ਸਿਰਸਾ/ਬਿਊਰੋ ਨਿਊਜ਼ : ਹਾਸਰਸ ਕਵੀ ਹਰੀ ਸਿੰਘ ਦਿਲਬਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਲਗਭਗ 88 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ 1929 ਵਿੱਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿੱਚ ਮੋਤਾ ਸਿੰਘ ਦੇ ਘਰ ਹੋਇਆ ਸੀ। ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਗਿਆ ਅਤੇ ਬਾਅਦ ਵਿੱਚ ਉਹ ਸਿਰਸਾ ਆ ਕੇ ਵਸ ਗਏ ਸਨ। ਉਨ੍ਹਾਂ ਨੇ ਸਿਰਸਾ ਵਿੱਚ ਹਲਵਾਈ ਦਾ ਕੰਮ ਸ਼ੁਰੂ ਕੀਤਾ। ਦਿਲਬਰ ਨੇ 1943 ਵਿੱਚ ਪੰਜਾਬੀ ਕਵਿਤਾ ਲਿਖਣੀ ਸ਼ੁਰੂ ਕੀਤੀ। ਉਹ ਸ਼ੁਰੂ-ਸ਼ੁਰੂ ਵਿੱਚ ਇਨਕਲਾਬੀ ਕਵਿਤਾਵਾਂ ਵੀ ਲਿਖਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਜ਼ਿਆਦਾਤਰ ਸਮਾਜਿਕ ਅਤੇ ਹਾਸਰਸ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀਆਂ ਦੋ ਕਿਤਾਬਾਂ ‘ਦਿਲਬਰ ਦੇ ਚੌਕੇ-ਛੱਕੇ’ ਅਤੇ ‘ਦਿਲਬਰ ਦੇ ਰੰਗ’ ਪ੍ਰਕਾਸ਼ਿਤ ਹੋਈਆਂ ਹਨ। ਕਈ ਕਿਤਾਬਾਂ ਛਪਾਈ ਅਧੀਨ ਵੀ ਹਨ। ਹਰੀ ਸਿੰਘ ਦਿਲਬਰ ਨੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਹੋਣ ਵਾਲੇ ਕੌਮੀ ਕਵੀ ਦਰਬਾਰਾਂ ਵਿੱਚ ਲਗਭਗ 125 ਵਾਰ ਭਾਗ ਲਿਆ ਸੀ। ਉਨ੍ਹਾਂ ਨੂੰ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਭਵਨ ਵਿੱਚ ਬੁਲਾ ਕੇ ਉਚੇਚਾ ਸਨਮਾਨ ਦਿੱਤਾ ਸੀ।