8 ਸਾਲ ਦੀ ਆਸਿਫਾ ਮਨੁੱਖੀ ਦਰਿੰਦਿਆਂ ਕੋਲੋਂ ਨਾ ਬਚ ਸਕੀ, ਘੱਟ ਗਿਣਤੀਆਂ ਨੂੰ ਡਰਾਉਣ ਲਈ ਘਟਨਾ ਨੂੰ ਦਿੱਤਾ ਅੰਜਾਮ
ਜੰਮੂ: ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ 8 ਸਾਲ ਦੀ ਬੱਚੀ ਆਸਿਫਾ ਨੂੰ ਅਗਵਾ, ਰੇਪ ਅਤੇ ਕਤਲ ਦੀ ਵਾਰਦਾਤ ਦੇ ਹਿੰਦੂ-ਮੁਸਲਿਮ ਰੰਗ ਲੈਣ ਤੋਂ ਬਾਅਦ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਹਿੰਦੂ-ਮੁਸਲਿਮ ਆਧਾਰ ‘ਤੇ ਕਠੂਆ ਵਿੱਚ ਵਕੀਲਾਂ ਰਾਹੀਂ ਕ੍ਰਾਇਮ ਬ੍ਰਾਂਚ ਨੂੰ ਚਾਰਜਸ਼ੀਟ ਫਾਇਲ ਕਰਨ ਤੋਂ ਰੋਕਣ ਦੀ ਹਰਕਤ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਹੁਣ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਲਾਨ ਕੀਤਾ ਕਿ ਇਨਸਾਫ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ਸਣੇ 7 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ।
ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਹੀਰਾਨਗਰ ਦੇ 60 ਸਾਲ ਦੇ ਸਾਬਕਾ ਰੈਵਿਨਿਊ ਅਧਿਕਾਰੀ ਸਾਂਝੀ ਰਾਮ ਨੂੰ ਮੁੱਖ ਮੁਲਜ਼ਮ ਅਤੇ ਸਾਜ਼ਿਸ਼ਘਾੜਾ ਬਣਾਇਆ ਹੈ। ਉਸ ਨੇ ਇਹ ਵਾਰਦਾਤ ਉਸ ਇਲਾਕੇ ਵਿੱਚ ਰਹਿ ਰਹੇ ਘੱਟ ਗਿਣਤੀ ਲੋਕਾਂ ਨੂੰ ਡਰਾਉਣ ਲਈ ਅੰਜ਼ਾਮ ਦਿੱਤੀ ਸੀ। ਕ੍ਰਾਇਮ ਬ੍ਰਾਂਚ ਦੇ ਸੂਤਰਾਂ ਮੁਤਾਬਿਕ ਇੱਕ ਸਾਜ਼ਿਸ਼ ਤਹਿਤ ਸਾਂਝੀ ਰਾਮ ਨੇ ਹੀਰਾਨਗਰ ਦੇ ਦੋ ਨਾਬਾਲਿਗ ਮੁੰਡਿਆਂ ਨੂੰ ਇਸ ਘਟਨਾ ਵਾਸਤੇ ਚੁਣਿਆ। ਦਸ ਜਨਵਰੀ ਨੂੰ ਜਦੋਂ 8 ਸਾਲ ਦੀ ਆਸਿਫਾ ਰਸਾਨਾ ਪਿੰਡ ਪਹੁੰਚੀ ਤਾਂ ਇਨ੍ਹਾਂ ਦੋਹਾਂ ਨਾਬਾਲਿਗਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਕੋਲ ਮੰਦਿਰ ਦੇ ਦੇਵਸਥਾਨ ਲੈ ਗਏ, ਜਿੱਥੇ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਉਸ ਥਾਂ ਦੀਆਂ ਚਾਬੀਆਂ ਸਾਂਝੀ ਰਾਮ ਦੇ ਕੋਲ ਹੀ ਰਹਿੰਦੀਆਂ ਸਨ।
ਸਾਂਝੀ ਰਾਮ ਨੇ ਜੰਮੂ ਕਸ਼ਮੀਰ ਪੁਲਿਸ ਵਿੱਚ ਤਾਇਨਾਤ ਦੋ ਸਪੈਸ਼ਲ ਪੁਲਿਸ ਅਫ਼ਸਰ ਦੀਪਕ ਅਤੇ ਸੁਰੇਸ਼ ਨੂੰ ਵੀ ਆਪਣੀ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ। ਬੱਚੀ ਨੂੰ ਨਸ਼ੇ ਦੀ ਦਵਾਈ ਦੇ ਕੇ ਰੇਪ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵਾਲੇ ਵੀ ਲਗਾਤਾਰ ਜ਼ਬਰ ਜਨਾਹ ਕਰਦੇ ਰਹੇ। 14 ਫਰਵਰੀ ਨੂੰ ਬੱਚੀ ਦਾ ਗਲ ਘੁੱਟਣ ਤੇ ਸਿਰ ‘ਚ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ। ਫਿਰ ਉਸ ਦੀ ਰੀੜ੍ਹ ਦੀ ਹੱਡੀ ਨੂੰ ਤੋੜਿਆ ਤਾਂ ਜੋ ਇਹ ਹਾਦਸਾ ਜਾਪੇ। ਲਾਸ਼ ਨੂੰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ। 17 ਜਨਵਰੀ ਨੂੰ ਪੁਲਿਸ ਨੂੰ ਆਸਿਫਾ ਦੀ ਲਾਸ਼ ਮਿਲੀ। ਹੀਰਾਨਗਰ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਹੀਰਾਨਗਰ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਆਨੰਦ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੇ ਮੌਕੇ ‘ਤੇ ਪਹੁੰਚ ਕੇ ਕੁੜੀ ਦੀ ਲਾਸ਼ ਨੂੰ ਚੁੱਕਿਆ ਤੇ ਕੱਪੜੇ ਐਫਐਸਐਲ ਭੇਜੇ। ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਸਬ ਇੰਸੈਪਕਟਰ ਆਨੰਦ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੂੰ ਗ੍ਰਿਫਤਾਰ ਕੀਤਾ ਹੈ। 18 ਜਨਵਰੀ ਨੂੰ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 15 ਸਾਲ ਦੇ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਅੱਗੇ ਵੱਧ ਹੀ ਰਹੀ ਸੀ ਕਿ ਪੁਲਿਸ ਨੇ ਜਾਂਚ ਦਾ ਅਧਿਕਾਰੀ ਐਡੀਸ਼ਨਲ ਐਸਪੀ ਸਾਂਬਾ ਨੂੰ ਸੌਂਪ ਦਿੱਤਾ ਹੈ। ਉਸ ਨੇ ਹੀਰਾਨਗਰ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਹੈ।
ਦਰਅਸਲ, ਰਸਾਨਾ ਪਿੰਡ ਹਿੰਦੂ ਅਬਾਦੀ ਵਾਲਾ ਇਲਾਕਾ ਹੈ। ਜੰਗਲ ਵਿੱਚ ਗੁੱਜਰ ਤੇ ਬਕਰਵਾਲ ਮੁਸਲਮਾਨ ਜਾਨਵਰ ਲੈ ਕੇ ਆਉਂਦੇ ਹਨ। ਬੱਚੀ ਇਸੇ ਤਬਕੇ ਨਾਲ ਸਬੰਧਤ ਸੀ। ਇਲਾਕੇ ਦੇ ਹਿੰਦੂਆਂ ਦਾ ਕਹਿਣਾ ਹੈ ਕਿ ਜ਼ਮੀਨ ‘ਤੇ ਕਬਜ਼ਾ ਹੋ ਰਿਹਾ ਹੈ ਤੇ ਪਸ਼ੂ ਖੇਤਾਂ ਵਿੱਚ ਜਾ ਰਹੇ ਹਨ। ਗ੍ਰਿਫ਼ਤਾਰ ਦੋਵੇਂ ਪੁਲਿਸ ਮੁਲਾਜ਼ਮ ਰਸਾਨਾ ਪਿੰਡ ਦੇ ਹੀ ਹਨ। ਮੁਸਲਮਾਨਾਂ ਨਾਲ ਇਨ੍ਹਾਂ ਦੀ ਝੜਪ ਹੁੰਦੀ ਰਹਿੰਦੀ ਸੀ। ਉਨ੍ਹਾਂ ਦੀ ਰੰਜਿਸ਼ ਦਾ ਸ਼ਿਕਾਰ ਅੱਠ ਸਾਲਾਂ ਦੀ ਮਾਸੂਮ ਆਸਿਫ਼ਾ ਹੋ ਗਈ।
ਕੇਸ ਚੰਡੀਗੜ੍ਹ ਟਰਾਂਸਫਰ ਕਰਨ ‘ਤੇ 27 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ : ਕਠੂਆ ‘ਚ ਸਮੂਹਿਕ ਜਬਰ ਜਨਾਹ ਤੋਂ ਬਾਅਦ ਕਤਲ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮ੍ਰਿਤਕ ਬੱਚੀ ਦੇ ਪਿਤਾ ਦੀ ਦਲੀਲ ‘ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਪੀੜਤ ਪਰਿਵਾਰ ਅਤੇ ਵਕੀਲਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਵੇਗੀ। ਪੀੜਤ ਪਰਿਵਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦੀ ਜਾਂਚ ‘ਤੇ ਭਰੋਸਾ ਹੈ ਅਤੇ ਉਹ ਇਸ ਦੀ ਜਾਂਚ ਸੀਬੀਆਈ ਤੋਂ ਨਹੀਂ ਕਰਵਾਉਣਾ ਚਾਹੁੰਦੇ। ਹਾਲਾਂਕਿ ਵਕੀਲ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਕਠੂਆ ਦੀ ਬਜਾਏ ਚੰਡੀਗੜ੍ਹ ਵਿੱਚ ਕੀਤੀ ਜਾਵੇ ਕਿਉਂਕਿ ਜੇਕਰ ਕੇਸ ਕਠੂਆ ઠਵਿੱਚ ਚੱਲੇਗਾ ਤਾਂ ਸਾਨੂੰ ਇਨਸਾਫ਼ ਨਹੀਂ ਮਿਲੇਗਾ ਅਤੇ ਅਸੀ ਚਾਹੁੰਦੇ ਹਾਂ ਕਿ ਕੇਸ ਦੀ ਅਗਵਾਈ ਸੁਣਵਾਈ ਸੁਪਰੀਮ ਕੋਰਟ ਵੱਲੋਂ ਕੀਤੀ ਜਾਵੇ।
ਮਾਪਿਆਂ ਨੇ ਦੋਸ਼ੀਆਂ ਨੂੰ ਫਾਹੇ ਟੰਗਣ ਦੀ ਕੀਤੀ ਮੰਗ
ਊਧਮਪੁਰ : ਕਠੂਆ ਵਿਚ ਬਲਾਤਕਾਰ ਤੋਂ ਬਾਅਦ ਮਾਰ ਕੇ ਸੁੱਟੀ ਗਈ ਬੱਚੀ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਅਜਿਹਾ ਘਿਨਾਉਣਾ ਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ‘ਤੇ ਚੜ੍ਹਾਇਆ ਜਾਵੇ। ਬੱਚੀ ਦੀ ਮਾਂ ਨੇ ਕਿਹਾ,”ਉਹ ਬੇਹੱਦ ਖ਼ੂਬਸੂਰਤ ਅਤੇ ਸਮਝਦਾਰ ਸੀ। ਮੈਂ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੀ ਸਾਂ।” ਗ਼ਮ ਵਿਚ ਡੁੱਬੀ ਮਾਂ ਨੇ ਹੁਣ ਇਕੋ ਇੱਛਾ ਜਤਾਈ ਹੈ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਕਿਸੇ ਪਰਿਵਾਰ ਨੂੰ ਅਜਿਹੇ ਦਰਦ ਅਤੇ ਜ਼ਿੱਲਤ ਤੋਂ ਨਾ ਗੁਜ਼ਰਨਾ ਪਏ। ਲੜਕੀ ਨੂੰ ਉਸ ਦੇ ਮਾਮੇ ਨੇ ਗੋਦ ਲਿਆ ਸੀ ਅਤੇ ਹੁਣ ਮਾਂ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਹੀ ਹੈ ਕਿ ਉਸ ਨੇ ਬੱਚੀ ਨੂੰ ਭਰਾ ਦੇ ਘਰ ਕਿਉਂ ਜਾਣ ਦਿੱਤਾ।
ਕਠੂਆ ਘਟਨਾ ਨੂੰ ਰਾਸ਼ਟਰਪਤੀ ਨੇ ਦੇਸ਼ ਲਈ ਦੱਸਿਆ ਸ਼ਰਮਨਾਕ
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਅਜਿਹੀ ਘਟਨਾ ਵਾਪਰਨੀ ਸ਼ਰਮਨਾਕ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੀ ਘਟਨਾ ਕਿਸੇ ਵੀ ਲੜਕੀ ਤੇ ਔਰਤ ਨਾਲ ਨਾ ਵਾਪਰੇ।
ਧੀਆਂ ਨੂੰ ਮਿਲੇਗਾ ਨਿਆਂ: ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਠੂਆ ਤੇ ਓਨਾਊ ਵਿੱਚ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ ਖ਼ਿਲਾਫ਼ ਟਿੱਪਣੀਆਂ ਕਰਦਿਆਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਧੀਆਂ ਨੂੰ ਇਨਸਾਫ਼ ਮਿਲੇਗਾ। ਬੀ.ਆਰ.ਅੰਬੇਦਕਰ ਦੀ ਯਾਦਗਾਰ ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਨਸਾਫ਼ ਕੀਤਾ ਜਾਵੇਗਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …