ਬੋਲ ਬਾਵਾ ਬੋਲ
ਤੂੰ ਵਿਹਲਾ ਬੈਠਾ ਕੀ ਕਰੇਂਗਾ
ਨਿੰਦਰ ਘੁਗਿਆਣਵੀ
94174-21700
ਇਹ ਸੱਚ ਸੀ ਕਿ ਮੈਂ ਜਿਹੜੇ ਵੀ ਵਕੀਲ ਕੋਲ ਮੁਨਸ਼ੀ ਲਗਦਾ ਸਾਂ, ਥੋੜ੍ਹੇ ਕੁ ਦਿਨਾਂ ਮਗਰੋਂ ਉਹਦਾ ਕੰਮ ਮੰਦਾ ਪੈਣ ਲਗਦਾ ਸੀ ਤੇ ਮੈਂ ਉਥੋਂ ਭੱਜ ਕੇ ਕਿਸੇ ਹੋਰ ਵਕੀਲ ਦੇ ਅੱਡੇ ਉਤੇ ਜਾ ਬਹਿੰਦਾ ਸਾਂ। ਹੁਣ ਮੈਂ ਸੀਨੀਅਰ ਐਡਵੋਕੇਟ ਪੰਡਤ ਸ਼ਾਮ ਲਾਲ ਵਿਸ਼ਿਸਟ ਹੁਰਾਂ ਦਾ ਮੁਨਸ਼ੀ ਸਾਂ। ਉਨ੍ਹਾਂ ਕਾਨੂੰਨੀ ਵਿੱਦਿਆ ਲਾਹੌਰੋਂ ਹਾਸਿਲ ਕੀਤੀ ਸੀ। ਘੱਟ ਬੋਲਦੇ, ਸਾਊ ਬੇਹੱਦ, ਸਾਦਗੀ ‘ਚ ਰਹਿੰਦੇ। ਹੁਣ ਇਕੱਲੇ ਤੇ ਵਿਹਲੇ ਸਨ, ਜਦ ਉਹਨਾਂ ਪਾਸ ਕੰਮ ਹੀ ਨਹੀਂ ਸੀ ਤੇ ਮੁਨਸ਼ੀ ਕੋਈ ਕਿਵੇਂ ਟਿਕਦਾ? ਰਿਕਸ਼ੇ ਉਤੇ ਚੜ੍ਹ ਕੇ ਆਉਂਦੇ ਤੇ ਜਾਂਦੇ ਸਨ। ਸਾਰੀ ਉਮਰ ਵਿਹਲਿਆਂ ਵਾਂਗ ਲੰਘ ਗਈ, ਵਕਾਲਤ ਬਹੁਤੀ ਨਾ ਚੱਲੀ।
ਸਿਆਲੂ ਦਿਨ ਸਨ। ਪੰਡਤ ਜੀ ਆਪਣੇ ਟੁੱਟੇ-ਭੱਜੇ ਅੱਡੇ ਦੇ ਪਿਛਵਾੜੇ ਕੁਰਸੀ ਡਾਹੀ ਬੈਠੇ ਧੁੱਪ ਦਾ ਆਨੰਦ ਮਾਣ ਰਹੇ ਸਨ, ਜਦ ਮੈਂ ਜਾ ਅਰਜ਼ ਗੁਜ਼ਾਰੀ, ”ਪੰਡਤ ਜੀ, ਤੁਆਡੇ ਕੋਲੋਂ ਕੰਮ ਸਿੱਖਣਾ ਮੈਂ…।”
”ਮੈਂ ਤਾਂ ਬਿਲਕੁਲ ਵਿਹਲਾ ਹੁੰਨਾ, ਤੂੰ ਵਿਹਲਾ ਬੈਠਾ ਕੀ ਕਰੇਂਗਾ?”
”ਬਸ, ਕੰਮ ਸਿਖਾ ਦਿਓ ਜੀ, ਹੋਰ ਕੀ…।”
”ਓਕੇ,ਆ ਜਾਇਆ ਕਰ ਕੱਲ੍ਹ ਤੋਂ।” ਉਨ੍ਹਾਂ ਹੱਸਦਿਆਂ ਹੋਇਆਂ ਆਗਿਆ ਦੇ ਦਿੱਤੀ। ਮੈਂ ਪਿੰਡੋਂ ਸਾਈਕਲ ਉਤੇ ਚੜ੍ਹਦਾ, ਪੌਣੇ ਘੰਟੇ ‘ਚ ਕਚਹਿਰੀ ਜਾ ਵੜਦਾ।
ਪੰਡਤ ਜੀ ਜੱਜਾਂ, ਵਕੀਲਾਂ ਤੇ ਮੁਨਸ਼ੀਆਂ ਬਾਰੇ ਦਿਲਚਸਪ ਟੋਟਕੇ ਸੁਣਾਉਂਦੇ। ਯਾਦ ਰਹਿ ਜਾਂਦੀਆਂ ਗੱਲਾਂ ਮੈਂ ਨੋਟ ਕਰ ਲੈਂਦਾ। ਜਦ ਉਹ ਪੂਰੇ ਰੌਂਅ ‘ਚ ਹੁੰਦੇ ਤਾਂ ਆਖਦੇ, ”ਮੂੰਸ਼ੀ ਜੀ, ਦੋ ਕੱਪ ਚਾਹ, ਇਕ ਤੁਹਾਡਾ ਇਕ ਮੇਰਾ… ਦੋ ਪੀਸ ਰਸ-ਕੇਕ, ਇਕ ਤੁਹਾਡਾ, ਇਕ ਮੇਰਾ, ਜਾਓ ਲੈ ਆਓ, ਤੱਤੀ-ਤੱਤੀ ਚਾਹ…।” ਕੰਟੀਨ ਵੱਲ ਜਾਂਦਿਆਂ ਜਿਵੇਂ ਮੈਂ ਆਪ ਮੁਹਾਰਾ ਹੀ ਬੋਲਣ ਲੱਗਦਾ, ”ਇਕ ਤੁਹਾਡਾ, ਇਕ ਮੇਰਾ…ਇੱਕ ਤੁਹਾਡਾ, ਇੱਕ ਮੇਰਾ।” ਇਕੱਲੇ ਨੂੰ ਹੱਸਦਿਆਂ ਵੇਖ ਹਾਲੀ ਟਾਈਪਿਸਟ ਪੁੱਛਦਾ, ”ਬੜਾ ਖ਼ੁਸ਼ ਐਂ, ਕੀ ਖਵਾਤਾ ਪੰਡਤ ਜੀ ਨੇ ਤੈਨੂੰ?”
”ਗੱਲਾਂ ਦਾ ਕੜਾਹ… ਹੋਰ ਕੀ ਖੁਵਾਣਾ। ਤੂੰ ਖਾਣਾ ਤਿੰਨ-ਮੇਲ ਦਾ ਕੜਾਹ…? ਆਜਿਆ ਕਰ ਤੂੰ ਵੀ।” ਮੈਥੋਂ ਸਿਰੇ ਦੀ ਸੁਣ ਹਾਲੀ ਹੋਰ ਹੱਸਦਾ।
ਇਕ ਦਿਨ ਪੰਡਤ ਜੀ ਰਿਕਸ਼ੇ ਉਤੋਂ ਉਤਰ ਰਹੇ ਸਨ, ਮੈਂ ਉਨ੍ਹਾਂ ਦੇ ਹੱਥ ਵਿਚ ਕੇਸ ਵਾਲਾ ਇਕ ਲਿਫ਼ਾਫ਼ਾ ਵੇਖ ਹੈਰਾਨ ਹੋਇਆ, ”ਅੱਜ ਪੇਸ਼ੀ ਹੈਗੀ ਕੋਈ ਪੰਡਤ ਜੀ, ਸ਼ੁਕਰ ਐ ਆਪਣੇ ਅੱਡੇ ‘ਤੇ ਵੀ ਅੱਜ ਕੋਈ ਕੰਮ ਦੀ ਗੱਲ ਹੋਊ, ਨਹੀਂ ਤੇ ਸਾਰਾ ਦਿਨ ਯੱਭ-ਯੱਭ ‘ਚ ਈ ਲੰਘ ਜਾਂਦੀ ਐ?”
ਪੰਡਤ ਜੀ ਹੱਸੇ, ”ਆਹੋ, ਤਰੀਕ ਈ ਪੈਣੀ ਆਂ, ਬੰਦਾ ਆਊਗਾ ਆਵਾਜ਼ ਵੱਜੀ ਸੁਣ ਕੇ, ਤੂੰ ਜਾ ਆਈਂ ਕੋਰਟ ‘ਚ ਉਹਦੇ ਨਾਲ” ਮੈਂ ਆਪਣੇ ਆਪ ਨਾਲ ਹੱਸਿਆ ਸਾਂ ਕਿ ਅੱਜ ਪੰਡਤ ਜੀ ਦੇ ਅੱਡੇ ਉਤੇ ਕੋਈ ਲਿਫ਼ਾਫ਼ਾ ਵੀ ਦਿਸਿਆ ਹੈ।
ਨਹੀਂ ਤਾਂ ਢਿਚਕੂੰ-ਢਿਚਕੂੰ ਕਰਦੇ ਛੋਟੇ ਜਿਹੇ ਮੇਜ਼ ਉਤੇ ਰਬੜ ਦਾ ਖ਼ਾਲੀ ਛਿੱਕੂ, ਜਿਸ ਵਿਚ ਘਸੇ-ਪੁਰਾਣੇ ਫੀਤੇ, ਖਰਾਬ ਪੈੱਨ ਤੇ ਸੁੱਕੇ ਮੂੰਹ ਵਾਲੀ ਮੋਹਰ ਪਏ ਰਹਿੰਦੇ ਤੇ ਪੰਡਤ ਜੀ ਦੇ ਨਾਂ ਵਾਲੀ ਸਲਿੱਪਾਂ ਦੀ ਪੈਡ ਦੀ ਬੇਸੁਰਤ ਪਈ ਨੂੰ ਕੋਈ ਨਾ ਛੇੜਦਾ। ਪਾਣੀ ਲਿਆਉਣ ਵਾਲੇ ਰਬੜੀ ਜੱਗ ਦਾ ਵੀ ਲੰਗਾਰ ਲਹਿ ਚੱਲਿਆ ਸੀ। ਮੈਂ ਪਾਣੀ ਦਾ ਜੱਗ ਨੱਕੋ-ਨੱਕ ਭਰ ਕੇ ਲਿਆਉਂਦਾ ਤਾਂ ਅੱਡੇ ਤੀਕ ਆਉਂਦਾ ਅੱਧਾ ਰਹਿ ਜਾਂਦਾ, ”ਨਵਾਂ ਲਿਆਵਾਂਗੇ ਹੁਣ ਜੱਗ ਆਪਾਂ, ਕਿੰਨੇ ਕੁ ਦਾ ਆਊ ਨਵਾਂ ਜੱਗ ਮੂੰਸ਼ੀ ਜੀ…?” ਪੰਡਤ ਜੀ ਨਿੱਤ ਪੁਛਦੇ ਪਰਸ਼!
ਕੁਰਸੀ ‘ਤੇ ਬਹਿੰਦੇ ਪੰਡਤ ਜੀ ਨੇ ਮੇਜ਼ ਉਤੇ ਲਿਫ਼ਾਫ਼ਾ ਸੁੱਟ੍ਹਿਆ ਸੀ ਤਾਂ ਅੱਜ ਜਿਵੇਂ ਮੇਜ਼ ਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਹੋਇਆ ਸੀ।
ਉਸ ਕੇਸ ਵਿੱਚ ਦੁਪਹਿਰ ਵੇਲੇ ਆਵਾਜ਼ ਪਈ। ਪੰਡਤ ਜੀ ਦਾ ਇਹ ਗ੍ਰਾਹਕ (ਸਾਈਲ) ਪਿੰਡ ਦਾ ਬੁੱਢਾ ਕਿਸਾਨ ਸੀ। ਇਸਦਾ ਦੇਰ ਤੋਂ ਚੱਲ ਰਿਹਾ ਸੀ ਝਗੜਾ। ਮੈਂ ਲਿਫ਼ਾਫ਼ਾ ਚੁੱਕ ਕੇ ਉਹਦੇ ਨਾਲ ਕੋਰਟ ਨੂੰ ਤੁਰ ਪਿਆ। ਜੱਜ ਨੇ ਤਾਰੀਕ ਪਾ ਰੱਖੀ ਸੀ ਤੇ ਦਸ ਮਿੰਟਾਂ ਵਿਚ ਹੀ ਅਸੀਂ ਵਿਹਲੇ ਸਾਂ। ”ਚੰਗਾ ਜੀ ਬਕੀਲ ਸਾਅ੍ਹਬ, ਮੈਂ ਚਲਦੈਂ ਫੇ… ਪਿੰਡ ਨੂੰ।” ਉਹਨੇ ਆਪਣੇ ਕਮਜ਼ੋਰੀ ਮਾਰੇ ਕਾਲੇ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗੀ।
”ਸਰਦਾਰ ਜੀ, ਅਹਿ ਮੂੰਸ਼ੀ ਜੀ ਨੂੰ ਵੀਹ ਰੁਪਈਏ ਦੇ ਦਿਓ, ਤੁਆਡਾ ਇਕ ਪੇਪਰ ਤਿਆਰ ਕਰਨੈ, ਕੋਰਟ ‘ਚ ਦੇਣ ਨੂੰ।” ਪੰਡਤ ਜੀ ਦੇ ਕਹਿਣ ‘ਤੇ ਉਸਨੇ ਵੀਹਾਂ ਦਾ ਨੋਟ ਮੈਨੂੰ ਫੜਾਇਆ ਤੇ ਤੁਰ ਗਿਆ।
”ਮੂੰਸ਼ੀ ਜੀ, ਦਸ ਤੁਹਾਡੇ, ਦਸ ਮੇਰੇ…ਅਜ ਮੈਂ ਰਸਤੇ ‘ਚ ਰੇਹੜੀ ਤੋਂ ਝਾੜ ਕਰੇਲੇ ਲਿਜਾਣੇ ਨੇ।” ਮੈਨੂੰ ਸਮਝਣ ‘ਚ ਰਤਾ ਦੇਰ ਨਾ ਲੱਗੀ, ਮੈਂ ਜੇਬ ‘ਚੋਂ ਦਸਾਂ ਦਾ ਨੋਟ ਕੱਢ ਕੇ ਪੰਡਤ ਜੀ ਨੂੰ ਫੜਾ ਦਿੱਤਾ।
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …