ਰੂਪਨਗਰ/ਬਿਊਰੋ ਨਿਊਜ਼
ਪਿਛਲੇ ਦਿਨੀਂ ਰੂਪਨਗਰ ਨੇੜੇ ਅੰਗਹੀਣ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨਾਲ ਬਦਸਲੂਕੀ ਕਰਨ ਅਤੇ ਬੱਸ ਵਿਚੋਂ ਧੱਕੇ ਨਾਲ ਰਸਤੇ ਵਿਚ ਲਾਹੁਣ ਵਾਲੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਨੇ ਆਪਣੀ ਗਲਤੀ ਮੰਨਦਿਆਂ ਲਿਖਤੀ ਮੁਆਫ਼ੀ ਮੰਗ ਲਈ ਹੈ।
ਐਸ.ਐਸ.ਪੀ. ਦਫ਼ਤਰ ਰੂਪਨਗਰ ਵਿਚ ਪਹੁੰਚੇ ਆਰਬਿਟ ਬੱਸ ਕੰਪਨੀ ਦੇ ਕੰਡਕਟਰ ਹਰਦੀਪ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਝੂੰਬਾ, ਜ਼ਿਲ੍ਹਾ ਬਠਿੰਡਾ ਨੇ ਪੱਤਰਕਾਰਾਂ ਦੀ ਹਾਜ਼ਰੀ ਵਿਚ ਮੰਨਿਆ ਕਿ ਉਸ ਨੇ ਅੰਗਹੀਣ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨਾਲ ਬੱਸ ਵਿਚ ਬਦਸਲੂਕੀ ਕੀਤੀ ਸੀ ਪਰ ਨਾਲ ਹੀ ਉਸ ਨੇ ਆਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ ਹੈ। ਉਸ ਨੇ ਲਿਖਤੀ ਮੁਆਫ਼ੀਨਾਮੇ ਵਿਚ ਵਾਅਦਾ ਕੀਤਾ ਕਿ ਉਹ ਭਵਿੱਖ ਵਿਚ ਕਦੇ ਵੀ ਅਜਿਹੀ ਗਲਤੀ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਤਲਵਿੰਦਰ ਸਿੰਘ ਬੁੱਟਰ ਨੂੰ ਆਰਬਿਟ ਬੱਸ ਵਿਚੋਂ ਕੰਡਕਟਰ ਨੇ ਰੂਪਨਗਰ ਨੇੜੇ ਰੰਗੀਲਪੁਰ ਕੋਲ ਬਦਸਲੂਕੀ ਕਰਦਿਆਂ ਇਸ ਕਰਕੇ ਉਤਾਰ ਦਿੱਤਾ ਸੀ ਕਿ ਸਰਕਾਰ ਵਲੋਂ ਬਣੇ ਅੰਗਹੀਣ ਬੱਸ ਪਾਸ ਦੇ ਆਧਾਰ ‘ਤੇ ਪੱਤਰਕਾਰ ਬੁੱਟਰ ਨੇ ਕੰਡਕਟਰ ਕੋਲੋਂ ਰੂਪਨਗਰ ਤੋਂ ਪਟਿਆਲਾ ਲਈ ਅੱਧੀ ਟਿਕਟ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਤਲਵਿੰਦਰ ਸਿੰਘ ਬੁੱਟਰ ਨੇ ਐਸ.ਐਸ.ਪੀ. ਰੂਪਨਗਰ ਕੋਲ ਕੰਡਕਟਰ ਦੇ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਉਨ੍ਹਾਂ ਨੇ ਮਾਮਲਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਵੀ ਲਿਆਂਦਾ ਸੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …