ਸੁਖਬੀਰ ਵੱਲੋਂ ਦਿੱਤੇ ਰਾਤਰੀ ਭੋਜ ਮੌਕੇ ਵਲਟੋਹਾ ਸਮੇਤ ਹੋਰ ਆਗੂਆਂ ਨੇ ਕੰਮ ਨਾ ਹੋਣ ਕਾਰਨ ਕੱਢੀ ਭੜਾਸ
ਚੰਡੀਗੜ੍ਹ/ਬਿਊਰੋ ਨਿਊਜ਼
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਵੱਲੋਂ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਤੇ ਸੁਖਬੀਰ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮੁਖ਼ਾਲਫ਼ਤ ਕਰਕੇ ਬਾਦਲ ਪਰਿਵਾਰ ‘ਚ ਚਲਦੀ ਖਾਨਾਜੰਗੀ ਜੱਗ ਜ਼ਾਹਿਰ ਕਰ ਦਿੱਤੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਜਟ ਸੈਸ਼ਨ ਦੌਰਾਨ ਅਕਾਲੀ-ਭਾਜਪਾ ਵਿਧਾਇਕਾਂ ਨੂੰ ਦਿੱਤੇ ਗਏ ਰਾਤਰੀ ਭੋਜ ਦੌਰਾਨ ਸ੍ਰੀ ਕੈਰੋਂ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਨਿਸ਼ਾਨੇ ‘ਤੇ ਰਹੇ। ਸ੍ਰੀ ਕੈਰੋਂ ਵੀ ਇਸ ਰਾਤਰੀ ਭੋਜ ਮੌਕੇ ਹਾਜ਼ਰ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਖ਼ਿਲਾਫ਼ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਕਈ ਵਿਧਾਇਕਾਂ ਨੇ ਇਸ ਤਰ੍ਹਾਂ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਜਿਵੇਂ ਉਹ ਲੰਬੇ ਸਮੇਂ ਤੋਂ ਮੌਕੇ ਦੀ ਤਾਕ ‘ਚ ਹੋਣ। ਅਕਾਲੀ ਆਗੂਆਂ ਨੇ ਸ੍ਰੀ ਕੈਰੋਂ ‘ਤੇ ਅਕਾਲੀ ਦਲ ਵਿਰੁੱਧ ਕੰਮ ਕਰਨ ਦੇ ਦੋਸ਼ ਵੀ ਲਾਏ। ਭਾਜਪਾ ਨਾਲ ਸਬੰਧਤ ਇੱਕ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੁੱਝ ਵਿਧਾਇਕਾਂ ਨੇ ਸ੍ਰੀ ਕੈਰੋਂ ਨਾਲ ਹੋਈ ਬਦਕਲਾਮੀ ਦੀ ਪੁਸ਼ਟੀ ਕੀਤੀ ਹੈ। ઠਸੁਖਬੀਰ ਬਾਦਲ ਨੇ ਮੌਕੇ ਦੀ ਨਜ਼ਾਕਤ ਨੂੰ ਭਾਪਦਿਆਂ ਪਾਰਟੀ ਆਗੂਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਛੋਟੇ ਬਾਦਲ ਦੀਆਂ ਅਪੀਲਾਂ ਦਾ ਕੋਈ ਅਸਰ ਨਾ ਹੋਇਆ। ਚਸ਼ਮਦੀਦਾਂ ਮੁਤਾਬਕ ਸ੍ਰੀ ਕੈਰੋਂ ਵਿਰੁੱਧ ਭੜਾਸ ਕੱਢਣ ਵਾਲੇ ਅਕਾਲੀ ਨੇਤਾਵਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਖੁਰਾਕ ਮੰਤਰੀ, ਜਿਨ੍ਹਾਂ ਦਾ ਪਿਛੋਕੜ ਕਾਗਰਸੀ ਹੈ, ਦੇ ਦਿਮਾਗ ਤੇ ਖੂਨ ‘ਚੋਂ ਅਜੇ ਤਕ ਕਾਂਗਰਸ ਨਹੀਂ ਨਿਕਲੀ। ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਤ 60 ਦੇ ਕਰੀਬ ਆਗੂਆਂ ਦੀ ਮੌਜੂਦਗੀ ‘ਚ ਮੁੱਖ ਮੰਤਰੀ ਦੇ ਜਵਾਈ ਖ਼ਿਲਾਫ਼ ਖੁੱਲ੍ਹੇਆਮ ਹੋਏ ਭੰਡੀ ਪ੍ਰਚਾਰ ਕਾਰਨ ਸਾਰੇ ਦੰਗ ਰਹਿ ਗਏ। ਇਸ ਕਾਰਨ ਸ੍ਰੀ ਕੈਰੋਂ ਦੀ ਆਪਣੇ ਹੀ ਰਿਸ਼ਤੇਦਾਰ ਦੇ ਘਰ ਹਾਲਤ ਕਸੂਤੀ ਬਣ ਗਈ ਸੀ। ਉਨ੍ਹਾਂ ਦੇ ਬਚਾਅ ਲਈ ਕੋਈ ਵੀ ਪਾਰਟੀ ਆਗੂ ਮੈਦਾਨ ‘ਚ ਨਾ ਆਇਆ। ਸੂਤਰਾਂ ਮੁਤਾਬਕ ਨੀਲੇ ਕਾਰਡਾਂ ਅਤੇ ਹੋਰ ਮੁੱਦਿਆਂ ਕਰਕੇ ਅਕਾਲੀ ਆਗੂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨਾਲ ਨਾਰਾਜ਼ ਦੱਸੇ ਜਾ ਰਹੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਕੈਰੋਂ ਕਿਸੇ ਵੀ ਅਕਾਲੀ ਨੇਤਾ ਦੀ ਪ੍ਰਵਾਹ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਕੈਰੋਂ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਕਈ ਵਾਰ ਸੁਖਬੀਰ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਵੀ ਆਢਾ ਲੈਂਦੇ ਹਨ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਨੂੰ ਆਮ ਆਦਮੀ ਪਾਰਟੀ (ਆਪ) ਦੇ ਟਾਕਰੇ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਟੱਕਰ ‘ਆਪ’ ਨਾਲ ਹੀ ਹੋਣੀ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ‘ਆਪ’ ਵਾਂਗ ਹੀ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਲਈ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਮੈਨੂੰ ਅਕਾਲੀ ਹੋਣ ‘ਤੇ ਮਾਣ ਹੈ’ ਨਾਅਰੇ ਵਾਲੇ ਸਟਿੱਕਰ ਤਿਆਰ ਕਰਾਏ ਗਏ ਹਨ, ਜਿਨ੍ਹਾਂ ਨੂੰ ਪਿੰਡਾਂ ਵਿੱਚ ਘਰਾਂ ਬਾਹਰ ਲਾਇਆ ਜਾਵੇ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਟਿੱਪਣੀ ਤੋਂ ਨਾਂਹ
ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਪ ਮੁੱਖ ਮੰਤਰੀ ਦੇ ਘਰ ਹੋਈ ਬਦਕਲਾਮੀ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘ਮੇਰੇ ਖ਼ਿਲਾਫ਼ ਬੋਲਣ ਵਾਲੇ ਅਕਾਲੀ ਆਗੂਆਂ ਤੋਂ ਹੀ ਪੁੱਛਿਆ ਜਾਵੇ ਤਾਂ ਬਿਹਤਰ ਹੋਵੇਗਾ।’
ਕੈਰੋਂ ਦੀ ਸ਼ਾਨ ਖ਼ਿਲਾਫ਼ ਕੁੱਝ ਨਹੀਂ ਬੋਲਿਆ: ਵਲਟੋਹਾ
ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ‘ਮੈਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸ਼ਾਨ ਖ਼ਿਲਾਫ਼ ਕੁੱਝ ਨਹੀਂ ਬੋਲਿਆ ਪਰ ਕੁੱਝ ਮੁੱਦੇ ਸਨ ਜਿਨ੍ਹਾਂ ਬਾਰੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਪਾਰਟੀ ਆਗੂਆਂ ਦੀਆਂ ਦੀ ਭਾਵਨਾਵਾਂ ਬਾਰੇ ਜਾਣੂ ਕਰਵਾਇਆ ਗਿਆ ਹੈ।’
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …