲੜਾਈ ਲੜਨ ਵਾਲੀ ਇਰੋਮ ਸ਼ਰਮੀਲਾ ਨੇ ਆਪਣੀ ਪਾਰਟੀ ਲਈ ਸਾਢੇ ਚਾਰ ਲੱਖ ਰੁਪਏ ਫੰਡ ਇਕੱਠਾ ਕੀਤਾ ਸੀੇ ਇਸ ਤੋਂ ਬਾਅਦ ਇੰਟਰਨੈਟ ਜ਼ਰੀਏ ਪੈਸੇ ਇਕੱਠੇ ਕਰਨ ਦੀ ਸ਼ੁਰੂਆਤ ਭਾਰਤ ਵਿਚ ਹੋ ਗਈ ਹੈ। ਜੇ.ਐਨ.ਯੂ. ਦੇ ਵਿਦਿਆਰਥੀ ਜਥੇਬੰਦੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ 5500 ਤੋਂ ਜ਼ਿਆਦਾ ਲੋਕਾਂ ਕੋਲੋਂ 70 ਲੱਖ ਰੁਪਏ ਦਾ ਫੰਡ ਇਕੱਠਾ ਕਰ ਲਿਆ ਹੈ। ਇਸ ਸਬੰਧੀ ਕਨ੍ਹੱਈਆ ਕੁਮਾਰ ਦਾ ਕਹਿਣਾ ਸੀ ਕਿ ਜੇਕਰ ਫੰਡ 70 ਲੱਖ ਤੋਂ ਵੱਧ ਇਕੱਠਾ ਹੁੰਦਾ ਹੈ ਤਾਂ ਵਾਧੂ ਫੰਡ ਪਾਰਟੀ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਸਿਰਫ 70 ਲੱਖ ਰੁਪਏ ਹੀ ਖਰਚ ਸਕਦਾ ਹੈ।