ਅੰਮ੍ਰਿਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਖਾੜੀ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਬੰਦ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਸਦਕਾ ਇੱਕ ਹੋਰ ਨੌਜਵਾਨ ਮੌਤ ਦੇ ਮੂੰਹ ਵਿਚੋਂ ਬਚ ਆਇਆ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਸੰਦੀਪ ਸਿੰਘ ਦਾ ਸਵਾਗਤ ਉਸ ਦੇ ਪਰਿਵਾਰ ਨੇ ਕੀਤਾ। ਉਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖਾਨਗੁਰਾ ਦਾ ਰਹਿਣ ਵਾਲਾ ਹੈ। ਉਸ ਨੂੰ ਲੈਣ ਪੁੱਜੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਦੀਪ ਸਿੰਘ ਮਈ 2006 ਵਿੱਚ ਮਜ਼ਦੂਰੀ ਕਰਨ ਦੁਬਈ ਗਿਆ ਸੀ ਪਰ 29 ਨਵੰਬਰ 2007 ਨੂੰ ਮਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਸਿੰਘਪੁਰਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਦੁਬਈ ਵਿੱਚ ਹੋਏ ਕਤਲ ਦਾ ਇਲਜ਼ਾਮ ਸੰਦੀਪ ਸਿਰ ਲੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਦੀ ਜਾਨ ਬਚਾਉਣ ਲਈ ਡਾ. ਓਬਰਾਏ ਨੂੰ 9 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨੀ ਪਈ, ਕਿਉਂਕਿ ਪਹਿਲਾਂ ਤਾਂ ਲੰਮਾ ਸਮਾਂ ਮ੍ਰਿਤਕ ਮਨਦੀਪ ਸਿੰਘ ਦੇ ਵਾਰਸਾਂ ਦਾ ਥਹੁ ਪਤਾ ਨਹੀਂ ਲੱਗਿਆ, ਫ਼ਿਰ ਜਦੋਂ ਡਾ. ਓਬਰਾਏ ਨੇ ਵੱਖ-ਵੱਖ ਸੰਚਾਰ ਸਾਧਨਾਂ ਦੀ ਮਦਦ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਸੰਦੀਪ ਦੀ ਜਾਨ ਬਖਸ਼ਣ ਲਈ ਰਾਜ਼ੀ ਕਰਨ ਵਿੱਚ ਸਫ਼ਲ ਹੋ ਗਏ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਨੂੰ ਹੇਠਲੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ‘ਤੇ ਡਾ. ਓਬਰਾਏ ਵੱਲੋਂ ਪੈਰਵਾਈ ਕਰਨ ਤੇ ਹਾਈਕੋਰਟ ਨੇ ਇਸ ਸਜ਼ਾ ਨੂੰ ਫ਼ਾਂਸੀ ਤੋਂ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਸੀ ਪਰ ਬਦਕਿਸਮਤੀ ਨਾਲ ਫ਼ਿਰ ਵੀ ਸੰਦੀਪ ਦਾ ਖਹਿੜਾ ਨਾ ਛੁਟਿਆ ਤੇ ਉਥੋਂ ਦੀ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੜ ਬਹਾਲ ਕਰ ਦਿੱਤਾ। ਹੇਰ ਨੇ ਦੱਸਿਆ ਕਿ ਡਾ. ਓਬਰਾਏ ਬਲੱਡ ਮਨੀ ਦੇ ਕੇ ਹੁਣ ਤਕ ਸੰਦੀਪ ਸਮੇਤ 94 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …