ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਲਿਬਰਲ ਸਰਕਾਰ ਅਤੇ ਇੰਮੀਗਰੇਸ਼ਨ ਮੰਤਰਾਲੇ ਵੱਲੋਂ ਇੰਮੀਗਰੇਸ਼ਨ ਦੇ ਮਕਸਦ ਲਈ ਮਾਪਿਆਂ ‘ਤੇ ਨਿਰਭਰ ਬੱਚਿਆਂ ਦੀ ਪਰਿਭਾਸ਼ਾ ਬਦਲਣ ਦੀ ਸਰਾਹਨਾ ਕੀਤੀ ਹੈ। ਇਸ ਨਵੀਂ ਪਰਿਭਾਸ਼ਾ ਅਨੁਸਾਰ ਸਰਕਾਰ ਵੱਲੋਂ ਨਿਰਭਰ ਬੱਚਿਆਂ ਦੀ ਉਮਰ ਦੀ ਹੱਦ ਜੋ ਪਹਿਲਾਂ 19 ਸਾਲ ਤੋਂ ਘੱਟ ਸੀ, ਹੁਣ 22 ਸਾਲ ਤੋਂ ਘੱਟ ਕਰ ਦਿੱਤੀ ਗਈ ਹੈ ਜਿਸ ਦਾ ਸੋਨੀਆ ਵੱਲੋਂ ਹਾਰਦਿਕ ਸੁਆਗ਼ਤ ਕੀਤਾ ਗਿਆ ਹੈ।
ਉਮਰ ਹੱਦ ਵਿਚ ਇਹ ਤਬਦੀਲੀ ਲਿਬਰਲ ਸਰਕਾਰ ਦੇ ਮਾਪਿਆਂ ਅਤੇ ਪੜ-ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਮਿਲਾਉਣ ਵਾਲੇ ਪ੍ਰੋਗਰਾਮ ਦੇ ਦੂਸਰੇ ਫ਼ੇਜ਼ ਵਿਚ ਕੀਤੀ ਗਈ ਹੈ ਜਿਸ ਵਿਚ ਇਸ ਮੰਤਵ ਲਈ 10,000 ਅਰਜ਼ੀਆਂ ਨਵੀਆਂ ਸਪਾਂਸਰਸ਼ਿਪ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਪ੍ਰੋਗਰਾਮ ਪਰਿਵਾਰਾਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਮੁੜ-ਮਿਲਾਉਣ ਵਾਲੀ ਸਰਕਾਰ ਦੀ ਲਗਾਤਾਰਤਾ ਪਾਲਿਸੀ ਦੇ ਵਾਅਦੇ ਤਹਿਤ ਹੈ। ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਨੇ ਕਿਹਾ,”ਸਰਕਾਰ ਵੱਲੋਂ ਜੋ ਤਬਦੀਲੀਆਂ ਅੱਜ ਕੀਤੀਆਂ ਜਾ ਰਹੀਆਂ ਹਨ, ਇਹ ਸਰਕਾਰ ਵੱਲੋਂ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਕੀਤੇ ਗਏ ਵਾਅਦਿਆਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਨੂੰ ਦਰਸਾਉਂਦੀਆਂ ਹਨ। ਜਦੋਂ ਨਵੇਂ ਆਵਾਸੀ ਕੈਨੇਡਾ ਵਿਚ ਪਰਿਵਾਰ ਵਜੋਂ ਇਕੱਠੇ ਆਉਂਦੇ ਹਨ ਤਾਂ ਇਸ ਦਾ ਦੇਸ਼ ਦੇ ਅਰਥਚਾਰੇ ਅਤੇ ਸਮੁੱਚੇ ਸਮਾਜ ਨੂੰ ਲਾਭ ਹੁੰਦਾ ਹੈ।”
ਨਿਰਭਰ ਬੱਚਿਆਂ ਦੀ ਇਸ ਨਵੀਂ ਪਰਿਭਾਸ਼ਾ ਆਈ.ਆਰ.ਸੀ.ਸੀ. ਵੱਲੋਂ 24 ਅਕਤੂਬਰ 2017 ਜਾਂ ਇਸ ਤੋਂ ਬਾਅਦ ਪ੍ਰਾਪਤ ਹੋਈਆਂ ਨਵੀਆਂ ਅਰਜ਼ੀਆਂ ਉੱਪਰ ਲਾਗੂ ਹੋਵੇਗੀ। ਸੋਨੀਆ ਸਿੱਧੂ ਨੇ ਇਸ ਤਬਦੀਲੀ ਨਾਲ ਪ੍ਰਭਾਵਿਤ ਅਰਜ਼ੀ-ਧਾਰਕਾਂ ਨੂੰ ਮਸ਼ਵਰਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਰਜ਼ੀ 3 ਮਈ 2017 ਜਾਂ ਇਸ ਤੋਂ ਬਾਅਦ ਦਿੱਤੀ ਗਈ ਹੈ ਜਿਸ ਵਿਚ ਬੱਚਿਆਂ ਦੀ ਉਮਰ 19, 20 ਜਾਂ 21 ਸਾਲ ਹੈ ਤਾਂ ਉਹ ਆਈ.ਆਰ.ਸੀ.ਸੀ. ਨੂੰ ਆਪਣੇ ਵੈੱਬ-ਸੂਤਰਾਂ ਨਾਲ ਆਨ-ਲਾਈਨ ਸੰਪਰਕ ਕਰਨਾ ਚਾਹੀਦਾ ਹੈ।