ਪ੍ਰਿੰਸੀਪਲ ਪਾਖਰ ਸਿੰਘ ਡਰੋਲੀ
ਪੰਜਾਬ ਦੀ ਪਵਿੱਤਰ ਧਰਤ ਨੂੰ ਸ਼ਹੀਦਾਂ, ਜੁਝਾਰੂਆਂ, ਸਿਰ-ਲੱਥ ਯੋਧਿਆਂ ਤੇ ਅਣਖੀਲੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੋਂ ਦੇ ਜਾਂਬਾਜ ਬਹਾਦਰ ਸਪੂਤਾਂ ਨੇ ਸੁਤੰਤਰਤਾ, ਹੱਕ, ਸੱਚ, ਨਿਆਂ ਅਤੇ ਧਰਮ ਖਾਤਰ ਹੱਸ-ਹੱਸ ਕੇ ਜਾਨਾਂ ਕੁਰਬਾਨ ਕੀਤੀਆਂ। ਆਫਰੀਨ ਇਹਨਾਂ ਯੋਧਿਆਂ ਦੇ ਜਿਹਨਾਂ ਐਸ਼ੋ-ਇਸ਼ਰਤ ਤੇ ਸੁੱਖ ਸੁਵਿਧਾਵਾਂ ਨੂੰ ਅਲਵਿਦਾ ਕਹਿ ਕੇ ਦੇਸ਼ ਕੌਮ ਦੀ ਆਨ ਸ਼ਾਨ ਖਾਤਰ ਆਪਾ ਵਾਰਿਆ ਅਤੇ ਤਸੀਹਿਆਂ ਨੂੰ ਖਿੜ੍ਹੇ-ਮਿੱਥੇ ਹੰਢਾਇਆ। ਜਲੰਧਰ-ਪਠਾਨਕੋਟ ਹਾਈਵੇ ਤੇ ਜਲੰਧਰ ਤੋਂ 20 ਕਿਲੋਮੀਟਰ ਦੇ ਫਾਸਲੇ ਤੇ ਇੱਕ ਘੁੱਗ ਵਸਦਾ ਪਿੰਡ ਸੰਘਵਾਲ ਹੈ। ਇੱਥੋਂ ਦੇ ਗਦਰੀ ਬਾਬੇ ਬੰਤਾ ਸਿੰਘ ਨੇ ਗਦਰ ਲਹਿਰ ਵਿੱਚ ਸ਼ਾਮਲ ਹੋ ਕੇ ਦੇਸ਼ ਭਗਤੀ ਦੀ ਭਾਵਨਾ ਅਧੀਨ ਆਪਾ ਵਾਰਿਆ। ਜਲੰਧਰ ਸ਼ਹਿਰ ਕੇ ਐਮ ਵੀ ਕਾਲਜ ਤੋਂ ਥੋੜੇ ਗਜ਼ਾਂ ਦੇ ਫੈਸਲੇ ਤੇ ਗਦਰੀ ਬਾਬਾ ਬੰਤਾ ਸਿੰਘ ਦਾ ਬੁੱਤ ਲੱਗਿਆ ਹੋਇਆ ਹੈ। ਇਹਨਾਂ ਦੇ ਨਾਂ ਤੇ ਚੌਂਕ ਅਤੇ ਹਾਈਵੇ ਦਾ ਨਾਂ ਰੱਖਿਆ ਗਿਆ ਹੈ। ਸੰਘਵਾਲ ਪਿੰਡ ਦੀ ਅਣਖੀਲੀ ਕੁੱਖ ਨੇ ਸਰਦਾਰ ਬੰਤਾ ਸਿੰਘ ਨੂੰ 1890 ਈਸਵੀ ਨੂੰ ਜਨਮ ਦਿੱਤਾ ਜਿਸਨੇ ਫਾਂਸੀ ਦੇ ਰੱਸੇ ਨੂੰ ਫੁੱਲਮਾਲਾ ਸਮਝ ਕੇ ਆਪਣੇ ਗਲੇ ਦਾ ਸ਼ੰਗਾਰ ਬਣਾਇਆ। ਕੁਰਬਾਨੀ ਦੇ ਮੁਜੱਸਮਾਂ, ਸਰਦਾਰ ਬੂਟਾ ਸਿੰਘ ਦੇ ਗ੍ਰਹਿ, ਖਾਂਦੇ ਪੀਂਦੇ ਪਰਿਵਾਰ ਵਿੱਚ 1890 ਵਿੱਚ ਪੈਦਾ ਹੋਇਆ। ਆਪ ਦਾ ਪਿਤਾ ਅਗਾਰਗਾਮੀਂ ਵਿਚਾਰਾਂ ਦਾ ਮਾਲਕ ਤੇ ਦਰਦ ਵੰਡਾਉਣਾ ਆਪਣਾ ਪ੍ਰਥਮ ਫਰਜ਼ ਸਮਝਦਾ ਸੀ ਕਿਉਂ ਕਿ ਲੋਕ ਪਿਆਰ ਅਤੇ ਦੇਸ਼ ਪਿਆਰ ਬੰਤਾ ਸਿੰਘ ਨੂੰ ਵਿਰਸੇ ਵਿੱਚ ਮਿਲਿਆ। ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਕੇ ਆਪ ਅੰਦਰ ਵਿਦੇਸ਼ ਜਾਣ ਦੀ ਭਾਵਨਾ ਪ੍ਰਬਲ ਹੋ ਗਈ। ਆਪ ਦੇ ਪਿਤਾ ਨੇ ਆਪ ਦੇ ਰਾਹ ਵਿੱਚ ਕੋਈ ਰੁਕਾਵਟ ਖੜ੍ਹੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਆਪਣੇਂ ਲਾਡਲੇ ਪੁੱਤਰ ਨੂੰ ਸਿੰਗਾਪੁਰ ਭੇਜ ਦਿੱਤਾ। ਸਿੰਗਾਪੁਰ ਜਾ ਕੇ ਆਪ ਨੇ ਦੇਖਿਆ ਕਿ ਉੱਥੇ ਪੰਜਾਬੀ ਮਾਇਕ ਔਕੜਾਂ ਵਿੱਚ ਫਸੇ ਹੋਏ ਸਨ। ਆਪ ਨੇ ਪੈਸੇ ਖਰਚ ਕਰ ਕੇ ਉਹਨਾਂ ਨੂੰ ਵਾਪਿਸ ਪੰਜਾਬ ਭੇਜਿਆ ਅਤੇ ਆਪ ਨੇ ਅਮਰੀਕਾ ਵੱਲ ਚਾਲੇ ਪਾ ਦਿੱਤੇ। ਆਪ ਏਨੇ ਦਰਦਪਸੰਦ ਸਨ ਕਿ ਆਪ ਨੇ ਇੱਕ ਪੰਜਾਬੀ ਪਿਆਰੇ ਲਾਲ ਨੂੰ ਹਵਾਈ ਜਹਾਜ਼ ਦਾ ਟਿਕਟ ਖਰੀਦ ਕੇ ਅਮਰੀਕਾ ਵਿੱਚ ਭੇਜ ਦਿੱਤਾ ਤੇ ਆਪ ਹਾਂਗਕਾਂਗ ਵਿੱਚ ਲੜਕਿਆਂ ਨੂੰ ਪੜ੍ਹਾਉਣ ਲੱਗ ਪਏ। ਥੋੜ੍ਹੇ ਸਮੇਂ ਬਾਅਦ ਆਪਦੇ ਪਿਤਾ ਨੇ ਮਾਇਕ ਮੱਦਦ ਕਰਕੇ ਕੈਨੇਡਾ ਭੇਜ ਦਿੱਤਾ।
ਕੈਨੇਡਾ ਵਿੱਚ ਆਪ ਨੇ ਪ੍ਰਸਿੱਧ ਗਦਰੀ ਬਾਬੇ ਹਰਦਿਆਲ ਸਿੰਘ ਨਾਲ ਕੰਮ ਕੀਤਾ। ਲਾਲਾ ਹਰਦਿਆਲ ਦੇ ਇਨਕਲਾਬੀ ਵਿਚਾਰਾਂ ਦਾ ਆਪ ‘ਤੇ ਬਹੁਤ ਅਸਰ ਹੋਇਆ ਅਤੇ ਆਪ ਦੇ ਦਿਲ ਵਿੱਚ ਦੇਸ਼ ਦੀ ਅਜ਼ਾਦੀ ਲਈ ਭਾਂਬੜ ਮਚਣ ਲੱਗੇ। ਇਹਨਾਂ ਦਿਨਾਂ ਵਿੱਚ ਯੂਰਪ ਅੰਦਰ ਪਹਿਲੀ ਵਿਸ਼ਵ ਜੰਗ ਦੇ ਅਸਰ ਦਿਸਣੇ ਸ਼ੁਰੂ ਹੋ ਗਏ ਸਨ। ਆਪ ਨੇ ਸੋਚਿਆ ਕਿ ਭਾਰਤੀ ਸੈਨਾ ਵਿੱਚ ਬਗਾਵਤ ਪੈਦਾ ਕਰਨ ਦਾ ਹੁਣ ਯੋਗ ਸਮਾਂ ਹੈ। ਇਹ ਸੋਚ ਕੇ ਆਪ ਕੁੱਝ ਸਾਥੀਆਂ ਦੇ ਮਨ੍ਹਾਂ ਕਰਨ ਤੇઠ ਬਾਵਜੂਦ ਪਿੰਡ ਵਾਪਸ ਆ ਗਏ। ਪਿੰਡ ਪਹੁੰਚਦਿਆਂ ਸੰਘਵਾਲ ਪਿੰਡ ਬਗਾਵਤ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਬਣ ਗਿਆ। ਇਸ ਪਿੰਡ ਵਿੱਚ ਹੀ ਪ੍ਰਸਿੱਧ ਗਦਰੀ ਬਾਬੇ ਜਿਵੇਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਸਰਦਾਰ ਮੁਨਸ਼ਾ ਸਿੰਘ ਤੇ ਹੋਰ ਦੇਸ਼ ਦੀ ਅਜ਼ਾਦੀ ਦੀ ਸ਼ਮਾਂ ਦੇ ਪਰਵਾਨੇਂ ਦੇਸ਼ ਦੀ ਅਜ਼ਾਦੀ ਬਾਰੇ ਯੋਜਨਾਵਾਂ ਉਲੀਕਦੇ ਰਹੇ। ਇਹਨਾਂ ਸਰਗਰਮੀਆਂ ਦੀ ਸਰਕਾਰ ਨੂੰ ਸੂਹ ਲੱਗ ਗਈ ਤੇ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਪਿੰਡ ਤਿੱਖੇ ਕੰਡੇ ਵਾਂਗ ਚੁੱਭਣ ਲੱਗਾ। ਇੱਥੇ ਰਹਿ ਕੇ ਆਪ ਨੇ ਆਪਣੇ ਕੁੱਝ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਮਿੱਥੇ ਪ੍ਰੋਗਰਾਮ ਨੂੰ ਪ੍ਰੈਕਟੀਕਲ ਰੂਪ ਦਿੱਤਾ। ਸੂਰਾਨਸੀ ਰੇਲਵੇ ਸਟੇਸ਼ਨ ਦੇ ਨੇੜੇ ਰੇਲ ਦੀ ਪਟੜੀ ਪੁੱਟ ਦਿੱਤੀ, ਤਾਰਾਂ ਕੱਟ ਦਿੱਤੀਆਂ। ਅਲਾਵਲਪੁਰ ਵਿੱਚ ਇੱਕ ਡਾਕਾ ਮਾਰਿਆ ਤੇ ਰੂਪੋਸ਼ ਹੋ ਗਏ। ਪਤਾ ਲੱਗਣ ਤੇ ਇਹਨਾਂ ਹਿੰਸਕ ਕਾਰਵਾਈਆਂ ਦੇ ਦੋਸ਼ ਵਿੱਚ ਆਪ ਦੇ ਪਿਤਾ ਬੂਟਾ ਸਿੰਘ, ਭਰਾ ਸੰਤਾ ਸਿੰਘ ਤੇ ਕੁੱਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁੱਝ ਪੁੱਛਗਿਛ ਉਪਰੰਤ ਆਪ ਦੇ ਪਿਤਾ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਭਰਾ ਸੰਤਾ ਸਿੰਘ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਫੜੇ ਸਾਥੀਆਂ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ। ਸਰਦਾਰ ਬੰਤਾ ਸਿੰਘ ਦੇ ਘਰ ਦਾ ਸਾਰਾ ਸਮਾਨ ਨਿਲਾਮ ਕਰ ਦਿੱਤਾ ਗਿਆ। ਵੱਖਰੀ ਗੱਲ ਇਹ ਹੋਈ ਕਿ ਮੁਖਬਰ ਨੰਬਰਦਾਰ ਤੋਂ ਬਿਨਾਂ ਪਿੰਡ ਦੇ ਕਿਸੇ ਆਦਮੀਂ ਨੂੰ ਬੋਲੀ ਦੇਣ ਦੀ ਜੁਰਅਤ ਨਾਂ ਹੋਈ। ਮਫਰੂਰੀ ਦੀ ਗੱਲ ਵਿੱਚ ਆਪ ਨੇ ਕਈ ਟੋਡੀਆਂ ਤੇ ਮੁਖਬਰਾਂ ਨੂੰ ਸੋਧਿਆ। ਜੈਲਦਾਰ ਚੰਨਣ ਸਿੰਘ ਨੇ ਬੰਤਾ ਸਿੰਘ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰਵਾ ਕੇ ਜ਼ੈਲਦਾਰੀ ਪ੍ਰਾਪਤ ਕੀਤੀ। ਬੰਤਾ ਸਿੰਘ ਨੇ ਜੈਲਦਾਰ ਦੇ ਘਰ ਜਾ ਕੇ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ।
ਇੱਥੇ ਇੱਕ ਦਿਲਚਸਪ ਪੁਲਿਸ ਨਾਲ ਟੱਕਰ ਦੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਆਪ ਆਪਣੇ ਇੱਕ ਸਾਥੀ ਕਿਸੇ ਸੱਜਣ ਨਾਲ ਕਿਸੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਲਾਹੌਰੀ ਦਰਵਾਜਿਉਂ ਟਾਂਗੇ ਵਿੱਚ ਬੈਠ ਕੇ ਜਾ ਰਹੇ ਸਨ। ਸਫੈਦ ਕੱਪੜਿਆਂ ਵਿੱਚ ਦੋ ਪੁਲਿਸ ਅਫਸਰ, ਜੋ ਆਪ ਦਾ ਪਿੱਛਾ ਕਰ ਰਹੇ ਸਨ, ਆਪ ਨਾਲ ਟਾਂਗੇ ਵਿੱਚ ਬੈਠ ਗਏ ਤੇ ਅਨਾਰਕਲੀ ਪੁੱਜ ਕੇ ਇਹਨਾਂ ਦੇਸ਼ ਭਗਤ ਸੂਰਮਿਆਂ ਦੀ ਤਲਾਸ਼ੀ ਲੈਣੀਂ ਚਾਹੀ। ਸਰਦਾਰ ਬੰਤਾ ਸਿੰਘ ਨੇ ਇੱਕਦਮ ਆਪਣੀਂ ਪਿਸਤੌਲ ਕੱਢ ਕੇ ਇੱਕ ਪੁਲਸੀਏ ਨੂੰ ਥਾਂ ‘ਤੇ ਢੇਰੀ ਕਰ ਦਿੱਤਾ ਅਤੇ ਦੂਜਾ ਭੱਜ ਨਿਕਲਿਆ। ਆਪ ਵੀ ਆਪਣੇ ਸਾਥੀ ਨੂੰ ਲੈ ਕੇ ਦੌੜ ਗਏ। ਸੱਜਣ ਸਿੰਘ ਨੂੰ ਪੁਲਿਸ ਨੇ ਫੜ ਲਿਆ ਪ੍ਰੰਤੂ ਬੰਤਾ ਸਿੰਘ ਮੁਗਲਪੁਰੇ ਤੋਂ ਗੱਡੀ ਵਿੱਚ ਸਵਾਰ ਹੋ ਗਿਆ। ਪੁਲਿਸ ਪਿੱਛਾ ਕਰਦੀ ਰਹੀ। ਜਦੋਂ ਗੱਡੀ ਦੀ ਰਫਤਾਰ ਤੇਜ਼ ਹੋ ਗਈ ਤਾਂ ਬੰਤਾ ਸਿੰਘ ਨੇਂ ਗੱਡੀ ‘ਚੋਂ ਛਾਲ ਮਾਰ ਦਿੱਤੀ ਤੇ ਪੁਲਿਸ ਦੇ ਘੇਰੇ ਵਿੱਚੋਂ ਬਚ ਨਿਕਲਿਆ।
ਇਸ ਘਟਨਾਂ ਤੋਂ ਬਾਅਦ ਆਪ ਆਪਣੇਂ ਪਿੰਡ ਸੰਘਵਾਲ ਪਹੁੰਚ ਗਏ ਤੇ ਕੁੱਝ ਸਾਥੀਆਂ ਨੂੰ ਨਾਲ ਲੈ ਕੇ ਮਾਨਵਾਲਾ ਪੁਲਿਸ ਚੌਂਕੀ ‘ਤੇ ਹਮਲਾ ਕਰ ਦਿੱਤਾ ਅਤੇ ਸਾਰਾ ਅਸਲਾ ਖੋਹ ਕੇ ਤਰਨਤਾਰਨ ਜਾ ਪੁੱਜੇ। ਉੱਥੇ ਕੁੱਝ ਗਦਰੀ ਬਾਬਿਆਂ ਨੂੰ ਮਿਲੇ ਤੇ ਸਾਥੀਆਂ ਨੂੰ ਸੁਨੇਹਾ ਭੇਜਿਆ ਕਿ ਭਾਰਤੀ ਫੋਜ ਵਿੱਚ ਬਗਾਵਤ ਕਰਵਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਯੋਗ ਕਾਰਵਾਈ ਕੀਤੀ ਜਾਵੇ ਅਤੇ ਸਰਗਰਮੀਆਂ ਤੇਜ਼ ਕੀਤੀਆਂ ਜਾਣ। ਇਉਂ ਕੁੱਝ ਸਮਾਂ ਜੰਗਲਾਂ ਬੇਲਿਆਂ ਵਿੱਚ ਘੁੰਮਦੇ ਘੁਮਾਉਂਦੇ ਵਾਪਸ ਪਿੰਡ ਆ ਗਏ।ਇੱਥੇ ਆਪ ਦੀ ਸਾਲੀ ਦਾ ਸਹੁਰਾ ਆਪ ਨੂੰ ਉਡੀਕਦਾ ਸੀ। ਉਸ ਨੇ ਬੜੇ ਪਿਆਰ ਨਾਲ ਗੱਲਾਂ ਬਾਤਾਂ ਕਰਕੇ ਆਪਣੇਂ ਜਾਲ ਵਿੱਚ ਫਸਾ ਲਿਆ। ਉਹ ਸਰਕਾਰੀ ਇਨਾਮ ਪ੍ਰਾਪਤ ਕਰਨ ਦੀ ਆਸ ਨਾਲ ਬੰਤਾ ਸਿੰਘ ਨੂੰ ਦਸ-ਦਿਲਾਸਾ ਦੇ ਕੇ ਆਪਣੇ ਪਿੰਡ ਲੈ ਗਿਆ ਤੇ 15 ਜੂਨ,1915 ਨੂੰ ਬੰਤਾ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਬਦਲੇ ਪ੍ਰਤਾਪ ਸਿੰਘ ਨੇ ਦੋ ਮੁਰੱਬੇ ਜਮੀਨ ਤੇ ਦੋ ਹਜਾਰ ਨਕਦ ਇਨਾਮ ਸਰਕਾਰ ਕੋਲੋਂ ਪ੍ਰਾਪਤ ਕਰ ਲਿਆ। ਗ੍ਰਿਫਤਾਰੀ ਉਪਰੰਤ ਆਪ ਤੇ ਕੇਸ ਚੱਲਿਆ ਤੇ ਮਾਰਸ਼ਲ ਲਾਅ ਐਕਟ ਅਧੀਨ ਸੈਂਟਰਲ ਜੇਲ੍ਹ ਲਾਹੌਰ ਵਿੱਚ ਮੁਕੱਦਮਾਂ ਚਲਾ ਕੇ ਜੁਲਾਈ ਵਿੱਚ ਆਪ ਨੂੰ ਸਜ਼ਾ ਸੁਣਾਈ ਗਈ। ਇਸ ਐਕਟ ਵਿੱਚ ਅਪੀਲ, ਵਕੀਲ ਤੇ ਦਲੀਲ ਦੀ ਕੋਈ ਗੁੰਜਾਇਸ਼ ਨਹੀਂ ਸੀ।
ਅੰਤ 12 ਅਗਸਤ 1915 ਨੂੰ ਆਪ ਹੱਸਦੇ-ਹੱਸਦੇ ਦੇਸ਼ ਲਈ ਕੁਰਬਾਨ ਹੋ ਗਏ। ਇਸ ਸਿਰਲੱਥ ਅਣਖੀ ਯੋਧੇ ਨੂੰ ਲੱਖ-ਲੱਖ ਪ੍ਰਣਾਮ। ਆਪ ਦਾ ਨਾਂ ਅਮਰ ਹੈ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਅਤੇ ਉਹਨਾਂ ਦੀ ਕੁਰਬਾਨੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।