ਕਿਹਾ : ਸਿੱਧੂ ਮਹਿਲਾਵਾਂ ਨੂੰ 2000 ਰੁਪਏ ਮਹੀਨਾ ਦੇਣ ਲਈ ਕਿੱਥੋਂ ਲਿਆਉਣਗੇ ਪੈਸਾ
ਪਟਿਆਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਬੀਬੀਆਂ ਲਈ ਕੀਤੇ ਗਏ ਐਲਾਨਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਬੀਬੀਆਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਤਾਂ ਉਦੋਂ ਸਾਰੇ ਕਾਂਗਰਸੀ ਪੁੱਛ ਰਹੇ ਸਨ ਕਿ ਉਹ ਬੀਬੀਆਂ ਨੂੰ ਦੇਣ ਲਈ ਪੈਸਾ ਕਿੱਥੋਂ ਲਿਆਉਣਗੇ। ਪ੍ਰੰਤੂ ਹੁਣ ਕਾਂਗਰਸ ਪ੍ਰਧਾਨ ਖੁਦ ਬੀਬੀਆਂ ਨੂੰ 2000 ਹਜ਼ਾਰ ਰੁਪਏ ਦੇਣ ਦੀ ਗੱਲ ਕਰਨ ਲੱਗੇ ਹਨ। ਭਗਵੰਤ ਮਾਨ ਨੇ ਸਿੱਧੂ ਨੂੰ ਪੁੱਛਿਆ ਕਿ ਹੁਣ ਸਿੱਧੂ ਕੋਲ ਕਿਹੜੀ ਨੋਟ ਛਾਪਣ ਵਾਲੀ ਮਸ਼ੀਨ ਆ ਗਈ ਹੈ, ਜਿਹੜਾ ਉਨ੍ਹਾਂ ਨੇ ਬੀਬੀਆਂ ਨੂੰ ਪੈਸੇ ਦੇਣ ਵਾਲਾ ਐਲਾਨ ਕੀਤਾ ਹੈ। ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਗਾਉਣ ਵਾਲਿਆਂ ਤੋਂ ਹਿਸਾਬ ਲਿਆ ਜਾਵੇਗਾ। ਆਪ ਦੀ ਸਰਕਾਰ ਬਣਨ ’ਤੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਇਸ ਪੈਸੇ ਨਾਲ ਅਧਿਆਪਕਾਂ, ਡਾਕਟਰਾਂ, ਕਰੋਨਾ ਯੋਧਿਆਂ ਅਤੇ ਹੋਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਪੰਜਾਬ ਭਰ ’ਚ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ ਦੇ ਬੋਰਡ ਤਾਂ ਲਗਵਾ ਦਿੱਤੇ ਹਨ ਪ੍ਰੰਤੂ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਫਾਈਲ ’ਤੇ ਰਾਜਪਾਲ ਨੇ ਹਾਲੇ ਤੱਕ ਦਸਤਖ਼ਤ ਹੀ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮ ਪੱਕੇ ਹੀ ਨਹੀਂ ਹੋਏ ਤਾਂ ਬੋਰਡ ਕਿਉਂ ਲਗਵਾਏ ਗਏ।