Breaking News
Home / ਭਾਰਤ / ‘ਆਪ’ ਦਾ ਦਬਾਅ ਤੇ ਰਾਹੁਲ ਦੀਆਂ ਝਾੜਾਂ ਨੇ ਖੋਹ ਲਈ ਰਾਣੇ ਤੋਂ ਮੰਤਰੀ ਦੀ ਕੁਰਸੀ

‘ਆਪ’ ਦਾ ਦਬਾਅ ਤੇ ਰਾਹੁਲ ਦੀਆਂ ਝਾੜਾਂ ਨੇ ਖੋਹ ਲਈ ਰਾਣੇ ਤੋਂ ਮੰਤਰੀ ਦੀ ਕੁਰਸੀ

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਰਾਣਾ ਗੁਰਜੀਤ ਦਾ ਅਸਤੀਫ਼ਾ ਕੀਤਾ ਮਨਜ਼ੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਪਾਸੇ ਰੇਤ ਖੱਡ ਦਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ ‘ਤੇ ਲਗਾਤਾਰ ਦਬਾਅ ਬਣਾਇਆ ਹੋਇਆ ਸੀ ਦੂਜੇ ਪਾਸੇ ਰਾਹੁਲ ਗਾਂਧੀ ਦੀ ਇਸ ਸੋਚ ਨੇ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਕੋਈ ਵੀ ਸਿਆਸਤਦਾਨ ਸੱਤਾ ਸੁੱਖ ਨਾ ਭੋਗਦਾ ਹੋਵੇ ਤੇ ਪਾਰਟੀ ਦੀ ਸਾਖ ਕਾਇਮ ਰਹੇ, ਨੇ ਰਾਣਾ ਗੁਰਜੀਤ ਤੋਂ ਮੰਤਰੀ ਪਦ ਦਾ ਅਹੁਦਾ ਖੋਹ ਲਿਆ। ਚੰਡੀਗੜ੍ਹ ਵਿਚ ਅਸਤੀਫ਼ਾ ਮਨਜ਼ੂਰ ਨਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਵਿਚ ਅਸਤੀਫ਼ੇ ਨੂੰ ਮਨਜ਼ੂਰ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕੈਬਨਿਟ ਵਿਚਲੇ ਆਪਣੇ ਸਾਥੀ ਤੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਮੁੱਖ ਮੰਤਰੀ ਨੇ ਅਸਤੀਫ਼ੇ ਨੂੰ ਹੁਣ ਰਸਮੀ ਕਾਰਵਾਈ ਲਈ ਰਾਜਪਾਲ ਕੋਲ ਭੇਜ ਦਿੱਤਾ ਹੈ। ਪੰਜਾਬ ਕੈਬਨਿਟ ਵਿੱਚ ਅਗਲੇ ਫੇਰਬਦਲ ਤਕ ਮੁੱਖ ਮੰਤਰੀ ਨੇ ਦੋਵੇਂ ਮਹਿਕਮੇ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਂਝ ਮੁੱਖ ਮੰਤਰੀ ਮੁਤਾਬਕ ਵਜ਼ਾਰਤੀ ਫੇਰਬਦਲ ਫਰਵਰੀ ਵਿੱਚ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਮਗਰੋਂ ਹੋਵੇਗਾ। ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਹੋਈ ਇਸ ਮੁਲਾਕਾਤ ਦੌਰਾਨ ਰਾਣਾ ਗੁਰਜੀਤ ਦੇ ਅਸਤੀਫ਼ੇ ਸਮੇਤ ਪੰਜਾਬ ਨਾਲ ਸਬੰਧਤ ਹੋਰ ਕਈ ਮਾਮਲਿਆਂ ‘ਤੇ ਚਰਚਾ ਹੋਈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨੇ ਕੈਪਟਨ ਨੂੰ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਮੰਤਰੀ (ਰਾਣਾ ਗੁਰਜੀਤ) ਜਾਂ ਤਾਂ ਖੁਦ ਅਸਤੀਫ਼ਾ ਦੇ ਦੇਵੇ ਜਾਂ ਫ਼ਿਰ ਬਾਹਰ ਜਾਣ ਲਈ ਤਿਆਰੀ ਕਰ ਲਏ। ਰਾਣਾ ਗੁਰਜੀਤ ਦੀ ਰੇਤ ਖੱਡਾਂ ਦੀ ਨਿਲਾਮੀ ਵਿੱਚ ਕਥਿਤ ਸ਼ਮੂਲੀਅਤ ਕਰਕੇ ਪਾਰਟੀ ਨੂੰ ਖਾਸਾ ਸ਼ਰਮਿੰਦਾ ਹੋਣਾ ਪੈ ਰਿਹਾ ਸੀ। ਮੁੱਖ ਮੰਤਰੀ ਵੱਲੋਂ ਸਾਰੇ ਮਾਮਲੇ ਦੀ ਜਾਂਚ ਲਈ ਕਾਇਮ ਨਾਰੰਗ ਕਮਿਸ਼ਨ ਦੀ ਜਾਂਚ ‘ਚ ਕਲੀਨ ਚਿੱਟ ਦੇ ਬਾਵਜੂਦ ਇਸ ਮਾਮਲੇ ਨੇ ਮੰਤਰੀ ਦਾ ਪਿੱਛਾ ਨਹੀਂ ਛੱਡਿਆ। ਈਡੀ ਵੱਲੋਂ ਰਾਣਾ ਗੁਰਜੀਤ ਦੇ ਪੁੱਤਰ ਨੂੰ ਫੇਮਾ ਐਕਟ ਦੀ ਉਲੰਘਣਾ ਤਹਿਤ ਦਿੱਤੇ ਸੱਜਰੇ ਸੰਮਨਾਂ ਨੇ ਮੰਤਰੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਕਾਬਿਲੇਗੌਰ ਹੈ ਕਿ ਅੱਠ ਮਹੀਨੇ ਪਹਿਲਾਂ ਇਨ੍ਹਾਂ ਕਾਲਮਾਂ ‘ਚ ਸਭ ਤੋਂ ਪਹਿਲਾਂ ਖ਼ਬਰ ਨਸ਼ਰ ਕੀਤੀ ਸੀ ਕਿਵੇਂ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਦੇ ਸਾਬਕਾ ਮੁਲਾਜ਼ਮਾਂ ਨੇ ਮਾਮੂਲੀ ਮਾਇਕ ਸਾਧਨ ਹੋਣ ਦੇ ਬਾਵਜੂਦ ਕਰੋੜਾਂ ਰੁਪਏ ‘ਚ ਅਲਾਟ ਹੋਈਆਂ ਰੇਤ ਖੱਡਾਂ ਹਾਸਲ ਕਰ ਲਈਆਂ। ਇਸ ਤੋਂ ਪਹਿਲਾਂ ਕੈਪਟਨ ਨੇ ਰਾਹੁਲ ਨਾਲ ਲਗਪਗ ਦੋ ਘੰਟੇ ਤਕ ਮੀਟਿੰਗ ਕੀਤੀ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਸਕੱਤਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਜਾਇਜ਼ਾ ਲਿਆ ਗਿਆ। ਸੂਤਰਾਂ ਮੁਤਾਬਕ ਕੈਪਟਨ ਨੇ ਗਾਂਧੀ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਮਹਿਲਾ ਸਸ਼ਕਤੀਕਰਨ ਸਕੀਮ, ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤੇ ਨਸ਼ਿਆਂ ਦੀ ਸਪਲਾਈ ਨੂੰ ਡੱਕਣ ਲਈ ਚੁੱਕੇ ਕਦਮਾਂ ਬਾਰੇ ਦੱਸਿਆ। ਕਾਂਗਰਸ ਪ੍ਰਧਾਨ ਬਣਨ ਮਗਰੋਂ ਰਾਹੁਲ ਦੀ ਪੰਜਾਬ ਦੇ ਪਾਰਟੀ ਆਗੂਆਂ ਨਾਲ ਇਹ ਪਹਿਲੀ ਮੀਟਿੰਗ ਸੀ।
ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ: ਰਾਹੁਲ ਗਾਂਧੀ ઠ
ਚੰਡੀਗੜ੍ਹ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਨਵੀਂ ਦਿੱਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਪੰਜਾਬ ਦੇ ਹੋਰਨਾਂ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਪੰਜਾਬ ਵਜ਼ਾਰਤ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਨੂੰ ਪ੍ਰਵਾਨਗੀ ઠਦੇਣ ਦੇ ਨਾਲ ઠਹੀ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਪੰਜਾਬ ਸਰਕਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਇਸ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ।
‘ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਣਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਫ਼ੈਸਲੇ ਦਾ ਮੈਂ ਸਵਾਗਤ ਕਰਦਾ ਹਾਂ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣੇ ਚਹੇਤੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਚਾਉਂਦੇ ਆ ਰਹੇ ਸਨ, ਅਖ਼ੀਰ ਸੱਚ ਦੀ ਜਿੱਤ ਹੋਈ ਹੈ।’
-ਸੁਖਪਾਲ ਸਿੰਘ ਖਹਿਰਾ
ਵਿਰੋਧੀ ਧਿਰ ਦੇ ਆਗੂ
‘ਕੈਪਟਨ ਅਮਰਿੰਦਰ ਸਿੰਘ ਲਈ ਅਜਿਹੇ ਸੌ ਅਹੁਦੇ ਛੱਡਣ ਲਈ ਤਿਆਰ ਹਾਂ। ਅਸਤੀਫ਼ਾ ਮਨਜ਼ੂਰ ਕੀਤੇ ਜਾਣ ‘ਤੇ ਮੈਂ ਕਾਂਗਰਸ ਹਾਈ ਕਮਾਂਡ ਅਤੇ ਮੁੱਖ ਮੰਤਰੀ ਦਾ ਸ਼ੁਕਰਗੁਜ਼ਾਰ ਹਾਂ। ਮੈਂ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਰਿਹਾ ਹਾਂ ਤੇ ਮੈਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦਿੱਤਾ ਹੈ।’
-ਰਾਣਾ ਗੁਰਜੀਤ ਸਿੰਘ
ਵਿਧਾਇਕ ਪੰਜਾਬ ਕਾਂਗਰਸ

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …