ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਦੀ ਪਹਿਲ; ਮੋਦੀ ਅਤੇ ਗਯੂਮ ਨੇ ਅੱਤਵਾਦ ਅਤੇ ਕੱਟੜਪੰਥੀਆਂ ਨਾਲ ਸਿੱਝਣ ਬਾਰੇ ਵੀ ਕੀਤੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਮਾਲਦੀਵ ਵਿਚਕਾਰ ਰੱਖਿਆ ਸਹਿਯੋਗ ਸਮੇਤ ਛੇ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਅਬਦੁੱਲ ਗਯੂਮ ਵਿਚਕਾਰ ਗੱਲਬਾਤ ਤੋਂ ਬਾਅਦ ਇਹ ਸਮਝੌਤੇ ਸਹੀਬੱਧ ਕੀਤੇ ਗਏ। ਵਾਰਤਾ ਦੌਰਾਨ ਦੋਹਾਂ ਆਗੂਆਂ ਵਿਚਾਲੇ ਅੱਤਵਾਦ ਅਤੇ ਕੱਟੜਵਾਦ ਨਾਲ ਸਿੱਝਣ ਦੇ ਨਵੇਂ ਰਾਹ ਤਲਾਸ਼ਣ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ।
ਭਾਰਤ ਨੇ ਮਾਲਦੀਵ ਨੂੰ ਭਰੋਸਾ ਦਿੱਤਾ ਕਿ ਉਹ ਖ਼ਿੱਤੇ ਵਿਚ ਉਸ ਦੇ ਰਣਨੀਤਕ ਹਿੱਤਾਂ ਦੀ ਰਾਖੀ ਕਰਨ ਲਈ ਤਿਆਰ ਹੈ ਅਤੇ ਜਲ ਖੇਤਰ ਤੇ ਹਥਿਆਰਬੰਦ ਬਲਾਂ ਦੀ ਭਰਤੀ ਸਬੰਧੀ ਹਰ ਸੰਭਵ ਸਹਾਇਤਾ ਦੇਵੇਗਾ। ਭਾਰਤ ਨੇ ਮਾਲਦੀਵ ਵਿਚ ਬੰਦਰਗਾਹਾਂ ਦੇ ਵਿਕਾਸ ਜਿਹੇ ਬੁਨਿਆਦੀ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਦਾ ਫ਼ੈਸਲਾ ਲਿਆ ਹੈ ਜਿਥੇ ਚੀਨ ਵੱਲੋਂ ਆਪਣੇ ਪੈਰ ਪਸਾਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਟੈਕਸ, ਸੈਰ ਸਪਾਟਾ, ਪੁਲਾੜ ਖੋਜ ਅਤੇ ਸਾਂਭ ਸੰਭਾਲ ਦੇ ਖੇਤਰ ਵਿਚ ਸਮਝੌਤੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਮੀਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਭਾਰਤ ਅਤੇ ਮਾਲਦੀਵ ਵਿਚਕਾਰ ਸਹਿਯੋਗ ਦੇ ਇਤਿਹਾਸ ‘ਚ ਅਹਿਮ ਦਿਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਹੱਦ ਪਾਰੋਂ ਅੱਤਵਾਦ ਦੇ ਖ਼ਤਰੇ, ਕੱਟੜਪੰਥੀਆਂ ਦੀ ਚੁਣੌਤੀ ਅਤੇ ਹਿੰਦ ਮਹਾਸਾਗਰ ਖ਼ਿੱਤੇ ਵਿਚ ਸੁਰੱਖਿਆ ਦੇ ਮਾਹੌਲ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਦੋਵੇਂ ਮੁਲਕਾਂ ਨੇ ਇਨ੍ਹਾਂ ਖੇਤਰਾਂ ਵਿਚ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟਾਈ ਹੈ। ਮੋਦੀ ਨੇ ਕਿਹਾ,”ਅਸੀਂ ਮਾਲਦੀਵ ਦੀਆਂ ਸੁਰੱਖਿਆ ਲੋੜਾਂ ਤੋਂ ਜਾਣੂੰ ਹਾਂ। ਰਾਸ਼ਟਰਪਤੀ ਯਾਮੀਨ ਨੇ ਸਾਡੇ ਰਣਨੀਤਕ ਅਤੇ ਸੁਰੱਖਿਆ ਹਿੱਤਾਂ ਦੀ ਸੰਜੀਦਗੀ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਭਾਰਤ-ਮਾਲਦੀਵ ਦੇ ਰਿਸ਼ਤੇ ਸਾਂਝੀ ਰਣਨੀਤੀ, ਸੁਰੱਖਿਆ, ਆਰਥਿਕ ਅਤੇ ਵਿਕਾਸ ਟੀਚਿਆਂ ‘ਤੇ ਆਧਾਰਿਤ ਹਨ।” ਉਨ੍ਹਾਂ ਕਿਹਾ ਕਿ ਸਥਿਰ ਅਤੇ ਸੁਰੱਖਿਅਤ ਮਾਲਦੀਵ ਭਾਰਤੀ ਰਣਨੀਤਕ ਹਿੱਤਾਂ ਲਈ ਲਾਜ਼ਮੀ ਹੈ ਅਤੇ ਉਨ੍ਹਾਂ ਨੂੰ ਮਿਲਦੀਆਂ ਚੁਣੌਤੀਆਂ ਤੋਂ ਭਾਰਤ ਚਿੰਤਤ ਹੈ। ਮੋਦੀ ਨੇ ਕਿਹਾ ਕਿ ਭਾਰਤ ਮਾਲਦੀਵ ਨੂੰ ‘ਆਈਹੈਵਨ’ ਪ੍ਰਾਜੈਕਟ ਵਿਚ ਭਾਈਵਾਲੀ ਕਰਨ ਲਈ ਤਿਆਰ ਹੈ। ਇਸ ਪ੍ਰਾਜੈਕਟ ਤਹਿਤ ਹਵਾਈ ਅੱਡੇ, ਹਾਰਬਰ, ਰੀਅਲ ਅਸਟੇਟ, ਸ਼ਾਪਿੰਗ ਮਾਲਜ਼ ਅਤੇ ਰਿਜ਼ੌਰਟਾਂ ਦੀ ਉਸਾਰੀ ਕੀਤੀ ਜਾਣੀ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …