ਡਾ: ਹਰਕਮਲਜੋਤ
ਪੰਜਾਬ ਦੇ ਲੋਕਾਂ ਨੂੰ ਭਾਵੇਂ ਸਦੀਆਂ ਤੋਂ ਹੀ ਸਮੇਂ ਦੀਆਂ ਹਾਲਤਾਂ ਨਾਲ ਜੂਝਣਾ ਪਿਆ ਹੈ ਪਰ ਫਿਰ ਵੀ ਪੰਜਾਬੀਆਂ ਦਾ ਸੁਭਾਅ ਅਤੇ ਸਭਿਆਚਾਰ ਆਪਣੀ ਇੱਕ ਨਿਵੇਕਲੀ ਹੀ ਪਛਾਣ ਰੱਖਦਾ ਹੈ। ਮੇਲੇ ਅਤੇ ਤਿਉਹਾਰ ਪੰਜਾਬ ਦੇ ਸਭਿੱਆਚਾਰ ਦਾ ਅਟੁੱਟ ਅੰਗ ਹਨ। ਇਹ ਇੱਥੋਂ ਦੇ ਸਮਾਜਿਕ, ਸਭਿੱਆਚਾਰਕ ਅਤੇ ਰਾਜਨੀਤਕ ਹਾਲਤ ਨੂੰ ਦਰਸਾਉਂਦੇ ਹਨ। ਪੋਹ ਮਹੀਨੇ ਦੇ ਅੰਤਲੇ ਦਿਨ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਵੀ ਆਪਣੇ ਵਿੱਚ ਬਹੁਤ ਕੁੱਝ ਸਮੋਈ ਬੈਠਾ ਹੈ। ਹਾੜ੍ਹੀ ਦੀਆਂ ਫਸਲਾਂ ਨਾਲ ਹਰ ਪਾਸੇ ਹਰਿਆਲੀ ਛਾਈ ਹੁੰਦੀ ਹੈ। ਇਸ ਦਿਨ ਤੋਂ ਬਾਦ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਸਲਾਂ ‘ਤੇ ਆਏ ਦਿਨ ਨਵਾਂ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਲੋਕ ਜੁੱਬੜਾਂ ਵਿੱਚੋਂ ਨਿੱਕਲ ਕੇ ਗਤੀਸ਼ੀਲ ਹੋ ਜਾਂਦੇ ਹਨ। ਲੋਹੜੀ ਮੌਕੇ ਇਹ ਕਹਿਣਾ, ”ਈਸ਼ਰ ਆਵੇ , ਦਲਿੱਦਰ ਜਾਵੇ” ਇਸੇ ਗੱਲ ਦੀ ਸ਼ਾਹਦੀ ਭਰਦਾ ਹੈ।
ਲੋਹੜੀ ਦਾ ਤਿਉਹਾਰ ਉਸ ਘਰ ਵਿੱਚ ਉੱਚੇਚੇ ਤੌਰ ‘ਤੇ ਮਨਾਇਆ ਜਾਂਦਾ ਹੈ ਜਿਸ ਘਰ ਵਿੱਚ ਪੁੱਤਰ ਨੇ ਜਨਮ ਲਿਆ ਹੋਵੇ। ਪਰ ਪਿਛਲੇ ਕੁੱਝ ਸਮੇਂ ਤੋਂ ਕਿਤੇ ਕਿਤੇ ਧੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ ਜੋ ਕਿ ਇੱਕ ਵਧੀਆ ਰੁਝਾਨ ਹੈ। ਕਿਉਂਕਿ ਬੱਚਾ ਤਾਂ ਬੱਚਾ ਹੀ ਹੁੰਦਾ ਹੈ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ। ਇਹ ਤਿਉਹਾਰ ਆਪਸੀ ਭਾਈਚਾਰੇ ਦਾ ਤਿਉਹਾਰ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਆਪਣੇ ਮੁਹੱਲਿਆਂ ਵਿੱਚ ਇਕੱਠੇ ਹੋ ਕੇ ਵੱਡੀਆਂ ਵੱਡੀਆਂ ਧੂਣੀਆਂ ਲਾ ਕੇ ਉਹਨਾਂ ਦੁਆਲੇ ਬੈਠ ਕੇ ਅੱਗ ਸੇਕਦੇ ਹਨ। ਇੱਕ ਦੂਜੇ ਨੂੰ ਗੁੜ, ਰਿਉੜੀਆਂ ਤੇ ਮੂੰਗਫਲੀ ਵੰਡਦੇ ਹਨ। ਜਿਸ ਨਾਲ ਭਾਈ ਚਾਰਕ ਸਾਂਝ ਵਧਦੀ ਹੈ।
ਲੋਹੜੀ ਦੀ ਰੌਣਕ ਕਈ ਦਿਨ ਰਹਿੰਦੀ ਹੈ। ਕਈ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣ ਲੱਗ ਜਾਂਦੇ ਹਨ। ਗੀਤ ਸਾਡੇ ਸਭਿੱਆਚਾਰ ਦਾ ਅੰਗ ਹਨ। ਲੋਹੜੀ ਮੌਕੇ ਵੀ ਬੱਚੇ ਗੀਤ ਗਾ ਕੇ ਹੀ ਲੋਹੜੀ ਮੰਗਦੇ ਹਨ। ਬੱਚੇ ਇਕੱਠੇ ਹੋਕੇ ਹੇਕਾਂ ਲਾ ਲਾ ਕੇ ਕਹਿੰਦੇ ਹਨ, ” ਉਖੱਲੀ ‘ਚ ਦਾਣਾ-ਲੋਹੜੀ ਲੈ ਕੇ ਜਾਣਾ। ਤੇਰੇ ਕੋਠੇ ਉੱਤੇ ਮੋਰ-ਸਾਨੂੰ ਛੇਤੀ ਛੇਤੀ ਤੋਰ”। ਇਸੇ ਤਰ੍ਹਾਂ , ”ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿੱਲਾਂਗੇ। ਅਸੀਂ ਕਿਹੜੇ ਵੇਲੇ ਦੇ ਆਏ, ਸਾਨੂੰ ਤੋਰ ਸਾਡੀਏ ਮਾਏ”। ਇਸੇ ਤਰ੍ਹਾਂ ਹੀ ਧੁਣੀ ਲਈ ਪਾਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ, ”ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜ੍ਹੇਗਾ ਹਾਥੀ”। ਜੇ ਕੋਈ ਪਾਥੀਆਂ ਨਾ ਦਿੰਦਾ ਤਾਂ ਉਹ ਉੱਚੀ ਉਚੀ ਇਹ ਕਹਿੰਦੇ ਤੁਰ ਜਾਂਦੇ, ” ਕਹੋ ਮੁੰਡਿਓ ਹੁੱਕਾ, ਇਹ ਘਰ ਭੁੱਖਾ”। ਇਸੇ ਤਰ੍ਹਾਂ ਹੋਰ ਨਿੱਕੇ ਨਿੱਕੇ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਹੈ।
ਸਾਡੇ ਲੋਕ ਸੂਰਮਿਆਂ ਨੂੰ ਕਦੇ ਨਹੀਂ ਭੁਲਦੇ। ਲੱਧੀ ਮਾਂ ਦਾ ਦਲੇਰ ਪੁੱਤਰ ਦੁੱਲਾਂ ਭੱਟੀ ਪਿੰਡ ਭੱਟੀਆਂ ਦਾ ਇੱਕ ਅਜਿਹਾ ਸੂਰਮਾ ਹੋਇਆ ਜਿਸ ਨੂੰ ਹੁਕਮਰਾਨ ਤੇ ਵੱਡੇ ਜਿਮੀਂਦਾਰ ਬਾਗੀ ਅਤੇ ਡਾਕੂ ਕਹਿੰਦੇ ਸਨ ਪਰ ਉਹ ਆਮ ਗਰੀਬ ਲੋਕਾਂ ਲਈ ਇੱਕ ਮਸੀਹਾ ਸੀ। ਲੋਹੜੀ ਦਾ ਸਬੰਧ ਉਸ ਦੁੱਲੇ ਸੂਰਮੇ ਨਾਲ ਵੀ ਜੁੜਦਾ ਹੈ।
ਕਹਿੰਦੇ ਹਨ ਕਿ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਉੱਤੇ ਉਸ ਇਲਾਕੇ ਦਾ ਹਾਕਮ ਉਹਨਾਂ ਦੀ ਸੁੰਦਰਤਾ ਤੇ ਮੋਹਿਤ ਹੋ ਗਿਆ ਤੇ ਉਹਨਾਂ ਨੂੰ ਉਸ ਨਾਲ ਤੋਰਨ ਲਈ ਕਿਹਾ। ਪਰ ਉਹ ਮੰਗੀਆਂ ਹੋਣ ਦਾ ਦੱਸ ਕੇ ਬ੍ਰਾਹਮਣ ਨੇ ਨਾਂਹ ਕਰ ਦਿੱਤੀ। ਪਰ ਉਸ ਜ਼ੁਲਮੀ ਹਾਕਮ ਨੇ ਉਹਨਾਂ ਦੇ ਹੋਣ ਵਾਲੇ ਸਹੁਰਿਆਂ ਨੂੰ ਡਰਾ ਧਮਕਾ ਕੇ ਰਿਸ਼ਤਾ ਤੁੜਵਾ ਦਿੱਤਾ ਤੇ ਉਹਨਾਂ ਨੂੰ ਜ਼ਬਰੀ ਚੁੱਕਣਾ ਚਾਹਿਆ । ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ਤੇ ਦੁੱਲੇ ਨੇ ਉਹਨਾਂ ਦਾ ਵਿਆਹ ਰਾਤ ਨੂੰ ਜੰਗਲ ਚ ਲਿਜਾ ਕੇ ਉਹਨਾਂ ਦੇ ਹਾਣੀ ਗੱਭਰੂਆਂ ਨਾਲ ਕੀਤਾ ਅਤੇ ਚਾਨਣ ਕਰਨ ਲਈ ਅੱਗ ਬਾਲੀ ਤੇ ਉਸ ਦੁਆਲੇ ਫੇਰੇ ਕਰਾ ਕੇ ਤੋਰ ਦਿੱਤਾ ।
ਦੁੱਲੇ ਕੋਲ ਦੇਣ ਲਈ ਸ਼ੱਕਰ ਹੀ ਸੀ ਤੇ ਸ਼ੱਕਰ ਦੀ ਲੱਪ ਪਾਕੇ ਅਸ਼ੀਰਵਾਦ ਦਿੱਤੀ। ਉਸ ਬਾਰੇ ਲੋਹੜੀ ਦੇ ਗੀਤ ਨੇ ਲੋਕ ਗੀਤ ਦਾ ਰੂਪ ਧਾਰ ਲਿਆ ਹੈ। ਇਹ ਗੀਤ ਲੋਹੜੀ ਸਮੇਂ ਖਾਸ ਤੌਰ ਤੇ ਹਰ ਬੱਚੇ ਦੀ ਜ਼ੁਬਾਨ ਤੇ ਹੁੰਦਾ ਹੈ।
ਸੁੰਦਰ ਮੁੰਦਰੀਏ …. ਹੋ! ਤੇਰਾ ਕੌਣ ਵਿਚਾਰਾ …. ਹੋ!
ਦੁੱਲਾ ਭੱਟੀ ਵਾਲਾ …….. ਹੋ! ਦੁੱਲੇ ਧੀ ਵਿਆਹੀ …. ਹੋ!
ਸੇਰ ਸ਼ੱਕਰ ਪਾਈ …. ਹੋ!
ਅਜਿਹੇ ਸੂਰਮੇ ਲੋਕਾਂ ਦੇ ਮਨਾਂ ਤੇ ਰਾਜ ਕਰਦੇ ਹਨ ਤੇ ਲੋਕਾਂ ਦੀ ਯਾਦ ਵਿੱਚ ਹਮੇਸ਼ਾਂ ਰਹਿੰਦੇ ਹਨ। ਲੋਹੜੀ ਦੇ ਤਿਉਹਾਰ ਸਮੇਂ ਲੋਕ-ਪੱਖੀ ਨਾਇਕ ਅਤੇ ਜਮਾਤੀ ਸੰਘਰਸ਼ ਦੇ ਸੂਚਕ ਦੁੱਲੇ ਭੱਟੀ ਨੂੰ ਯਾਦ ਕਰਨਾ ਉਸ ਪ੍ਰਤੀ ਲੋਕਾਂ ਦੇ ਸਤਿਕਾਰ ਦੀ ਪ੍ਰੋੜ੍ਹਤਾ ਕਰਦ ਹੈ। -94170-92800
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …