Breaking News
Home / ਪੰਜਾਬ / ਡੀਜੀਪੀ ਸੁਰੇਸ਼ ਅਰੋੜਾ ਦਾ ਸੇਵਾਕਾਲ ਸਤੰਬਰ ਤੱਕ ਵਧਿਆ

ਡੀਜੀਪੀ ਸੁਰੇਸ਼ ਅਰੋੜਾ ਦਾ ਸੇਵਾਕਾਲ ਸਤੰਬਰ ਤੱਕ ਵਧਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਸੇਵਾਕਾਲ 30 ਸਤੰਬਰ 2019 ਤੱਕ ਵਧਾ ਦਿੱਤਾ ਗਿਆ ਹੈ। ਨਿਯੁਕਤੀਆਂ ਸਬੰਧੀ ਕੇਂਦਰੀ ਕੈਬਨਿਟ ਕਮੇਟੀ ਵੱਲੋਂ ਗ੍ਰਹਿ ਮੰਤਰਾਲੇ ਦੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦਿਆਂ ਸੇਵਾਕਾਲ ਵਿਚ ਵਾਧਾ ਕੀਤਾ ਗਿਆ ਹੈ। ਇਸ ਆਲ੍ਹਾ ਅਧਿਕਾਰੀ ਦੇ ਸੇਵਾਕਾਲ ਵਿੱਚ ਹੋਏ ਵੱਡੇ ਵਾਧੇ ਨਾਲ ਰਾਜਸੀ ਤੇ ਪ੍ਰਸ਼ਾਸਕੀ ਹਲਕੇ ਹੈਰਾਨ ਹਨ ਕਿਉਂਕਿ ਕਾਂਗਰਸੀ ਹਲਕਿਆਂ ਵਿਚ ਅਰੋੜਾ ਦੇ ਸੇਵਾਕਾਲ ਵਿਚ ਵਾਧੇ ਦਾ ਵਿਰੋਧ ਨਹੀਂ ਹੋ ਰਿਹਾ ਸਗੋਂ ਅੰਦਰਖਾਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਡੀਜੀਪੀ ਦਾ ਅਹੁਦਾ ਲੈਣ ਦੀ ਦੌੜ ਲੱਗੀ ਹੋਈ ਸੀ। ਇੱਥੋਂ ਤੱਕ ਕਿ ਕਾਂਗਰਸ ਹਾਈ ਕਮਾਨ ਵੱਲੋਂ ਵੀ ਡੀਜੀਪੀ ਦੀ ਨਿਯੁਕਤੀ ਵਿਚ ਦਖ਼ਲ ਦੇਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਸੁਰੇਸ਼ ਅਰੋੜਾ ਨੂੰ ਅਹੁਦੇ ‘ਤੇ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ।
ਵਿਵਾਦਤ ਪੁਲਿਸ ਅਧਿਕਾਰੀ ਮਰਹੂਮ ਕੇ.ਪੀ.ਐੱਸ. ਗਿੱਲ ਦੇ ਸੇਵਾਕਾਲ ਵਿਚ ਹੋਏ ਵਾਧੇ ਤੋਂ ਬਾਅਦ ਸੁਰੇਸ਼ ਅਰੋੜਾ ਅਜਿਹੇ ਪਹਿਲੇ ਅਫ਼ਸਰ ਹਨ ਜਿਨ੍ਹਾਂ ਦਾ ਸੇਵਾਕਾਲ ਇਕ ਸਾਲ ਤੱਕ ਵਧਾਇਆ ਗਿਆ ਹੈ। ਸੂਤਰਾਂ ਮੁਤਾਬਕ ਸੇਵਾਕਾਲ ਵਿਚ ਵਾਧੇ ਲਈ ਕੇਂਦਰ ਦੀ ਵੀ ਦਿਲਚਸਪੀ ਹੋਣ ਕਰ ਕੇ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੁਰੇਸ਼ ਅਰੋੜਾ ਦੀ ਸੇਵਾਮੁਕਤੀ ਪਹਿਲਾਂ 30 ਸਤੰਬਰ 2018 ਨੂੰ ਹੋਣੀ ਸੀ, ਪਰ ਪੰਜਾਬ ਸਰਕਾਰ ਦੀ ਬੇਨਤੀ ‘ਤੇ ਕੇਂਦਰ ਨੇ ਇਸ ਪੁਲਿਸ ਅਧਿਕਾਰੀ ਦੇ ਸੇਵਾਕਾਲ ‘ਚ 31 ਦਸੰਬਰ 2018 ਤੱਕ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਡੀਜੀਪੀਜ਼ ਦੀਆਂ ਤਾਇਨਾਤੀਆਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਅਦਾਲਤੀ ਹਦਾਇਤਾਂ ‘ਤੇ ਅਰੋੜਾ ਨੂੰ 31 ਜਨਵਰੀ ਤੱਕ ਡੀਜੀਪੀ ਬਣਾਏ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਕੇਂਦਰੀ ਕੈਬਨਿਟ ਕਮੇਟੀ ਵੱਲੋਂ ਲਏ ਗਏ ਫੈਸਲੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਡੀਜੀਪੀ ਨੂੰ ਸੇਵਾਮੁਕਤੀ ਦੇ ਦਿਨ ਭਾਵ 30 ਸਤੰਬਰ 2018 ਤੋਂ ਸੇਵਾਕਾਲ ਵਿਚ ਇਕ ਸਾਲ ਦਾ ਵਾਧਾ ਦਿੱਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਦੱਸਣਾ ਹੈ ਕਿ ਅਰੋੜਾ ਦਾ ਸੇਵਾਕਾਲ ਵਧਾਉਣ ਵਿਚ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …