4.8 C
Toronto
Thursday, October 16, 2025
spot_img
Homeਪੰਜਾਬਬਟਾਲਾ ਦੇ ਪਿੰਡ ਸਰਫਕੋਟ 'ਚ ਪੰਜ ਗੁਰਦੁਆਰਿਆਂ ਦੀ ਜਗ੍ਹਾ ਬਣਿਆ ਇੱਕ ਗੁਰਦੁਆਰਾ

ਬਟਾਲਾ ਦੇ ਪਿੰਡ ਸਰਫਕੋਟ ‘ਚ ਪੰਜ ਗੁਰਦੁਆਰਿਆਂ ਦੀ ਜਗ੍ਹਾ ਬਣਿਆ ਇੱਕ ਗੁਰਦੁਆਰਾ

ਬਟਾਲਾ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਕਸਬਾ ਬਟਾਲਾ ਦੇ ਪਿੰਡ ਸਰਫਕੋਟ ਵਿਖੇ ਪੰਜ ਗੁਰਦੁਆਰਿਆਂ ਨੂੰ ਇੱਕ ਗੁਰਦੁਆਰੇ ਵਿਚ ਸੁਸ਼ੋਭਿਤ ਕਰਨ ਲਈ ਲਏ ਗਏ ਫ਼ੈਸਲੇ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਇਲਾਕੇ ਦੀ ਸਮੂਹ ਸੰਗਤ ਤੇ ਨੌਜਵਾਨ ਭਲਾਈ ਸਭਾ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਇਸ ਨਗਰ ਕੀਰਤਨ ਵਿੱਚ ਪਿੰਡ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਰੱਖ ਕੇ ਨਵ ਨਿਰਮਾਣ ਗੁਰਦੁਆਰਾ ਸੰਗਤਸਰ ਵਿਖੇ ਸੁਸ਼ੋਭਿਤ ਕੀਤਾ ਗਿਆ।
ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਢਾਡੀ ਕਥਾ ਵਾਚਕ ਤੇ ਸ਼ਬਦੀ ਜਥਿਆਂ ਨੇ ਧੁਰ ਕੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗ਼ੌਰਤਲਬ ਹੈ ਕਿ ਫਤਿਹਗੜ੍ਹ ਚੂੜੀਆਂ ਅਧੀਨ ਪੈਂਦਾ ਸਰਫ਼ਕੋਟ ਇੱਕ ਛੋਟਾ ਜਿਹਾ ਪਿੰਡ ਹੈ, ਪਰ ਇਸ ਦੇ ਬਾਵਜੂਦ ਉਥੇ ਪੰਜ ਗੁਰਦੁਆਰੇ ਸਨ। ਅਜਿਹੇ ਵਿੱਚ ਪਿੰਡ ਵਿੱਚ ਬਣੀ ਨੌਜਵਾਨ ਭਲਾਈ ਸਭਾ ਨੇ ਸਮਾਜ ਨੂੰ ਸੇਧ ਦਿੰਦਿਆਂ ਸਮੂਹ ਗੁਰਦੁਆਰਿਆਂ ਦਾ ਇੱਕ ਗੁਰਦੁਆਰਾ ਬਣਾ ਕੇ ਪਹਿਲਾਂ ਸਥਾਪਤ ਹਰੇਕ ਕਮੇਟੀ ਦੇ 2-2 ਮੈਂਬਰ ਲੈ ਕੇ 10 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਸੌਂਪੀ ਹੈ।
ਸਮੁੱਚੇ ਕਾਰਜ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਪਿੰਡ ਦੇ ਸਾਬਕਾ ਸਰਪੰਚ ਤੇ ਕਥਾਵਾਚਕ ਭਾਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਐਨਆਰਆਈਜ਼, ਨੌਜਵਾਨ ਭਲਾਈ ਸਭਾ, ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਫੈਸਲੇ ਨਾਲ ਇਹ ਸੰਦੇਸ਼ ਦਿੱਤਾ ਗਿਆ ਕਿ ਜਾਤ ਪਾਤ ਤੇ ਮਤਭੇਦਾਂ ਨੂੰ ਠੱਲ੍ਹ ਪਵੇਗੀ ਤੇ ਪਿੰਡ ਵਿੱਚ ਆਪਸੀ ਪਿਆਰ ਵਧੇਗਾ। ਇਸ ਸਮੇਂ ਐਸਜੀਪੀਸੀ ਦੇ ਕਾਰਜਕਾਰੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਕਿਹਾ ਕਿ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ ਤਾਂ ਜੋ ਧਰਮ ਦੇ ਨਾਮ ‘ਤੇ ਸਿਆਸਤ ਨਾ ਹੋ ਸਕੇ। ਉਧਰ ਕਈ ਅਗਾਂਹਵਧੂ ਨੌਜਵਾਨਾਂ ਅਤੇ ਬੁੱਧੀਜੀਵੀਆਂ ਨੇ ਇਸੇ ਤਰਜ਼ ‘ਤੇ ਪਿੰਡਾਂ ਵਿੱਚ ਵੱਖ ਵੱਖ ਸ਼ਮਸ਼ਾਨਘਾਟਾਂ ਨੂੰ ਵੀ ਇੱਕੋ ਜਗ੍ਹਾ ਬਣਾਉਣ ‘ਤੇ ਜ਼ੋਰ ਦਿੱਤਾ।

RELATED ARTICLES
POPULAR POSTS