ਬਰੈਂਪਟਨ/ਬਿਊਰੋ ਨਿਊਜ਼
ਇੱਥੋਂ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਹੋਰ ਸਮੁਦਾਇਕ ਅਤੇ ਸਿਹਤ ਪ੍ਰਣਾਲੀ ਨਾਲ ਸਬੰਧਿਤ ਆਗੂਆਂ ਨੇ ਇਸ ਸਾਲ ਫਲੂ ਖਿਲਾਫ਼ ਕਮਰਕਸੀ ਕਰਦੇ ਹੋਏ ਇਸ ਤੋਂ ਬਚਾਅ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਮੇਅਰ ਸਮੇਤ ਹੋਰ ਆਗੂ ਜਿਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ.ਬਰੈਂਡਨ ਕਰ ਅਤੇ ਸੈਂਟਰਲ ਵੈਸਟ ਲੋਕਲ ਹੈਲਥ ਇੰਟੈਗਰੇਸ਼ਨ ਨੈੱਟਵਰਕ (ਐੱਲਐੱਚਆਈਐੱਨ) ਦੇ ਸੀਈਓ ਸਕੌਟ ਮੈਡਲੀਓਡ ਨੇ ਫਲੂ ਰੋਕਥਾਮ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਮੇਅਰ ਨੇ ਕਿਹਾ ਕਿ ਸਾਰਿਆਂ ਨੇ ਰਲ ਮਿਲ ਕੇ ਇਸਨੂੰ ਅੱਗੇ ਸਕੂਲਾਂ, ਕਾਰਜ ਸਥਾਨਾਂ ਅਤੇ ਲੋਕਾਂ ਵਿੱਚ ਫੈਲਣ ਤੋਂ ਰੋਕਣ ਵਿੱਚ ਮਦਦ ਕਰਨੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਕੈਨੇਡਾ ਵਿੱਚ ਫਲੂ ਨਾਲ ਪੀੜਤ 12 ਹਜ਼ਾਰ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ ਜਿਨ੍ਹਾਂ ਵਿੱਚੋਂ 3500 ਦੇ ਕਰੀਬ ਮੌਤਾਂ ਹੋ ਜਾਂਦੀਆਂ ਹਨ। ਨਵਜਾਤ ਅਤੇ ਪੰਜ ਸਾਲਾਂ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਪਾਰ ਕਰ ਚੁੱਕੇ ਬਜ਼ੁਰਗ ਇਸਦੀ ਲਪੇਟ ਵਿੱਚ ਜ਼ਿਆਦਾ ਆਉਂਦੇ ਹਨ।
ਡਾ. ਬਰੈਂਡਨ ਨੇ ਕਿਹਾ ਕਿ ਫਲੂ ਹਰ ਸਾਲ ਮਰੀਜ਼ ਦੀ ਦੇਖਭਾਲ ਕਰਨ ਵਾਲਿਆਂ ਅਤੇ ਦੂਜੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਜਿਸ ਦਾ ਕਾਰਗਰ ਇਲਾਜ ਫਲੂ ਸ਼ੌਟ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਹਰ ਸਾਲ ਛੁੱਟੀਆਂ ਦੇ ਦਿਨਾਂ ਵਿੱਚ ਸਾਰੇ ਸਥਾਨਕ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਪ੍ਰਵਾਹ ਤੇਜ਼ ਹੁੰਦਾ ਹੈ ਜਿਸ ਨਾਲ ਆਮ ਸਿਹਤ ਸੰਭਾਲ ਪ੍ਰਣਾਲੀ ‘ਤੇ ਵੀ ਦਬਾਅ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰੋਕਥਾਮ ਸਿਹਤ ਨਿਵਾਰਣ ਜਿਵੇਂ ਕਿ ਟੀਕਾਕਰਨ ਅਤੇ ਫਲੂ ਸ਼ੌਟ ਨਾ ਸਿਰਫ਼ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਫਾਇਦੇਮੰਦ ਹਨ ਬਲਕਿ ਇਨ੍ਹਾਂ ਨਾਲ ਮਰੀਜ਼ਾਂ ਦੀ ਸੰਖਿਆ ਘਟਾ ਕੇ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ‘ਤੇ ਗੈਰਜ਼ਰੂਰੀ ਬੋਝ ਨੂੰ ਟਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਇਸ ਦੇ ਖਤਰੇ ਨੂੰ ਦੇਖਦੇ ਹੋਏ ਬਰੈਂਪਟਨ ਅਤੇ ਇਸਦੇ ਆਸ ਪਾਸ ਦੇ ਖੇਤਰਾਂ ਦੇ ਨਿਵਾਸੀਆਂ ਨੂੰ ਇਸਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …