ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ, ਪੰਜਾਬ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕਰਨ ਸਮੇਂ ਪੇਸ਼ ਕੀਤੇ ਮਤੇ ਉਤੇ ਬੋਲੇ ਮੁੱਖ ਮੰਤਰੀ
ਪੰਜਾਬ ‘ਚ ਆਈ.ਐਸ.ਆਈ. ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦਿਆਂਗਾ : ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ, ਪੰਜਾਬ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕਰਨ ਸਮੇਂ ਪੇਸ਼ ਕੀਤੇ ਮਤੇ ਉਤੇ ਬੋਲਦਿਆਂ ਇਸ ਲਾਂਘੇ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਦੇ ਦਿਮਾਗ ਦੀ ਕਾਢ ਹੋਣ ਦਾ ਰਾਗ ਮੁੜ ਅਲਾਪਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਪਾਕਿ ਸੂਹੀਆ ਏਜੰਸੀ ਨੂੰ ਮੁੜ ਤੋਂ ਪੰਜਾਬ ਵਿੱਚ ਅੱਤਵਾਦ ਫੈਲਾਉਣ ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦੇਵਾਂਗਾ। ਇਸ ਮਤੇ ‘ਤੇ ਹੋਏ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਲਾਂਘੇ ਦੇ ਮੁੱਦੇ ‘ਤੇ ਨਾਕਾਰਾਤਮਕ ਪਹੁੰਚ ਨਾ ਅਪਨਾਉਣ ਦੀ ਨਸੀਹਤ ਦਿੱਤੀ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਨਾਲ ਸੁਰ ਮਿਲਾਈ। ‘ਆਪ’ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਤਾਂ ਮੁੱਖ ਮੰਤਰੀ ਦੀ ਅਸਿੱਧੇ ਢੰਗ ਨਾਲ ਤਿੱਖੀ ਅਲੋਚਨਾ ਵੀ ਕੀਤੀ।
ਮਹੱਤਵਪੂਰਨ ਤੱਥ ਇਹ ਹੈ ਕਿ ‘ਆਪ’ ਅਤੇ ਅਕਾਲੀ ਦਲ ਦੇ ਮੈਂਬਰਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਕੁੱਝ ਮੈਂਬਰਾਂ ਨੇ ਆਪਣੇ ਮੰਤਰੀ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਤੱਕ ਨਾ ਕੀਤਾ। ਉਂਜ, ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਸਿੱਧੂ ਦੀ ਸ਼ਲਾਘਾ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚਲਾਈ ਹੈ ਉਦੋਂ ਤੋਂ ਪੰਜਾਬ ਦੇ ਸਿੱਖਾਂ ਦੀ ਪਾਕਿ ਨਾਲ ਹਮਦਰਦੀ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਨਾਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਾਉਣ ਲਈ ਨਵੇਂ ਰੰਗਰੂਟ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਦੀ ਫ਼ੌਜ ਦਾ ਰਣਨੀਤਕ ਰਵੱਈਆ ਲੁਕਵਾਂ ਹੁੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਪਾਕਿਸਤਾਨੀ ਫ਼ੌਜ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਕਿਉਂਕਿ ਸਰਹੱਦਾਂ ‘ਤੇ ਰੋਜ਼ਾਨਾਂ ਦੋਵਾਂ ਪਾਸਿਆਂ ਤੋਂ ਹੀ ਇੱਕ ਦੂਜੇ ਦੇ ਜਵਾਨ ਮਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੋਈਆਂ ਦਹਿਸ਼ਤੀ ਗਤੀਵਿਧੀਆਂ ਅਤੇ ਗ੍ਰਿਫਤਾਰ ਵਿਅਕਤੀਆਂ ਤੋਂ ਬਰਾਮਦ ਹਥਿਆਰਾਂ ਤੇ ਗੋਲੀ ਸਿੱਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਚਲਦੀਆਂ ਰਹਿਣਗੀਆਂ ਤਾਂ ਸੋਚਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਵਿਚ ਚੱਲੀ ਅੱਤਵਾਦ ਦੇ ਹਨੇਰੀ ਦੌਰਾਨ 35 ਹਜ਼ਾਰ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਦੁਹਰਾਇਆ ਕਿ ਇਮਰਾਨ ਖ਼ਾਨ ਨੂੰ ਫੌਜ ਨੇ ਹੀ ਲਾਂਘੇ ਦੀ ਤਰਕੀਬ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚੰਗਾ ਕਾਰਜ ਹੈ ਇਸ ਲਈ ਨਾਕਾਰਾਤਮਕ ਸੋਚ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ।
ਕਰਤਾਰਪੁਰ ਲਾਂਘੇ ਸਬੰਧੀ ਧੰਨਵਾਦੀ ਮਤਾ
ਇਹ ਸਦਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਾ ਹੈ ਅਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਇਸ ਲਾਂਘੇ ਨੂੰ ਖੋਲ੍ਹਣ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਨੂੰ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿੱਚ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਇਹ ਯਕੀਨੀ ਬਣਾਉਂਦੇ ਹੋਏ ਪੂਰਾ ਕੀਤਾ ਜਾਵੇ ਕਿ ਇਸ ਨਾਲ ਪੰਜਾਬ ਵਿੱਚ ਬੜੀਆਂ ਮੁਸ਼ਕਿਲਾਂ ਉਪਰੰਤ ਸਥਾਪਤ ਹੋਈ ਸ਼ਾਂਤੀ ਕਿਸੇ ਵੀ ਤਰੀਕੇ ਭੰਗ ਨਾ ਹੋਵੇ। ਸਦਨ ਨੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਨਾਲ ਜ਼ਮੀਨ ਦੇ ਵਟਾਂਦਰੇ ਸਬੰਧੀ ਵੀ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।
ਅਗਲੇ ਸੈਸ਼ਨ ‘ਚ ਵਧਣਗੇ ਵਿਧਾਇਕਾਂ ਭੱਤੇ ਤੇ ਤਨਖਾਹਾਂ: ਵੇਰਕਾ
ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਬਣੀ ਕਮੇਟੀ ਨੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤੇ ਵਧਾਉਣ ਬਾਰੇ ਵਿਚਾਰ ਕੀਤਾ ਸੀ ਤੇ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਤਨਖਾਹਾਂ ਤੇ ਭੱਤੇ ਵਧਾਏ ਜਾਣਗੇ ਪਰ ਇਹ ਤਿੰਨ ਚਾਰ ਸੂਬਿਆਂ ਨਾਲੋਂ ਘੱਟ ਹੋਣਗੇ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਮੇਤ ਤਿੰਨ ਸੂਬਿਆਂ ਦੇ ਭੱਤੇ ਤੇ ਤਨਖਾਹਾਂ ਸਾਡੇ ਨਾਲੋਂ ਵੱਧ ਹਨ ਪਰ ਪੰਜਾਬ ਦੇ ਵਿਧਾਇਕਾਂ ਦੇ ਭੱਤੇ ਇਨ੍ਹਾਂ ਨਾਲੋਂ ਘੱਟ ਹੋਣਗੇ।
ਕਰਤਾਰਪੁਰ ਲਾਂਘੇ ਬਾਰੇ ਸਿਆਸਤ ਨਹੀਂ ਕਰਨੀ ਚਾਹੀਦੀ: ਸਿੱਧੂ
ਚੰਡੀਗੜ੍ਹ : ਨਵਜੋਤ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਨਹੀਂ ਕਰਨੀ ਚਾਹੀਦੀ। ਲਾਂਘਾ ਕਿਸਾਨਾਂ ਤੇ ਮਜ਼ਦੂਰਾਂ ਦੀ ਖੁਸ਼ਹਾਲੀ ਦਾ ਰਾਹ ਖੋਲ੍ਹੇਗਾ। ਇਸ ਨਾਲ ਕੌਮਾਂਤਰੀ ਸਰਹੱਦ ‘ਤੇ ਲੱਗੇ ਗ੍ਰਹਿਣ ਛਟ ਜਾਣਗੇ। ਵਿਧਾਨ ਸਭਾ ਸੈਸ਼ਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਾਂਘੇ ਬਾਰੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਜੇ ਕੋਈ ਇਸ ਮੁੱਦੇ ‘ਤੇ ਉਨ੍ਹਾਂ ਦੀ ਨਿਖੇਧੀ ਕਰਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਹੱਦ ‘ਤੇ ਖੂਨ ਖਰਾਬਾ ਬੰਦ ਹੋਵੇ।
‘ਆਪ’ ਵਿਧਾਇਕਾਂ ਨੇ ਮੂੰਗਫਲੀ ਦੀ ਫੜੀ ਲਗਾ ਕੈਪਟਨ ਦੇ ਵਾਅਦਿਆਂ ਦੀ ਕੱਢੀ ਫੂਕ
ਚੰਡੀਗੜ੍ਹ : ਪੰਜਾਬ ਦੀਆਂ ਵਿਰੋਧੀ ਧਿਰਾਂ ਵਿਧਾਨ ਸਭਾ ਦੇ ਅੰਦਰ ਦੀ ਥਾਂ ਬਾਹਰ ਵੱਧ ਸਰਗਰਮ ਰਹੀਆਂ। ਇਕ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਵਿਧਾਨ ਸਭਾ ਦੇ ਗੇਟ ਮੂਹਰੇ ਮੂੰਗਫਲੀ ਦੀ ਫੜੀ ਲਾ ਕੇ ਕੈਪਟਨ ਸਰਕਾਰ ਦੇ ਘਰ-ਘਰ ਨੌਕਰੀਆਂ ਦੇਣ ਦੇ ਦਾਅਵਿਆਂ ਦੀ ਫੂਕ ਕੱਢੀ ਅਤੇ ਦੂਸਰੇ ਪਾਸੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਧਰਨਾ ਮਾਰ ਕੇ ਕਾਂਗਰਸ ਸਰਕਾਰ ਦੇ ਹਰੇਕ ਫਰੰਟ ਤੋਂ ਫੇਲ੍ਹ ਹੋਣ ਦੀ ਪੋਲ ਖੋਲ੍ਹੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਦੇ ਵਿਧਾਇਕ ਨੇ ਰੋਸ ਵਜੋਂ ਸਦਨ ਵਿਚੋਂ ਵਾਕਆਊਟ ਕਰਕੇ ਵਿਧਾਨ ਸਭਾ ਨੂੰ ਚਿੱਟਾ ਹਾਥੀ ਦੱਸਦਿਆਂ ਇਸ ਦੇ ਗੇਟ ਨੂੰ ਤਾਲਾ ਲਾਉਣ ਦਾ ਯਤਨ ਕਰਕੇ ਸੁਰੱਖਿਆ ਅਧਿਕਾਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਕਾਲੀਆਂ ਪੱਟੀਆਂ ਬੰਨ੍ਹ ਕੇ ਵਿਧਾਨ ਸਭਾ ਵਿੱਚ ਪੁੱਜੇ ‘ਆਪ’ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਸੀਮਤ ਕਰਨ ਸਮੇਤ ਹੋਰ ਮਸਲਿਆਂ ਉਪਰ ਵਾਕਆਊਟ ਕੀਤਾ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੈਸ਼ਨ ਦਾ ਸਮਾਂ ਮਹਿਜ਼ ਇਕ ਦਿਨ ਤਕ ਸੀਮਤ ਕਰਕੇ ਵਿਧਾਨ ਸਭਾ ਨੂੰ ਚਿੱਟਾ ਹਾਥੀ ਬਣਾ ਦਿੱਤਾ ਹੈ, ਜਿਸ ਕਾਰਨ ਹੁਣ ਇਸ ਇਮਾਰਤ ਨੂੰ ਤਾਲਾ ਹੀ ਲਾ ਦੇਣਾ ਚਾਹੀਦਾ ਹੈ। ‘ਆਪ’ ਦੇ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਸੈਸ਼ਨ ਲੰਮਾ ਤੇ ਲਾਈਵ ਕਰਨ ਦੀ ਮੰਗ ਕੀਤੀ ਸੀ ਪਰ ਇਸ ਦੇ ਉਲਟ ਸਪੀਕਰ ਨੇ ਸੈਸ਼ਨ ਉਲਟਾ ਇਕ ਦਿਨ ਦਾ ਹੀ ਕਰ ਦਿੱਤਾ ਹੈ। ਵਿਧਾਇਕਾਂ ਨੇ 250 ਦੇ ਕਰੀਬ ਸਵਾਲ ਲਾਏ ਸਨ ਪਰ ਸਰਕਾਰ ਜਵਾਬ ਦੇਣ ਤੋਂ ਭੱਜ ਗਈ ਹੈ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …