-3.1 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼'ਮਨਮੀਤ ਭੁੱਲਰ ਦਾ ਇਹ ਵੱਡਾ ਸੁਪਨਾ ਅੱਜ ਹੋਇਆ ਪੂਰਾ'

‘ਮਨਮੀਤ ਭੁੱਲਰ ਦਾ ਇਹ ਵੱਡਾ ਸੁਪਨਾ ਅੱਜ ਹੋਇਆ ਪੂਰਾ’

ਕੈਲਗਰੀ : ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਵਲੋਂ ਸਪਾਂਸਰ ਕੀਤੇ ਅਫਗਾਨੀ ਪਰਿਵਾਰਾਂ ਵਿਚੋਂ ਦੋ ਪਰਿਵਾਰ ਕੈਲਗਰੀ ਪੁੱਜ ਗਏ। ਕੈਲਗਰੀ ਏਅਰਪੋਰਟ ‘ਤੇ ਪੰਜਾਬੀ ਭਾਈਚਾਰੇ ਅਤੇ ਕੈਨੇਡਾ ਸਰਕਾਰ ਵਲੋਂ ਦੇਸ਼ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਐਮ ਪੀ ਰਣਜੀਤ ਸਿੰਘ ਸਰਾਓ ਤੇ ਐਮ ਪੀ ਸੁੱਖ ਧਾਲੀਵਾਲ ਵੀ ਉਚੇਚੇ ਤੌਰ ‘ਤੇ ਪਹੁੰਚੇ ਏਅਰਪੋਰਟ ਪੁੱਜੇ ਹੋਏ ਸਨ। ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸਵ. ਮਨਜੀਤ ਸਿੰਘ ਭੁੱਲਰ ਦੇ ਪਿਤਾ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਨਮੀਤ ਦਾ ਇਹ ਵੱਡਾ ਸੁਪਨਾ ਪੂਰਾ ਹੋਇਆ। ਇਨ੍ਹਾਂ ਵਿਚੋਂ ਕੁਝ ਪਰਿਵਾਰ ਕੈਲਗਰੀ ‘ਚ ਤੇ ਕੁਝ ਵੈਨਕੂਵਰ ਪਹੁੰਚ ਗਏ ਹਨ। ਭੁੱਲਰ ਨੇ ਦੱਸਿਆ ਕਿ ਕੈਲਗਰੀ ਵਿਚ ਫਾਊਂਡੇਸ਼ਨ ਵਲੋਂ ਘਰ ਕਿਰਾਏ ‘ਤੇ ਲਏ ਗਏ ਅਤੇ ਉਨ੍ਹਾਂ ਪਰਿਵਾਰਾਂ ਲਈ ਲੋੜੀਂਦਾ ਸਾਰਾ ਸਮਾਨ ਲਿਆ ਕੇ ਪਹਿਲਾਂ ਹੀ ਘਰਾਂ ‘ਚ ਰੱਖ ਦਿੱਤਾ ਗਿਆ ਹੈ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਲੋਂ ਇਨ੍ਹਾਂ ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਅਫਗਾਨੀ ਹਿੰਦੂ-ਸਿੱਖ ਪਰਿਵਾਰਾਂ ਲਈ ਕੈਨੇਡਾ ਸਰਕਾਰ ਵਲੋਂ ਪਹਿਲੇ ਦਿਨ ਤੋਂ ਹੀ ਮੁਫਤ ਮੈਡੀਕਲ ਸੁਵਿਧਾ ਦੇਣ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ ਬਾਕੀ ਸਾਰੀ ਸਹਾਇਤਾ ਫਾਊਂਡੇਸ਼ਨ ਵਲੋਂ ਕੀਤੀ ਜਾਵੇਗੀ। ਫਾਊਂਡੇਸ਼ਨ ਹੀ ਇਕ ਸਾਲ ਤੱਕ ਇਨ੍ਹਾਂ ਪਰਿਵਾਰਾਂ ਦੀ ਦੇਖ ਰੇਖ ਕਰੇਗੀ, ਜਿਸ ਦੌਰਾਨ ਉਨ੍ਹਾਂ ਨੂੰ ਕੰਮ ਲੱਭ ਕੇ ਦੇਣ ਅਤੇ ਅੰਗਰੇਜ਼ੀ ਭਾਸ਼ਾ ਸਿਖਾਉਣ ਆਦਿ ਦੇ ਉਪਰਾਲੇ ਕੀਤੇ ਜਾਣਗੇ। ਭੁੱਲਰ ਨੇ ਦੱਸਿਆ ਕਿ ਇਨ੍ਹਾਂ 64 ਹਿੰਦੂ-ਸਿੱਖ ਪਰਿਵਾਰਾਂ ਦੇ ਕੁੱਲ 300 ਤੋਂ ਵੱਧ ਮੈਂਬਰ ਕੈਨੇਡਾ ਪਹੁੰਚਣਗੇ ਤੇ ਬਾਕੀਆਂ ਦੀ ਪ੍ਰਕਿਰਿਆ ਵੀ ਨਾਲੋ-ਨਾਲ ਚੱਲਦੀ ਰਹੇਗੀ।
ਔਰਤਾਂ ਸਨ ਘਰਾਂ ‘ਚ ਕੈਦ ਤੇ ਧੀਆਂ ਸਕੂਲ ਤੋਂ ਵਾਂਝੀਆਂ
ਅਫਗਾਨਿਸਤਾਨ ਤੋਂ ਰਿਫਿਊਜ਼ੀ ਪ੍ਰੋਗਰਾਮ ਤਹਿਤ ਕੈਨੇਡਾ ਪਹੁੰਚੇ ਇਨ੍ਹਾਂ ਪਰਿਵਾਰਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਗੁਰੂ ਦੇ ਚਰਨਾਂ ਵਿਚ ਹਾਜ਼ਰੀ ਭਰਦਿਆਂ ਜ਼ਿੰਦਗੀ ਵਿਚ ਵੱਡਾ ਬਦਲਾਅ ਆਉਣ ‘ਤੇ ਸਿੱਖ ਸੰਗਤਾਂ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਵੀ ਗੁਰੂ ਘਰ ਹਾਜ਼ਰੀ ਭਰਦਿਆਂ ਇਨ੍ਹਾਂ ਪਰਿਵਾਰਾਂ ਨੂੰ ਜੀ ਆਇਆਂ ਕਿਹਾ। ਕੁੱਲ 24 ਪਰਿਵਾਰਾਂ ਦੀ ਇੰਟਰਵਿਊ ਮੁਕੰਮਲ ਹੋ ਚੁੱਕੀ ਹੈ। ਵਰਨਣਯੋਗ ਹੈ ਕਿ ਅਫਗਾਨਿਸਤਾਨ ਵਿਚ ਸਦੀਆਂ ਤੋਂ ਰਹਿੰਦੇ ਆ ਰਹੇ ਹਿੰਦੂ-ਸਿੱਖ ਪਰਿਵਾਰਾਂ ਦਾ ਹੁਣ ਉਥੇ ਰਹਿ ਸਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਅੱਤਵਾਦ ਨੇ ਨਾ ਹੀ ਕੇਵਲ ਉਨ੍ਹਾਂ ਰਹਿਣਾ ਮੁਸ਼ਕਲ ਕੀਤਾ ਸਗੋਂ ਉਨ੍ਹਾਂ ਦੇ ਕਾਰੋਬਾਰ ਵੀ ਤਬਾਹ ਕਰ ਦਿੱਤੇ। ਔਰਤਾਂ ਪਰਦੇ ਹੇਠ ਰਹਿਣ ਲਈ ਅਤੇ ਲੜਕੀਆਂ ਸਕੂਲਾਂ ਵਿਚ ਨਾ ਜਾਣ ਲਈ ਮਜਬੂਰ ਹਨ। ਅਜਿਹੇ ਵਿਚ ਇਨ੍ਹਾਂ ਪਰਿਵਾਰਾਂ ਦੀ ਕੈਲਗਰੀ ਅਧਾਰਿਤ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੇ ਬਾਂਹ ਫੜੀ ਹੈ।
ਖੁਦ ਤੁਰ ਗਿਆ ਮਨਮੀਤ ਪਰ…
ਸਾਲ 2015 ‘ਚ 35 ਸਾਲ ਨੌਜਵਾਨ ਵਿਧਾਇਕ ਮਨਮੀਤ ਸਿੰਘ ਭੁੱਲਰ ਦਾ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ ਸੀ। ਕੈਬਨਿਟ ਮੰਤਰੀ ਰਹਿ ਚੁੱਕੇ ਮਨਮੀਤ ਭੁੱਲਰ ਬੇਸ਼ੱਕ ਖੁਦ ਇਸ ਜਹਾਨ ਤੋਂ ਤੁਰ ਗਏ ਪਰ ਉਨ੍ਹਾਂ ਅਫਗਾਨਿਸਤਾਨ ‘ਚ ਫਸੇ ਸਿੱਖ ਤੇ ਹਿੰਦੂ ਪਰਿਵਾਰਾਂ ਲਈ ਜੋ ਯਤਨ ਆਰੰਭੇ ਸਨ ਉਨ੍ਹਾਂ ਯਤਨਾਂ ਨੂੰ ਹੁਣ ਬੂਰ ਪਿਆ ਹੈ।

RELATED ARTICLES
POPULAR POSTS