Breaking News
Home / ਨਜ਼ਰੀਆ / ਵਾਹਗੇ ਵਾਲੀ ਲਕੀਰ

ਵਾਹਗੇ ਵਾਲੀ ਲਕੀਰ

ਪ੍ਰਧਾਨ ਮੰਤਰੀ ਦਾ ਜਮਾਤੀ
ਡਾ: ਸ. ਸ. ਛੀਨਾ
ਸਾਡੇ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਿੰਡ ਗਾਹ ਵਿਚ ਵੀ ਜਾਣਾ ਸੀ ਕਿਉਂ ਜੋ ਜਦੋਂ ਡਾ. ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਪਿੰਡ ਨੂੰ ਮਾਡਲ ਪਿੰਡ ਘੋਸ਼ਿਤ ਕੀਤਾ ਗਿਆ ਸੀ ਜਿਸ ਵਿਚ ਸਿਹਤ, ਵਿਦਿਆ, ਉਦਯੋਗ, ਆਵਾਜਾਈ ਅਤੇ ਮੰਡੀ ਨਾਲ ਸਬੰਧਿਤ ਸੇਵਾਵਾਂ ਨੂੰ ਆਧੁਨਿਕ ਤੌਰ ‘ਤੇ ਵਿਕਸਤ ਕਰਨਾ ਸੀ। ਇਹ ਪਿੰਡ ਚਕਵਾਲ ਜ਼ਿਲ੍ਹੇ ਵਿਚ ਸੀ। ਇਸਲਾਮਾਬਾਦ ਤੋਂ ਅਸੀਂ ਸਵੇਰੇ ਕੋਈ 8 ਕੁ ਵਜੇ ਇਸ ਪਿੰਡ ਵੱਲ ਚੱਲ ਪਏ, ਉਸ ਵਕਤ ਛੋਟਾ-ਛੋਟਾ ਮੀਂਹ ਪੈ ਰਿਹਾ ਸੀ ਪਰ ਰਸਤੇ ਵਿਚ ਇਹ ਮੀਂਹ ਤੇਜ਼ ਹੁੰਦਾ ਗਿਆ। ਗੁਜਰਖਾਨ ਸ਼ਹਿਰ ਤੋਂ ਬਾਅਦ ਪੋਠੋਹਾਰ ਦੀ ਧਰਤੀ ਆਈ ਤਾਂ ਮੀਂਹ ਕਰਕੇ ਛੋਟੇ-ਛੋਟੇ ਨਾਲਿਆਂ ਵਿਚ ਗੇਰੀ ਰੰਗ ਦਾ ਕਾਫੀ ਪਾਣੀ ਵਗ ਰਿਹਾ ਸੀ, ਕਈ ਨਾਲੇ ਤਾਂ ਉਪਰ ਤੱਕ ਭਰੇ ਹੋਏ ਸਨ ਦੂਰ-ਦੂਰ ਤੱਕ ਕੋਈ ਵੀ ਵਿਅਕਤੀ ਨਜ਼ਰ ਨਹੀਂ ਸੀ ਆ ਰਿਹਾ । ਰਸਤੇ ਵਿਚ ਇਕ ਛੋਟਾ ਜਿਹਾ ਦਰਿਆ ਆਇਆ ਮੈਂ ਉਸ ਦਰਿਆ ਨੂੰ ਬੜੇ ਗੌਰ ਨਾਲ ਦੇਖ ਰਿਹਾ ਸਾਂ, ਤਾਂ ਪਾਕਿਸਤਾਨ ਵਿਚ ਸਾਡੇ ਡੈਲੀਗੇਸ਼ਨ ਦੇ ਪ੍ਰਬੰਧ ਕਰਨ ਵਾਲੇ ਮਿਸਟਰ ਸਬੂਰ ਨੇ ਮੇਰੇ ਪਿਛੇ ਹੱਥ ਮਾਰ ਕੇ ਕਿਹਾ, ”ਛੀਨਾ ਜੀ, ਇਸ ਦਰਿਆ ਨੂੰ ਸੀਓਨ ਕਹਿੰਦੇ ਹਨ ਅਤੇ ਉਹ ਜੋ ਖੱਬੇ ਹੱਥ ਦੂਰ ਇਕ ਪਿੰਡ ਦਿਸਦਾ ਹੈ, ਉਹ ਤੁਹਾਡੀ ਉਸ ਕਵਿਤਰੀ ਦਾ ਹੈ ਜਿਸ ਨੇ ਇਹ ਨਜ਼ਮ ਲਿਖੀ ਸੀ ”ਅੱਜ ਆਖਾਂ ਵਾਰਿਸ ਸ਼ਾਹ ਨੂੰ – – – -” ਉਸ ਨੇ ਦੱਸਿਆ ਇਸ ਪਿੰਡ ਦਾ ਨਾਂ ਧਮਿਆਲ ਹੈ। ਉਸ ਵਕਤ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਪਿੰਡ ਦਾ ਧਿਆਨ ਤਾਂ ਨਾ ਆਇਆ ਪਰ ਇੰਨਾ ਯਾਦ ਸੀ ਕਿ ਉਹ ਇਸ ਇਲਾਕੇ ਦੀ ਸੀ ਅਤੇ ਮੈਂ ਉਸ ਦੀ ਪ੍ਰਸਿੱਧੀ ਅਤੇ ਉਸ ਦੇ ਲੋਕਾਂ ਦੇ ਦਿਲ ਵਿਚ ਹੋਣ ਨੂੰ ਦਾਦ ਦੇ ਰਿਹਾ ਸਾਂ । ਇਧਰ ਦੇ ਲੋਕ ਵੀ ਉਸ ਕਵਿਤਰੀ ਨੂੰ ਇੰਨਾਂ ਸਤਿਕਾਰ ਦਿੰਦੇ ਹਨ ਜਿਸ ਵਿਚ ਸਰਹੱਦਾਂ ਬੇਅਰਥ ਰਹਿ ਜਾਂਦੀਆਂ ਹਨ ਅਤੇ ਆਪਣੇ ਚੰਗੇ ਖਿਆਲਾਂ ਕਰਕੇ ਕਈ ਲੋਕ ਸਰਹੱਦਾਂ ਤੋਂ ਕਿਤੇ ਪਰੇ ਆਪਣੀ ਜਗ੍ਹਾ ਬਣਾ ਲੈਂਦੇ ਹਨ । ਫਿਰ ਮੈਨੂੰ ਯਾਦ ਆਇਆ ਅਤੇ ਮੈਂ ਹੀ ਸਬੂਰ ਨੂੰ ਦੱਸਿਆ ਕਿ ਇਹ ਪਿੰਡ ਅੰਮ੍ਰਿਤਾ ਪ੍ਰੀਤਮ ਦਾ ਨਹੀਂ ਸਗੋਂ ਇਕ ਹੋਰ ਪ੍ਰਸਿੱਧ ਕਵੀ ਪ੍ਰੋ: ਮੋਹਣ ਸਿੰਘ ਦਾ ਵੀ ਹੈ ।
ਇਹ ਇਲਾਕਾ ਬਹੁਤ ਖੂਬਸੂਰਤ ਇਲਾਕਾ ਹੈ। ਅਸਲ ਵਿਚ ਦੇਸ਼ ਦੀ ਵੰਡ ਵੇਲੇ ਇਧਰ ਵਿਦਿਅਕ ਸੰਸਥਾਵਾਂ ਕਾਫੀ ਸਨ, ਇਹੋ ਵਜ੍ਹਾ ਸੀ ਕਿ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿਚ ਬਹੁਤ ਸਾਰੇ ਪ੍ਰਸਿੱਧ ਅਧਿਆਪਕ, ਲੇਖਕ, ਲੀਡਰ ਅਤੇ ਪ੍ਰਬੰਧਕ ਇਸ ਹੀ ਖੇਤਰ ਤੋਂ ਸਨ । ਸ਼੍ਰੀ ਇੰਦਰ ਕੁਮਾਰ ਗੁਜਰਾਲ, ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਦੁੱਗਲ ਅਤੇ ਹੁਣ ਦੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਇਸ ਹੀ ਖੇਤਰ ਤੋਂ ਹੋਣ ਦੀ ਇਹ ਵਜ੍ਹਾ ਵੀ ਹੋ ਸਕਦੀ ਹੈ ਕਿ ਇਹ ਲੋਕ ਮਿਹਨਤੀ ਸਨ ਅਤੇ ਆਪਣੇ ਕੰਮ ਵਿਚ ਨਿਪੁੰਨ ਸਨ ਤਾਂ ਹੀ ਉਹ ਬਹੁਤ ਉੱਚੀਆਂ ਉਚੀਆਂ ਪਦਵੀਆਂ ‘ਤੇ ਪਹੁੰਚ ਗਏ। ਮੈਂ ਉਸ ਵਕਤ ਵੰਡ ਤੋਂ ਪਹਿਲੇ ਸਮੇਂ ਦੀ ਕਲਪਨਾ ਕਰ ਰਿਹਾ ਸਾਂ ਜਦੋਂ ਇਸ ਤਰ੍ਹਾਂ ਦੀ ਵੰਡ ਦੀ ਕਿਸੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਤੇ ਇਸ ਇਲਾਕੇ ਦੇ ਸਿੱਖ ਹਿੰਦੂ ਮੁਸਲਿਮ ਅਤੇ ਇਸਾਈ ਸਭ ਇਕੱਠੇ ਕੰਮਾਂ ਵਿਚ ਸਵੇਰ ਤੋਂ ਹੀ ਰੁਝ ਜਾਂਦੇ। ਸੜਕ ‘ਤੇ ਲਗੇ ਮੀਲ ਪੱਥਰਾਂ ‘ਤੇ ਚਕਵਾਲ ਦੀ ਦੂਰੀ ਲਿਖੀ ਆਉਂਦੀ ਸੀ। ਫਿਰ ਇਕ ਜਗ੍ਹਾ ‘ਤੇ ਆ ਕੇ ਸਾਡੀ ਬਸ, ਮੋਟਰਵੇ ਤੋਂ ਖੱਬੇ ਨੂੰ ਮੁੜੀ, ਤਾਂ ਸਾਨੂੰ ਪੁਲਿਸ ਦੀ ਇਕ ਐਸਕਾਰਟ ਜੀਪ ਨੇ ਖੜ੍ਹਾ ਕੀਤਾ । ਜੋ ਕਾਫੀ ਦੇਰ ਤੋਂ ਸਾਨੂੰ ਉਡੀਕ ਰਹੇ ਸਨ ਅਤੇ ਉਹਨਾਂ ਨੇ ‘ਗਾਹ’ ਪਿੰਡ ਜਾਣ ਲਈ ਸਾਡੀ ਅਗਵਾਈ ਕਰਨੀ ਸੀ । ਸਾਡੀ ਬਸ ਇਕ ਪੁਲ ਤੋਂ ਘੁੰਮ ਕੇ ਫਿਰ ਪਿਛੇ ਨੂੰ ਮੁੜ ਪਈ ਅਤੇ ਮੋਟਰਵੇ ਦੇ ਨਾਲ-ਨਾਲ ਕਾਫੀ ਕਿਲੋਮੀਟਰ ਪਿਛੇ ਵਲ ਆ ਗਈ । ਮੈਂ ਮਹਿਸੂਸ ਕਰ ਰਿਹਾ ਸਾਂ, ਮੋਟਰ ਵੇਅ ਤੇ ਇਸ ਤਰਫ ਤੋਂ ਹੀ ਤਾਂ ਗਏ ਸਾਂ।
”ਸਬੂਰ ਜੀ ਇੰਨਾਂ ਵਾਧੂ ਪੈਂਡਾ ਕੀਤਾ ਹੈ, ਕੀ ਅਸੀਂ ਪਿੱਛੋਂ ਨਹੀਂ ਸਾਂ ਮੁੜ ਸਕਦੇ” ਮੈਂ ਉਸ ਨੂੰ ਪੁੱਛਿਆ।
”ਮੋਟਰ ਵੇਅ ਦਾ ਇਹੋ ਇਕ ਗੁਣ ਗਿਣ ਲਉ ਜਾਂ ਦੋਸ਼ ਕਿ ਮੋਟਰ ਵੇਅ ‘ਤੇ ਹਰ ਜਗ੍ਹਾ ਤੋਂ ਰਾਹ ਨਹੀਂ ਬਦਲ ਸਕਦੇ , ਕੁਝ ਖਾਸ ਥਾਵਾਂ ਤੋਂ ਹੀ ਬਦਲ ਸਕਦੇ ਹਾਂ ਭਾਵੇਂ 10 ਕਿਲੋਮੀਟਰ ਜਾਂ ਇਸ ਤੋਂ ਵੀ ਵੱਧ ਜਾਣਾ ਪਏ । ਇਹ ਸਿਰਫ ਪ੍ਰਧਾਨ ਮੰਤਰੀ ਦੇ ਪਿੰਡ ਦੇ ਮਾਡਲ ਪਿੰਡ ਬਣਨ ਕਰਕੇ ਹੀ ਇਕ ਵਿਸ਼ੇਸ਼ ਪਾਸ ਦਿੱਤਾ ਗਿਆ ਹੈ, ਉਸ ਤਰ੍ਹਾਂ ਮੋਟਰ ਵੇਅ ‘ਤੇ ਹੋਰ ਕਿਤੇ ਵੀ ਇਸ ਤਰ੍ਹਾਂ ਨਹੀਂ ਹੁੰਦਾ।
ਇਹ ਸਾਰਾ ਖੇਤਰ ਪਹਿਲਾਂ ਜਿਹਲਮ ਜ਼ਿਲ੍ਹੇ ਵਿਚ ਸੀ ਅਤੇ ਚਕਵਾਲ ਇਸ ਦੀ ਤਹਿਸੀਲ ਸੀ, ਜੋ ਫਿਰ ਜ਼ਿਲ੍ਹਾ ਬਣ ਗਿਆ। ਚੱਕਵਾਲ ਇਥੋਂ ਕੋਈ 35/40 ਕਿਲੋਮੀਟਰ ਦੂਰ ਸੀ। ਵੰਡ ਤੋਂ ਪਹਿਲਾਂ ਇਨ੍ਹਾਂ ਪਿੰਡਾਂ ਵਿਚ ਹਿੰਦੂਆਂ, ਸਿੱਖਾਂ ਦਾ ਬਹੁਤ ਵੱਡੀ ਅਬਾਦੀ ਸੀ, ਜੋ ਜ਼ਿਆਦਾਤਰ ਖੇਤੀ ਅਤੇ ਵਪਾਰ ਕਰਦੇ ਸਨ। ਚਕਵਾਲ ਸ਼ਹਿਰ ਵਿਚ ਵੱਡੇ-ਵੱਡੇ ਹਿੰਦੂ ਅਤੇ ਸਿੱਖ ਵਪਾਰੀ ਸਨ। ਪਿੰਡਾਂ ਵਿਚ ਆਮ ਹੀ ਹਿੰਦੂ ਅਤੇ ਸਿੱਖ ਵਪਾਰੀ ਘੋੜੇ ਰੇੜਿਆਂ ਤੇ ਪਿੰਡ ਵਿਚੋਂ ਫਸਲਾਂ ਦੀ ਉਪਜ ਖਰੀਦਦੇ ਸਨ ਅਤੇ ਉਸ ਉਪਜ ਨੂੰ ਉਹ ਚਕਵਾਲ, ਜਿਹਲਮ ਅਤੇ ਰਾਵਲਪਿੰਡੀ ਦੀਆਂ ਮੰਡੀਆਂ ਵਿਚ ਵੇਚਦੇ ਸਨ । ਵਾਪਸੀ ਤੇ ਉਹ ਪਿੰਡਾਂ ਲਈ ਲੋੜੀਂਦੀਆਂ ਵਸਤੂਆਂ ਜਿਵੇਂ ਖੰਡ, ਘਿਉ, ਚਾਹ, ਸਾਬਣ, ਕੱਪੜਾ ਆਦਿ ਲੈ ਜਾਂਦੇ ਸਨ ਅਤੇ ਉਸ ਨੂੰ ਪ੍ਰਚੂਨ ਵਿਚ ਪਿੰਡਾਂ ਵਿਚ ਜਾ ਕੇ ਵੇਚਿਆ ਜਾਂਦਾ ਸੀ। ਂਿਜਸ ਜਗ੍ਹਾ ਤੋਂ ਅਸੀ ਗਾਹ ਪਿੰਡ ਵਲ ਮੁੜੇ, ਉਸ ਦਾ ਨਾਂ ਬਾਲਕਸਰ ਸੀ। ਇਹ ਮੈਦਾਨੀ ਇਲਾਕਾ ਸੀ। ਭਾਵੇਂ ਕਿ ਕਈ ਜਗ੍ਹਾ ‘ਤੇ ਟਿਊਬਵੈਲ ਲੱਗੇ ਹੋਏ ਸਨ, ਪਰ ਜ਼ਿਆਦਾਤਰ ਜ਼ਮੀਨ ਰੇਤਲੀ ਸੀ। ਰਸਤੇ ਵਿਚ ਇਕ ਚੌਂਕ ਆਇਆ, ਜਿਸ ਨੂੰ ਤਰੁਟੀਬਨ ਚੌਂਕ ਕਹਿੰਦੇ ਸਨ ਜਿਸ ਦੇ ਚਾਰੇ ਪਾਸੇ ਛੋਟੀਆਂ ਛੋਟੀਆਂ ਦੁਕਾਨਾਂ ਸਨ ਜਿਨ੍ਹਾਂ ਵਿਚ ਕਰਿਆਨਾ, ਚਾਹ, ਸਬਜ਼ੀਆਂ ਦੀਆਂ ਦੁਕਾਨਾਂ ਸਨ। ਇਸ ਤੋਂ ਅੱਗੇ ਸੜਕ ਬਹੁਤ ਛੋਟੀ ਸੀ ਅਤੇ ਸੜਕ ਦੇ ਦੋਵਾਂ ਪਾਸਿਆਂ ਤੇ ਕਣਕ ਦੇ ਨਾੜ ਨਾਲ ਬਣੇ ਮੂਸਲ ਸਨ, ਭਾਵੇਂ ਕਿ ਨਵੀਂ ਕਣਕ ਆਉਣ ਵਾਲੀ ਸੀ ਪਰ ਇਨ੍ਹਾਂ ਮੂਸਲਾਂ ਵਿਚ ਅਜੇ ਵੀ ਤੂੜੀ ਜਮਾਂ ਰੱਖੀ ਹੋਈ ਸੀ, ਇਹ ਛੋਟੇ-ਛੋਟੇ ਅਕਾਰ ਦੇ ਮੂਸਲ ਸਨ। ਇਨ੍ਹਾਂ ਰੇਤਲੀਆਂ ਪੈਲੀਆਂ ਵਿਚ ਸਰ੍ਹੋਂ, ਤੋਰੀਆ, ਤਾਰਾਮੀਰਾ, ਕਣਕ ਅਤੇ ਛੋਲਿਆਂ ਦੀਆਂ ਫਸਲਾਂ ਸਨ। ਸਾਡੇ ਨਾਲ ਜਾ ਰਹੇ ਲੜਕੇ ਦਸ ਰਹੇ ਸਨ ਕਿ ਪਾਣੀ ਦੀ ਪੱਧਰ ਬਹੁਤ ਹੀ ਨੀਵੀਂ ਹੈ, ਜੋ ਕਈ ਜਗ੍ਹਾ ‘ਤੇ 300 ਫੁੱਟ ਤੋਂ ਵੀ ਜ਼ਿਆਦਾ ਹੈ, ਜਿਸ ਲਈ ਟਿਊਬਵੈਲ ਲਾਉਣਾ ਅਤੇ ਉਸ ਨੂੰ ਚਲਾਉਣਾ ਕਾਫੀ ਮਹਿੰਗਾ ਪੈਂਦਾ ਹੈ, ਸੌਣੀ ਦੀਆਂ ਫਸਲਾਂ ਵਿਚ ਜ਼ਿਆਦਾ ਮੂੰਗਫਲੀ ਬੀਜੀ ਜਾਂਦੀ ਹੈ ਉਸ ਲਈ ਪਾਣੀ ਦੀ ਲੋੜ ਨਹੀਂ ਪੈਂਦੀ ਅਤੇ ਫਸਲ ਚੰਗੀ ਹੋ ਜਾਂਦੀ ਹੈ । ਮੈਂ ਮਹਿਸੂਸ ਕਰ ਰਿਹਾ ਸਾਂ, ਸ਼ਹਿਰੀ ਸਹੂਲਤਾਂ ਤੋਂ ਇੰਨੀ ਦੂਰੀ ਵਾਲੇ ਇਸ ਪਿੰਡ ਵਿਚ ਪ੍ਰਧਾਨ ਮੰਤਰੀ ਦਾ ਬਚਪਨ ਬੀਤਿਆ ਸੀ। ਰਸਤੇ ਵਿਚ ਇਕ ਜਗ੍ਹਾ, ਇਕ ਛੋਟਾ ਜਿਹਾ ਨਾਲਾ ਆਇਆ ਜਿਸਨੂੰ ਕਸ ਕਹਿੰਦੇ ਸਨ ਜੋ ਕਿ ਬਰਸਾਤੀ ਨਾਲਾ ਸੀ, ਜੋ ਸਿਰਫ ਬਰਸਾਤਾਂ ਵਿਚ ਹੀ ਚੱਲਦਾ ਸੀ। ਫਿਰ ਇਕ ਪਿੰਡ ਆਇਆ ਅਤੇ ਅਸੀਂ ਸਮਝਿਆ ਕਿ ਇਹ ਹੀ ਪਿੰਡ ਹੋਵੇਗਾ, ਪਰ ਉਹਨਾਂ ਲੜਕਿਆਂ ਦੱਸਿਆ ਕਿ ਇਸ ਤੋਂ ਅਗਲਾ ਪਿੰਡ ਗਾਹ ਹੈ । ਉਸ ਪਿੰਡ ਤੋਂ ਬਾਹਰ ਆ ਕੇ ਫਿਰ ਸੜਕ ਦੇ ਨਾਲ-ਨਾਲ ਬੇਰੀਆਂ ਦੇ ਦਰਖਤ ਅਤੇ ਬੇਰਾਂ ਦੇ ਮ੍ਹਲੇ ਵੀ ਕਾਫੀ ਨਜ਼ਰ ਆ ਰਹੇ ਸਨ। ਕੱਚੇ ਰਸਤੇ ਅਤੇ ਪੈਲੀਆਂ ਦੀਆਂ ਡੰਡੀਆਂ ਦੂਰ-ਦੂਰ ਤਕ ਜਾਂਦੀਆਂ ਨਜ਼ਰ ਆਉਂਦੀਆਂ ਸਨ, ਪਰ ਮੀਂਹ ਲਗਾਤਾਰ ਪੈ ਰਿਹਾ ਸੀ ਅਤੇ ਦੂਰ-ਦੂਰ ਤਕ ਕਿਤੇ ਵੀ ਕੋਈ ਵਿਅਕਤੀ ਨਜ਼ਰ ਨਹੀਂ ਸੀ ਆਉਂਦਾ , ਸੜਕ ਦੇ ਕਿਨਾਰੇ ਜਿਹੜੇ ਘਰ ਆਉਂਦੇ ਸਨ, ਉਹ ਕੁਝ ਕੱਚੇ ਅਤੇ ਕੁਝ ਪੱਕੇ ਸਨ, ਪਰ ਪਿੱਪਲਾਂ ਦੇ ਬਹੁਤ ਵੱਡੇ ਵੱਡੇ ਦਰੱਖਤ ਬੜੇ ਖਿਲਾਰ ਵਿਚ ਸਨ, ਕਿਤੇ ਕਿਤੇ ਗੈਰ ਕਾਸ਼ਤ ਖੱਡਾਂ ਸਨ ਅਤੇ ਫਿਰ ਪ੍ਰਧਾਨ ਮੰਤਰੀ ਦਾ ਪਿੰਡ ਗਾਹ ਆ ਗਿਆ ।
ਇਹ ਇਕ ਛੋਟਾ ਜਿਹਾ ਪਿੰਡ ਸੀ। ਰਸਤੇ ਕੱਚੇ ਸਨ, ਪਿੰਡ ਵਿਚ ਕੁਝ ਕੱਚ ਅਤੇ ਕੁਝ ਪੱਕੇ ਘਰ ਸਨ। ਅਜੇ ਵੀ ਬਾਰਸ਼ ਲਗਾਤਾਰ ਜਾਰੀ ਸੀ। ਕੁਝ ਲੋਕ ਛੱਤਰੀਆਂ ਲੈ ਕੇ ਸਾਨੂੰ ਚੌਕ ਵਿਚ ਉਡੀਕ ਰਹੇ ਸਨ। ਡੈਲੀਗੇਸ਼ਨ ਦਾ ਸਕੂਲ ਵਿਚ ਪ੍ਰੋਗਰਾਮ ਰੱਖਿਆ ਹੋਇਆ ਸੀ । ਪਰ ਉਸ ਜਗ੍ਹਾ ਤੋਂ ਸਕੂਲ ਤੱਕ ਪਹੁੰਚਣਾ ਬਾਰਸ਼ ਕਰਕੇ ਮੁਸ਼ਕਿਲ ਬਣਿਆ ਹੋਇਆ ਸੀ। ਉਸ ਗਲੀ ਵਿਚ ਬਸ ਨਹੀਂ ਸੀ ਜਾ ਸਕਦੀ, ਕਿਉਂ ਜੋ ਗਲੀ ਤੰਗ ਸੀ। ਸਕੂਲ ਤਕ ਪਹੁੰਚਣ ਲਈ ਵੱਖ-ਵੱਖ ਸਕੀਮਾਂ ਸੋਚੀਆਂ ਜਾ ਰਹੀਆਂ ਸਨ। ਪਰ ਫਿਰ ਇਕ ਆਦਮੀ ਇਕ ਛੋਟੀ ਜੀਪ ਲੈ ਕੇ ਆ ਗਿਆ ਜੋ ਪਿਛੋਂ ਤੋਂ ਖੁੱਲ੍ਹੀ ਸੀ ਤੇ ਛੱਤੀ ਹੋਈ ਸੀ। ਤਿੰਨ, ਚਾਰ ਫੇਰਿਆਂ ਵਿਚ ਅਸੀ ਸਾਰੇ ਲੋਕ ਸਕੂਲ ਵਿਚ ਪਹੁੰਚ ਗਏ। ਉਸ ਸਕੂਲ ਦੀ ਚਾਰ ਦੀਵਾਰੀ ਇਕ ਤਰਫ ਤੋਂ ਅਜੇ ਵੀ ਕੱਚੀ ਇੱਟ ਦੀ ਬਣੀ ਹੌਈ ਸੀ। ਸਕੂਲ ਦੇ ਵਿਹੜੇ ਦਾ ਜ਼ਿਆਦਾ ਫਰਸ਼ ਕੱਚਾ ਸੀ । ਸਕੂਲ ਵਿਚ ਤਾਂ ਅਜੇ ਵੀ ਦੋ, ਤਿੰਨ ਕਮਰੇ ਸਨ ਭਾਵੇਂ ਕਿ ਉਨ੍ਹਾਂ ਅਕਾਰ ਕਾਫੀ ਵੱਡਾ ਸੀ। ਹੁਣ ਇਹ ਮਿਡਲ ਸਕੂਲ ਸੀ ਅਤੇ ਮਿਡਲ ਸਕੂਲ ਵਿਚ ਤਾਂ ਅੱਠ ਕਲਾਸਾਂ ਲਗਦੀਆਂ ਹਨ। ਪਰ ਪਿੰਡ ਦੇ ਲੋਕ ਦੱਸ ਰਹੇ ਸਨ ਕਿ ਮਿਡਲ ਸਕੂਲ ਤਾਂ ਇਹ ਹੁਣੇ ਹੀ ਬਣਿਆ ਹੈ, ਪਹਿਲਾਂ ਤਾਂ ਪ੍ਰਾਇਮਰੀ ਸਕੂਲ ਹੀ ਸੀ। ਅਸੀਂ ਮਹਿਸੂਸ ਕਰ ਰਹੇ ਸਾਂ ਕਿ ਇਸ ਹੀ ਸਕੂਲ ਵਿਚ ਸਾਡੇ ਪ੍ਰਧਾਨ ਮੰਤਰੀ ਸਵੇਰੇ-ਸਵੇਰੇ ਆਪਣਾ ਬਸਤਾ ਲੈ ਕੇ ਇਨ੍ਹਾਂ ਕਮਰਿਆਂ ਵਿਚ ਆ ਕੇ ਬੈਠਦੇ ਹੋਣਗੇ ਅਤੇ ਇਸ ਹੀ ਵਿਹੜੇ ਵਿਚ ਛੁੱਟੀ ਦੇ ਸਮੇਂ ਖੇਡਦੇ ਹੋਣਗੇ। ਉਹ ਇਸ ਹੀ ਪਿੰਡ ਵਿਚ ਗੁੱਲੀ ਡੰਡਾ, ਹਾਕੀ, ਸ਼ਟਾਪੂ ਅਤੇ ਹੋਰ ਖੇਡਾਂ ਖੇਡਦੇ ਹੋਣਗੇ । ਉਨ੍ਹਾਂ ਦੇ ਨਾਲ ਇਸ ਪਿੰਡ ਦੇ ਕਈ ਸਾਥੀ ਹੋਣਗੇ ਪਰ ਵੰਡ ਤੋਂ ਬਾਅਦ ਉਹ ਉਹਨਾਂ ਵਿਚੋਂ ਕਿਸੇ ਨੂੰ ਹੀ ਸ਼ਾਇਦ ਮਿਲੇ ਹੋਣ ਜਾਂ ਖੱਤ ਪੱਤਰ ਨਾਲ ਸਬੰਧ ਰੱਖੇ ਹੋਣ ਜ਼ਿਆਦਾਤਰ ਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਹੋਵੇਗਾ ਕਿ ਉਹ ਕਿਹੜਾ ਸੀ ਮਨਮੋਹਨ ਸਿੰਘ।
ਭਾਵੇਂ ਕਿ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਕਾਫੀ ਉਚ ਪਦਵੀਆਂ ‘ਤੇ ਰਹੇ ਸਨ ਅਤੇ ਭਾਰਤ ਦੇ ਵਿੱਤ ਮੰਤਰੀ ਵੀ ਬਣੇ ਸਨ ਪਰ ਇਸ ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹ ਇਸ ਪਿੰਡ ਦਾ ਹੈ ਪਰ ਜਦ 2004 ਵਿਚ ਉਹ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਦਾ ਪਿਛੋਕੜ ਅਖਬਾਰਾਂ ਵਿਚ ਆਇਆ ਤਾਂ ਉਸ ਦਿਨ ਇਸ ਪਿੰਡ ਦੇ ਹਰ ਇਕ ਵਿਅਕਤੀ ਇਹ ਸਮਝਦਾ ਸੀ ਕਿ ਉਹਨਾਂ ਦੇ ਘਰ ਦਾ ਆਦਮੀ ਪ੍ਰਧਾਨ ਮੰਤਰੀ ਬਣਿਆ ਹੈ। ਸਾਰੇ ਲੋਕ ਇਕੱਠੇ ਹੋਏ, ਲੱਡੂ ਵੰਡੇ ਅਤੇ ਉਸ ਰਾਤ ਲੰਮਾ ਸਮਾਂ ਸਾਰੇ ਹੀ ਪਿੰਡ ਵਿਚ ਭੰਗੜੇ ਪੈਂਦੇ ਰਹੇ। ਪਿੰਡ ਦਾ ਹਰ ਵਿਅਕਤੀ ਨੂੰ ਇਸ ਗਲ ‘ਤੇ ਮਾਣ ਸੀ ਕਿ ਉਹਨਾਂ ਦੇ ਪਿੰਡ ਦਾ ਆਦਮੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ, ਜਿਵੇਂ ਉਨ੍ਹਾਂ ਦੇ ਪਰਿਵਾਰ ਦਾ ਹੀ ਹੋਵੇ। ਉਹ ਲੋਕ ਦੱਸ ਰਹੇ ਸਨ ਕਿ ਜਦੋਂ ਅਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਹ ਮਨਮੋਹਨ ਸਿੰਘ ਦੇ ਪਰਿਵਾਰ ਅਤੇ ਪਿਛੋਕੜ ਬਾਰੇ ਪੁੱਛਦੇ ਹਨ ਅਤੇ ਜਿਨ੍ਹਾਂ ਕੁ ਅਸਾਂ ਬਜੁਰਗਾਂ ਕੋਲੋਂ ਸੁਣਿਆ ਹੁੰਦਾ ਹੈ ਉਹ ਉਹਨਾਂ ਨੂੰ ਦੱਸ ਦਿੰਦੇ ਹਾਂ। ਭਾਵੇਂ ਕਿ ਮਨਮੋਹਨ ਸਿੰਘ ਇਕ ਸਧਾਰਨ ਵਪਾਰੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਰ ਉਹ ਬਹੁਤ ਮਿਹਨਤੀ ਸੀ ਅਤੇ ਉਹ ਭਾਰਤ ਦੇ ਉੱਘੇ ਅਰਥ ਸ਼ਾਸ਼ਤਰੀਆਂ ਵਿਚੋਂ ਆਪਣੀ ਪਹਿਚਾਣ ਅੰਤਰਰਾਸਟਰੀ ਪੱਧਰ ‘ਤੇ ਬਣਾ ਚੁੱਕਾ ਸੀ।
ਬਾਰਸ਼ ਦੇ ਬਾਵਜੂਦ ਵੀ ਪਿੰਡ ਦੇ ਬਹੁਤ ਸਾਰੇ ਲੋਕ ਉਸ ਸਕੂਲ ਵਿਚ ਜਮ੍ਹਾਂ ਹੋਏ ਹੋਏ ਸਨ। ਇਕ ਵੱਡੇ ਕਮਰੇ ਵਿਚ ਕਾਫੀ ਲੋਕ ਕੁਰਮੀਆਂ ‘ਤੇ ਬੈਠੇ ਅਤੇ ਖੜ੍ਹੇ ਸਨ ਅਤੇ ਨਾਲ ਵਾਲਾ ਕਮਰਾ ਵੀ ਖਚਾ ਖਚ ਭਰਿਆ ਹੋਇਆ ਸੀ ਇਸ ਤਰ੍ਹਾਂ ਲਗਦਾ ਸੀ ਸਾਰਾ ਹੀ ਪਿੰਡ, ਭਾਰਤ ਤੋਂ ਆਏ ਡੈਲੀਗੇਸ਼ਨ ਨੂੰ ਮਿਲਣ, ਸਕੂਲ ਵਿਚ ਆ ਗਿਆ ਸੀ । ਰਸਮੀ ਮੀਟਿੰਗ ਸ਼ੁਰੂ ਹੋਈ ਅਤੇ ਜਿਹੜਾ ਆਦਮੀ ਉਠ ਕੇ ਬੋਲਣ ਲੱਗਾ ਮੈਂ ਉਸ ਨੂੰ ਪਹਿਚਾਣ ਲਿਆ ਇਹ ਤਾਂ ਪਿਛਲੇ ਸਾਲ ਇਥੋਂ ਜਾਣ ਵਾਲੇ ਨਾਜਿਮਾਂ ਦੇ ਵਫਦ ਵਿਚ ਸੀ ਅਤੇ ਇਸ ਨੇ ਇਥੋਂ ਮਨਮੋਹਨ ਸਿੰਘ ਲਈ ਇਕ ਤਿੱਲੇ ਦੀ ਜੁੱਤੀ ਬਣਾ ਕੇ ਖੜ੍ਹੀ ਸੀ ਜੋ ਇਸ ਦੇ ਪਿਤਾ ਨੇ ਖਾਸ ਤੌਰ ‘ਤੇ ਮਨਮੋਹਨ ਸਿੰਘ ਲਈ ਬਣਾਈ ਸੀ । ਉਸ ਨੇ ਦੱਸਿਆ ਸੀ ਕਿ ਵੰਡ ਤੋਂ ਪਹਿਲਾਂ ਜ਼ਿਆਦਾਤਰ ਲੋਕ ਪਿੰਡਾਂ ਵਿਚੋਂ ਹੀ ਜੁੱਤੀਆਂ ਬਣਾਉਂਦੇ ਹੁੰਦੇ ਸਨ । ਹਰ ਪਰਿਵਾਰ ਦੇ ਲੋਕ ਆਪਣੇ ਪੈਰ ਦਾ ਮੇਚ ਦੇ ਕੇ ਥੋੜ੍ਹੇ ਜਿਹੇ ਪੈਸੇ ਪੇਸ਼ਗੀ ਵਜੋਂ ਦੇ ਦਿੰਦੇ ਸਨ ਅਤੇ ਕੁਝ ਦਿਨਾਂ ਬਾਅਦ ਉਹ ਆ ਕੇ ਆਪਣੀ ਜੁੱਤੀ ਲੈ ਜਾਂਦੇ ਸਨ। ਇਹ ਵਿਅਕਤੀ ਦੱਸਦਾ ਸੀ ਕਿ ਮਨਮੋਹਨ ਸਿੰਘ ਦੇ ਪਰਿਵਾਰ ਵਾਲੇ ਉਨ੍ਹਾਂ ਕੋਲੋਂ ਹੀ ਆਪਣੀਆਂ ਜੁੱਤੀਆਂ ਬਣਵਾਉਂਦੇ ਹੁੰਦੇ ਸਨ । ਭਾਵੇਂ ਕਿ ਸਾਡੇ ਡੈਲੀਗੇਸ਼ਨ ਵਿਚ ਅਤੇ ਸਾਡਾ ਪ੍ਰਬੰਧ ਕਰਨ ਵਾਲੇ ਲੋਕਾਂ ਵਿਚ ਕੁਝ ਔਰਤਾਂ ਸਨ ਪਰ ਮੈਂ ਵੇਖ ਰਿਹਾ ਸਾਂ ਕਿ ਇਸ ਇਕੱਠ ਵਿਚ ਪਿੰਡ ਵਿਚੋਂ ਇਕ ਵੀ ਔਰਤ ਨਹੀਂ ਸੀ । ਸਾਡੇ ਡੈਲੀਗੇਸ਼ਨ ਵਿਚ ਮੇਰੇ ਅਤੇ ਦੋ ਵਿਅਕਤੀਆਂ ਤੋਂ ਇਲਾਵਾ ਹੋਰ ਕੋਈ ਵੀ ਪੰਜਾਬੀ ਨਹੀਂ ਸੀ ਸਮਝਦਾ ਕਿਉਂ ਜੋ ਇਸ ਵਿਚ ਬੰਗਾਲ, ਆਂਧਰਾ, ਤਾਮਿਲਨਾਡੂ ਅਤੇ ਵੱਖ-ਵੱਖ ਪ੍ਰਾਂਤਾਂ ਦੇ ਵਿਅਕਤੀ ਸਨ। ਪਰ ਫਿਰ ਵੀ ਉਹ ਬਹੁਤ ਧਿਆਨ ਨਾਲ ਸੁਣ ਰਹੇ ਸਨ । ਪਿੰਡ ਦੇ ਲੋਕਾਂ ਤੋਂ ਬਾਅਦ ਡੈਲੀਗੇਸ਼ਨ ਦੇ ਲੋਕਾਂ ਨੂੰ ਸਟੇਜ ‘ਤੇ ਬੁਲਾਇਆ ਗਿਆ ਅਤੇ ਸਭ ਤੋਂ ਪਹਿਲਾਂ ਮੇਰਾ ਨਾਮ ਬੋਲਿਆ ਗਿਆ ਮੈਂ ਦੱਸਿਆ ਕਿ ਜਦ ਮੈਂ ਐਮ.ਏ ਕਰਦਾ ਸਾਂ ਤਾਂ ਸਾਨੂੰ ਆਪਣੀ ਇਕ ਕਲਾਸ ਲਾਉਣ ਹਿੰਦੂ ਕਾਲਜ ਅੰਮ੍ਰਿਤਸਰ ਜਾਣਾ ਪੈਂਦਾ ਸੀ । ਡਾ: ਮਨਮੋਹਨ ਸਿੰਘ ਹਿੰਦੂ ਕਾਲਜ ਦਾ ਵਿਦਿਆਰਥੀ ਸੀ ਅਤੇ ਉਸ ਵਕਤ ਉਹ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹੁੰਦੇ ਸਨ। ਹਿੰਦੂ ਕਾਲਜ ਦੇ ਇਕ ਪ੍ਰੋਫੈਸਰ ਸ਼੍ਰੀ ਕਾਲੀਆ ਜਿਨ੍ਹਾਂ ਦਾ ਮਨਮੋਹਨ ਸਿੰਘ ਵਿਦਿਆਰਥੀ ਰਿਹਾ ਸੀ, ਉਸ ਵਕਤ ਹੀ ਉਹਨਾਂ ਦੀ ਬਹੁਤ ਤਰੀਫ ਕਰਦੇ ਹੁੰਦੇ ਸਨ ਅਤੇ ਆਮ ਇਹ ਗੱਲ ਕਿਹਾ ਕਰਦੇ ਸਨ ਕਿ ਮਨਮੋਹਨ ਸਿੰਘ ਕਿਸੇ ਦਿਨ ਦੁਨੀਆਂ ਦੇ ਵੱਡੇ ਅਰਥਸ਼ਾਸ਼ਤਰੀ ਵਜੌਂ ਉਭਰੇਗਾ। ਉਹਨਾਂ ਦੀ ਭਵਿੱਖ ਬਾਣੀ ਜੋ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਤਕਰੀਬਨ 30 ਸਾਲ ਪਹਿਲੋਂ ਕੀਤੀ ਗਈ ਸੀ, ਕਿੰਨੀ ਸੱਚ ਹੋਈ ਕਿ ਉਸ ਨੇ ਆਪਣੇ ਪਿੰਡ ਦਾ ਨਾਂ ਵੀ ਰੋਸ਼ਨ ਕਰ ਦਿੱਤਾ। (ਚੱਲਦਾ)

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …