ਕੇ.ਐੱਸ. ਚਾਵਲਾ
ਪੰਜਾਬ ਵਿੱਚ ਵੱਡੀ ਗਿਣਤੀ ‘ਚ ਡੇਰੇ ਹਨ ਜਿਨ੍ਹਾਂ ਦੀ ਆਪੋ-ਆਪਣੀ ਸਿਆਸੀ ਮਹੱਤਤਾ ਹੈ। ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਮੌਕੇ ਵੱਖ-ਵੱਖ ਪਾਰਟੀਆਂ ਦੇ ਮੁਖੀ ਇਨ੍ਹਾਂ ਡੇਰਿਆਂ ਦੇ ਵੋਟਾਂ ਰੂਪੀ ‘ਆਸ਼ੀਰਵਾਦ’ ਹਾਸਲ ਕਰਨ ਲਈ ਆਪਣੇ ਗੇੜੇ ਵਧਾ ਦਿੰਦੇ ਹਨ। ਇਨ੍ਹਾਂ ਡੇਰਿਆਂ ‘ਚੋਂ ਕੁਝ ਜਾਤਾਂ ਨਾਲ ਅਤੇ ਕੁਝ ਧਰਮਾਂ ਨਾਲ ਸਬੰਧਤ ਹਨ। ਕੁਝ ਡੇਰਿਆਂ ਦੇ ਵੱਡੀ ਗਿਣਤੀ ‘ਚ ਸ਼ਰਧਾਲੂ ਹਨ ਅਤੇ ਡੇਰੇ ਦੇ ਮੁਖੀ ਦਾ ਹੁਕਮ ਸਿਰ ਮੱਥੇ ਮੰਨਿਆ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਸਿਆਸੀ ਆਗੂਆਂ ਨੇ ਇੱਕ-ਦੂਜੇ ਨਾਲ ਮੁਕਾਬਲਾ ਕਰਦਿਆਂ ਇਨ੍ਹਾਂ ਡੇਰਿਆਂ ‘ਤੇ ਆਪਣੀ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੇ ਜਨਮ ਸਥਾਨ ਰੋਪੜ ਜ਼ਿਲ੍ਹੇ ‘ਚ ਪੈਂਦੇ ਪਿੰਡ ਬੁੰਗਾ ਸਾਹਿਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਕਰ ਦਿੱਤੀ। ਸਵਰਗੀ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਦੇ ਸੱਦੇ ‘ਤੇ ਆਏ ਸ੍ਰੀ ਕੇਜਰੀਵਾਲ ਨੂੰ ਦਲਿਤਾਂ ਨੂੰ ਭਰਮਾਉਣ ਦਾ ਇਹ ਚੰਗਾ ਮੌਕਾ ਲੱਭਿਆ। ਇਸੇ ਦਿਨ ਬਸਪਾ ਸੁਪਰੀਮੋ ਮਾਇਆਵਤੀ ਨੇ ਬਸਪਾ ਵਰਕਰਾਂ ਦੀ ਨਵਾਂ ਸ਼ਹਿਰ ‘ਚ ਕਾਨਫ਼ਰੰਸ ਕਰ ਕੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਵੀ ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਬਸਪਾ ਪੰਜਾਬ ‘ਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ।
ਬੁੰਗਾ ਸਾਹਿਬ ‘ਚ ਰੈਲੀ ਤੋਂ ਬਾਅਦ ਸ੍ਰੀ ਕੇਜਰੀਵਾਲ ਜਲੰਧਰ ਜ਼ਿਲ੍ਹੇ ‘ਚ ਪੈਂਦੇ ਪਿੰਡ ਬੱਲਾਂ ‘ਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਰੰਜਣ ਦਾਸ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਆਸ਼ੀਰਵਾਦ ਮੰਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦੌਰਾਨ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਪਰ ਹੁਣ ਜਦੋਂ ਉਨ੍ਹਾਂ ਨੂੰ ‘ਆਪ’ ਦੀ ਪੰਜਾਬ ‘ਚ ਝੰਡੀ ਦਿਖ ਰਹੀ ਹੈ ਤਾਂ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਨਾਲ ਮੁਲਾਕਾਤ ਕਰਨ ਤੋਂ ਮੂੰਹ ਨਹੀਂ ਮੋੜਿਆ ਕਿਉਂਕਿ ਇਹ ਡੇਰਾ ਰਵਿਦਾਸੀਏ ਦਲਿਤਾਂ ਦੀ ਨੁਮਾਇੰਦਗੀ ਕਰਦਾ ਹੈ। ਪੰਜਾਬ ‘ਚ ਦਲਿਤਾਂ ਦੀ ਸਭ ਤੋਂ ਵੱਧ 32 ਫ਼ੀਸਦੀ ਆਬਾਦੀ ਹੈ ਅਤੇ ਇਨ੍ਹਾਂ ‘ਚੋਂ ਵੱਡੀ ਗਿਣਤੀ ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਹੈ। ਰਵਿਦਾਸੀਆ ਅਤੇ ਹੋਰ ਦਲਿਤ ਭਾਈਚਾਰਿਆਂ ਦੀ ਬਹੁਤੀ ਆਬਾਦੀ ਦੁਆਬਾ ਖੇਤਰ ਵਿੱਚ ਵਸੀ ਹੋਈ ਹੈ। ਇਨ੍ਹਾਂ ਵਿੱਚੋਂ ਵੀ ਵੱਡੀ ਗਿਣਤੀ ‘ਚ ਲੋਕ ਵਿਦੇਸ਼ ਗਏ ਹੋਏ ਹਨ। ਉਨ੍ਹਾਂ ਉੱਥੇ ਵੀ ਆਪਣੇ ਗੁਰਦੁਆਰੇ ਬਣਾ ਲਏ ਹਨ।
ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ‘ਚੋਂ 23 ਵਿੱਚ ਦਲਿਤਾਂ ਦੇ ਵੋਟ ਅਹਿਮ ਹਨ ਅਤੇ ਕੋਈ ਵੀ ਸਿਆਸੀ ਪਾਰਟੀ ਡੇਰਾ ਬੱਲਾਂ ਨੂੰ ਅਣਗੌਲਿਆਂ ਕਰਨ ਦਾ ਜੋਖ਼ਿਮ ਨਹੀਂ ਉਠਾ ਸਕਦੀ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੀ ਹੁਣੇ ਜਿਹੇ ਦੋ ਵਾਰ ਡੇਰਾ ਬੱਲਾਂ ਦਾ ਦੌਰਾ ਕਰ ਚੁੱਕੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਡੇਰਾ ਬੱਲਾਂ ਦਾ ਆਸ਼ੀਰਵਾਦ ਲੈਣ ਦੀ ਤਾਂਘ ਰੱਖਦੇ ਹਨ।
ਪੰਜਾਬ ਦੇ ਵੱਡੇ ਡੇਰਿਆਂ ‘ਚੋਂ ਇੱਕ ਬਿਆਸ ਦਾ ਡੇਰਾ ਰਾਧਾਸਵਾਮੀ ਸਤਿਸੰਗ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਆਪਣੇ ਦੌਰੇ ਸਮੇਂ ਚੁੱਪ-ਚੁਪੀਤੇ ਬਿਆਸ ਡੇਰੇ ‘ਚ ਪੁੱਜ ਗਏ ਸਨ ਅਤੇ ਉਨ੍ਹਾਂ ਡੇਰਾ ਮੁਖੀ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਲਈ ਹਮਾਇਤ ਮੰਗੀ। ਬਿਆਸ ਡੇਰੇ ਨੇ ਕਿਸੇ ਵੀ ਵਿਵਾਦ ‘ਚ ਪੈਣ ਤੋਂ ਕਿਨਾਰਾ ਕੀਤਾ ਹੈ ਪਰ ਅੱਤਵਾਦ ਦੇ ਦੌਰ ਵੇਲੇ ਖਾੜਕੂਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ। ਉਂਜ, ਰਾਧਾਸਵਾਮੀ ਸਤਿਸੰਗ ਦੇ ਅਹੁਦੇਦਾਰਾਂ ਦੀ ਅਕਾਲੀ ਦਲ ਨਾਲ ਨੇੜਤਾ ਦੀ ਚਰਚਾ ਸਮੇਂ ਸਮੇਂ ਹੁੰਦੀ ਰਹੀ ਹੈ।
ਪੰਜਾਬ ‘ਚ ਨਿਰੰਕਾਰੀਆਂ ਦੀ ਵੀ ਵੱਡੀ ਗਿਣਤੀ ਹੈ। 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ‘ਚ 13 ਸਿੱਖਾਂ ਦੀ ਹੱਤਿਆ ਤੋਂ ਬਾਅਦ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਨਿਰੰਕਾਰੀਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਸੀ। ਇਹ ਸੱਦਾ ਅਜੇ ਵੀ ਵਾਪਸ ਨਹੀਂ ਲਿਆ ਗਿਆ ਹਾਲਾਂਕਿ ਸਮੇਂ ਦੇ ਗੁਜ਼ਰਨ ਨਾਲ ਇਸ ਸੰਤ ਨਿਰੰਕਾਰੀ ਮੰਡਲ ਤੇ ਸਿੱਖ ਭਾਈਚਾਰੇ ਦਰਮਿਆਨ ਕਸ਼ੀਦਗੀ ਵੀ ਖ਼ਤਮ ਹੋ ਗਈ ਹੈ।
ਸਭ ਤੋਂ ਵੱਧ ਵਿਵਾਦਤ ਡੇਰਾ, ਸਿਰਸਾ ਦਾ ਡੇਰਾ ਸੱਚਾ ਸੌਦਾ ਹੈ ਜਿਸ ਦੀ ਅਗਵਾਈ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਕਰਦੇ ਹਨ। ਪੰਜਾਬ ਦੇ ਮਾਲਵਾ ਖ਼ਿੱਤੇ ਦੇ ਬਠਿੰਡਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ‘ਚ ਉਨ੍ਹਾਂ ਦਾ ਜ਼ਿਆਦਾ ਪ੍ਰਭਾਵ ਹੈ। ਅਦਾਲਤਾਂ ‘ਚ ਕੇਸ ਚੱਲ ਰਹੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਸ਼ਰਧਾਲੂਆਂ ਦੀ ਤਾਦਾਦ ਵਿੱਚ ਕੋਈ ਕਮੀ ਨਹੀਂ ਆਈ। ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਹਮਾਇਤ ਲੈਣ ਲਈ ਡੇਰੇ ‘ਚ ਜੁੜਦੇ ਹਨ। ਇਹ ਡੇਰਾ ਮੁਖੀ, ਧਰਮ ਦੇ ਨਾਲ-ਨਾਲ ਸਿਆਸੀ ਪੱਧਰ ‘ਤੇ ਵੀ ਸਰਗਰਮ ਹਨ। ਇਸ ਡੇਰੇ ਨੇ ਹਰਿਆਣਾ ਵਿੱਚ ਭਾਜਪਾ ਦੀ ਜਿੱਤ ‘ਚ ਭੂਮਿਕਾ ਨਿਭਾਈ ਸੀ।
ਸਾਲ 2008 ‘ਚ ਸਿਰਸਾ ਦੇ ਡੇਰਾ ਮੁਖੀ ਉਸ ਸਮੇਂ ਵਿਵਾਦਾਂ ‘ਚ ਆ ਗਏ ਸਨ ਜਦੋਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਬਾਣਾ ਧਾਰ ਕੇ ‘ਅੰਮ੍ਰਿਤ’ ਛਕਾਉਣ ਦਾ ਸਵਾਂਗ ਰਚਿਆ ਸੀ। ਪੰਜਾਬ ਦੇ ਸਿੱਖਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ ਜਿਸ ਕਾਰਨ ਡੇਰਾ ਮੁਖੀ ਦਾ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਸੀ।
ਪਿਛਲੇ ਸਾਲ ਸਿੰਘ ਸਾਹਿਬਾਨ ਵੱਲੋਂ ਹੁਕਮਰਾਨਾਂ ਦੇ ਦਬਾਅ ਹੇਠ ਹੁਕਮਨਾਮਾ ਵਾਪਸ ਲੈ ਲਿਆ ਗਿਆ ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ‘ਚ ਰੋਸ ਦੀ ਲਹਿਰ ਫੈਲ ਗਈ। ਸਿੱਖ ਸੜਕਾਂ ‘ਤੇ ਆ ਗਏ ਅਤੇ ਪੰਜ ਪਿਆਾਰਿਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ। ਸਿੱਖਾਂ ਦੇ ਵਧਦੇ ਰੋਸ ਨੂੰ ਦੇਖਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੁਆਫ਼ੀਨਾਮਾ ਵਾਪਸ ਲੈਣਾ ਪਿਆ। ਕਿਹਾ ਜਾਂਦਾ ਹੈ ਕਿ ਬਾਦਲ ਵੀ ਵੋਟਾਂ ਲਈ ਉਨ੍ਹਾਂ ਦੇ ਡੇਰੇ ‘ਤੇ ਨਤਮਸਤਕ ਹੁੰਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ 1999 ‘ਚ ਹੋਏ ਤੋੜ,-ਵਿਛੋੜੇ ਤੋਂ ਬਾਅਦ ਕੁਝ ਤਸਵੀਰਾਂ ਮੀਡੀਆ ‘ਚ ਆਈਆਂ ਸਨ ਜਿਨ੍ਹਾਂ ‘ਚ ਜਥੇਦਾਰ ਟੌਹੜਾ ਨੂੰ ਡੇਰਾ ਮੁਖੀ ਅੱਗੇ ਪੇਸ਼ ਹੁੰਦਿਆਂ ਦਿਖਾਇਆ ਗਿਆ ਸੀ। ਉਂਜ, ਇਹ ਤਸਵੀਰਾਂ ਜਾਅਲੀ ਹੋਣ ਦਾ ਪ੍ਰਭਾਵ ਖ਼ੁਦ-ਬਖ਼ੁਦ ਦਿੰਦੀਆਂ ਸਨ।
ਪੰਜਾਬ ‘ਚ ਸਿੱਖ ਸੰਤਾਂ ਦੇ ਕਰੀਬ 200 ਡੇਰੇ ਹਨ ਅਤੇ ਕੁਝ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧੇਰੇ ਹੈ। ਇੱਕ ਹੋਰ ਅਨੁਮਾਨ ਅਨੁਸਾਰ ਇਨ੍ਹਾਂ ਛੋਟੇ-ਵੱਡੇ ਡੇਰਿਆਂ ਦੀ ਗਿਣਤੀ ਕਈ ਹਜ਼ਾਰ ਹੈ। 1994 ‘ਚ ਇਨ੍ਹਾਂ ਸੰਤਾਂ ਨੇ ਲੁਧਿਆਣਾ ‘ਚ ਤਿੰਨ ਰੋਜ਼ਾ ਸੈਮੀਨਾਰ ਕਰਕੇ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ ਦਾ ਗਠਨ ਕੀਤਾ ਜਿਸ ਦਾ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਬਣਾਇਆ ਗਿਆ। ਸੰਤ ਸਮਾਜ ਨੇ ਪ੍ਰਚਾਰ ਦੇ ਨਾਲ ਨਾਲ ਸਿਆਾਸੀ ਲਾਹਾ ਵੀ ਲਿਆ ਪਰ ਕੁਝ ਸਮੇਂ ਸਰਗਰਮ ਰਹਿਣ ਤੋਂ ਬਾਅਦ ਬਾਬਾ ਸਰਬਜੋਤ ਸਿੰਘ ਨੇ ਸੰਤ ਸਮਾਜ ਤੋਂ ਕਿਨਾਰਾ ਕਰ ਲਿਆ ਅਤੇ ਹੁਣ ਇਸ ਦੀ ਅਗਵਾਈ ਬਾਬਾ ਹਰਨਾਮ ਸਿੰਘ ਧੁੰਮਾ ਕਰ ਰਹੇ ਹਨ ਜੋ ਦਮਦਮੀ ਟਕਸਾਲ ਦੇ ਮੁਖੀ ਵੀ ਹਨ। ਕੁਣ ਕਾਫ਼ੀ ઠਵੱਡੀ ਗਿਣਤੀ ‘ਚ ਸਿੱਖ ਡੇਰਿਆਂ ਨੇ ਸੰਤ ਸਮਾਜ ਤੋਂ ਪਾਸਾ ਵੱਟ ਲਿਆ ਅਤੇ ਆਪੋ-ਆਪਣੇ ਰਾਹ ਪੈ ਗਏ ਕਿਉਂਕਿ ਬਾਬਾ ਧੁੰਮਾ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਥਿਤ ਤੌਰ ‘ਤੇ ਸੁਖਬੀਰ ਸਿੰਘ ਬਾਦਲ ਦਾ ਪੱਖ ਪੂਰਦੇ ਹਨ। ਬਾਬਾ ਧੁੰਮਾ ਦੀ ਜ਼ਿੱਦ ‘ਤੇ ਹੀ ਪਾਲ ਸਿੰਘ ਪੁਰੇਵਾਲ (ਕੈਨੇਡਾ) ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ‘ਚ ਸੋਧ ਕਰ ਦਿੱਤੀ ਗਈ ਅਤੇ ਹੁਣ ਪੁਰਾਣੇ ਕੈਲੰਡਰ ਨੂੰ ਹੀ ‘ਨਾਨਕਸ਼ਾਹੀ ਕੈਲੰਡਰ’ ਦੇ ਨਾਮ ਨਾਲ ਜਾਰੀ ਕਰ ਦਿੱਤਾ ਗਿਆ ਹੈ।
ਡੇਰਿਆਂ ਵਾਂਗ ਕਈ ਸਿੱਖ ਸੰਪਰਦਾਵਾਂ ਵੀ ਸਰਗਰਮ ਹਨ। ਇਨ੍ਹਾਂ ‘ਚੋਂ ਨਾਨਕਸਰ ਕਲੇਰਾਂ ਕਾਫ਼ੀ ਮਸ਼ਹੂਰ ਹੈ। ਸੰਤ ਈਸ਼ਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਦੀ ਵੰਡ ਹੋ ਗਈ ਅਤੇ ਹੁਣ ਇਸ ਦੇ ਤਿੰਨ ਮੁਖੀ ਹਨ ਪਰ ਹੈੱਡਕੁਆਰਟਰ ਨਾਨਕਸਰ ਕਲੇਰਾਂ ‘ਚ ਹੀ ਹੈ।
ਮਾਲਵਾ ਖ਼ਿੱਤੇ ‘ਚ ਗੋਨਿਆਣਾ ਮੰਡੀ ‘ਚ ਪੈਂਦੀ ਸੇਵਾਪੰਥੀ ਸੰਪਰਦਾ ਦੀ ਵੀ ਮਹੱਤਤਾ ਹੈ। ਇਸ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਭਾਈ ਕਨ੍ਹੱਈਆ ਜੀ ਨੇ ਕੀਤੀ ਸੀ। ਮਾਲਵੇ ਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਸੰਤ ਦਲੇਰ ਸਿੰਘ ਖੇੜੀ ਦੇ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਅਕਤੂਬਰ 2015 ‘ਚ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਵਿਰੋਧ ‘ਚ ਹੋਏ ਅੰਦੋਲਨਾਂ ਵੇਲੇ ਇਹ ਸੰਤ ਕਾਫ਼ੀ ਸਰਗਰਮ ਰਹੇ ਹਨ।
ਉੱਘੇ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਮੰਨਣਾ ਹੈ ਕਿ ਇਹ ਮਿੱਥ ਹੀ ਹੈ ਕਿ ਡੇਰੇ ਸਿਆਸੀ ਪਾਰਟੀਆਂ ਦੇ ਹੱਕ ਵਿੱਚ ਵੋਟ ਭੁਗਤਾਉਂਦੇ ਹਨ। ਉਨ੍ਹਾਂ ਮੁਤਾਬਕ ਡੇਰਿਆਂ ਦੇ ਮੁਖੀ ਆਪਣੇ ਰੁਤਬੇ ਨੂੰ ਸਿਆਸੀ ਮੰਤਵਾਂ ਲਈ ਵਰਤਦੇ ਹਨ। ਇੱਕ ਹੋਰ ਵਿਦਵਾਨ, ਜੋ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦੇ, ਇਨ੍ਹਾਂ ਬਾਬਿਆਂ ਨੂੰ ‘ਡਾਲਰ ਬਾਬੇ’ ਦਾ ਨਾਮ ਦਿੰਦੇ ਹਨ ਕਿਉਂਕਿ ਉਹ ਵਿਦੇਸ਼ਾਂ ‘ਚ ਜਾ ਕੇ ਆਪਣੇ ਸ਼ਰਧਾਲੂਆਂ ਤੋਂ ਦਾਨ ਵਜੋਂ ਡਾਲਰ ਇਕੱਠੇ ਕਰਦੇ ਹਨ ਅਤੇ ਫਿਰ ਇਨ੍ਹਾਂ ਨੂੰ ਭਾਰਤ ਵਿੱਚ ਭੁਨਾ ਕੇ ਆਪਣਾ ਪ੍ਰਭਾਵ ਖੇਤਰ ਵਧਾਉਂਦੇ ਹਨ। ਜੋ ਵੀ ਹੋਵੇ, ਡੇਰਿਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਪੇਚੀਦਾ ਬਣਾਉਣ ਵਿੱਚ ਭੂਮਿਕਾ ਨਿਭਾਈ ਹੈ ਅਤੇ ਹਰ ਸਿਆਸਤਦਾਨ ਇਨ੍ਹਾਂ ਦੀ ਮੁੱਠੀ-ਚਾਪੀ ਕਰਨ ਵਿੱਚ ਹੀ ਆਪਣਾ ਭਲਾ ਮੰਨਦਾ ਹੈ। ੲੲੲ
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …