ਬੋਲ ਬਾਵਾ ਬੋਲ
ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ?
ਨਿੰਦਰ ਘੁਗਿਆਣਵੀ
94174-21700
ਅੱਧੀ ਕੁ ਰਾਤ ਨੂੰ ਮੇਰੀ ਜਾਗ ਮੱਲੋ-ਮੱਲੀ ਟੁੱਟ ਜਾਂਦੀ, ਮੈਂ ਉਪਰੋਂ ਵਿਹੜੇ ਵਿੱਚ ਦੇਖਦਾ, ਘਰ ਦੇ ਜੀਆਂ ਦੇ ਮੰਜੇ ਵੀ ਪਾਪਾ ਦੇ ਮੰਜੇ ਦੇ ਨਾਲ ਹੀ ਡਾਹੇ ਹੁੰਦੇ ਸਨ। ਮੈਂ ਦੇਖਦਾ ਕਿ ਕਿਤੇ ਪਾਪਾ ਦੇ ਪੀੜ ਨਾ ਹੁੰਦੀ ਹੋਵੇ! ਜਦ ਮੈਂ ਦੇਖ ਲੈਂਦਾ ਕਿ ਉਹ ਟਿਕੇ ਹੋਏ ਪਏ ਹਨ ਪਰ ਮੈਨੂੰ ਫਿਰ ਵੀ ਟੇਕ ਨਾ ਆਉਂਦੀ। ਫਿਰ ਚੋਬਾਰੇ ਵਿੱਚੋਂ ਖਲੋ ਕੇ ਗਲੀ ਵਿੱਚ ਝਾਕਦਾ। ਕਾਲੀ ਹਨੇਰ ਭਰੀ ਸੁੰਨੀ ਗਲੀ ਖਾਣ ਨੂੰ ਆਉਂਦੀ। ਅਵਾਰਾ ਕੁੱਤੇ ਭੌਂਕ ਥੱਕ ਹਾਰ ਕੇ ਸੌੰ ਚੁੱਕੇ ਹੁੰਦੇ।
ੲੲੲ
ਜਿੱਦਣ ਉਹ ਕੁਝ ਨਾ ਕੁਝ ਖਾ ਲੈਂਦੇ ਤਾਂ ਸਾਰੇ ਟੱਬਰ ਦੇ ਦਿਲ ਨੂੰ ਕੁਝ ਧਰਵਾਸਾ ਜਿਹਾ ਬੱਝਣ ਲਗਦਾ ਕਿ ਹੁਣ ਠੀਕ ਹੋ ਜਾਣਗੇ। ਕਦੇ-ਕਦੇ, ਕਿਸੇ ਦਿਨ ਉਹ ਵੇਸਣ ਵਾਲੀ ਮਿੱਸੀ ਰੋਟੀ ਆਖ ਕੇ ਬਣਵਾ ਤਾਂ ਲੈਂਦੇ ਪਰ ਸੰਘੋਂ ਬੁਰਕੀ ਨਾ ਲੰਘਦੀ। ਛਡ ਦਿੰਦੇ। ਅਸੀਂ ਫਿਰ ਉਦਾਸ ਹੋ ਜਾਂਦੇ ਕਿ ਕਿੰਨੇ ਚਾਅ ਤੇ ਹੌਸਲੇ ਨਾਲ ਮਾਂ ਨੇ ਰੋਟੀ ਬਣਾਈ ਹੈ, ਨਹੀਂ ਖਾ ਸਕੇ ਹਨ। ਸਵੇਰੇ ਕੰਮ ‘ਤੇ ਜਾਣ ਲੱਗਿਆ ਮੈਂ ਪੁੱਛ ਕੇ ਜਾਂਦਾ,”ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ?” ਉਹ ‘ਨਾਂਹ’ ਵਿੱਚ ਸਿਰ ਫੇਰ ਦਿੰਦੇ। ਮੈਂ ਢੱਠੇ ਜਿਹੇ ਮਨ ਨਾਲ ਕੰਮ ‘ਤੇ ਚਲਿਆ ਜਾਂਦਾ ਪਰ ਕੰਮ ਵਿੱਚ ਦਿਲ ਨਾ ਲਗਦਾ। ਦਿਨ ਵਿੱਚ ਪੱਕਾ ਕੀਤੇ ਜਾਣ ਵਾਲਾ ਕੰਮ (ਰੇਡੀਓ ਲਈ ਖਬਰਾਂ, ਕੁਝ ਕਾਲਮ ਆਦਿ) ਵੀ ਮਸਾਂ ਨਿਬੇੜਦਾ ਤੇ ਸਾਦਿਕ ਮੰਡੀ ਤੋਂ ਫਿਰ ਦਿਨ ਖੜ੍ਹੇ ਹੀ ਪਿੰਡ ਆ ਜਾਂਦਾ। ਜੇ ਉਹ ਸੁੱਤੇ ਹੁੰਦੇ ਤਾਂ ਮੇਰੇ ਸਕੂਟਰ ਦੀ ਆਵਾਜ਼ ਸੁਣ ਜਾਗ ਜਾਂਦੇ, ਜਾਂ ਪਿੰਡ ਦਾ ਕੋਈ ਹਾਲ-ਚਾਲ ਪੁੱਛਣ ਆਇਆ ਕੋਲ ਬੈਠਾ ਹੁੰਦਾ। ਘਰ ਦਾ ਕੋਈ ਨਾ ਕੋਈ ਜੀਅ ਉਹਨਾਂ ਦੀਆਂ ਲੱਤਾਂ ਘੁੱਟ ਰਿਹਾ ਹੁੰਦਾ। ਹੁਣ ਹਸਪਤਾਲ ਵਿੱਚ ਜਾਣ ਜੋਗੇ ਉੱਕਾ ਨਹੀਂ ਸਨ ਰਹੇ। ਪਰ ਇਸਦੇ ਬਾਵਜੂਦ ਵੀ ਮੈਡੀਕਲ ਕਾਲਜ ਦੇ ਕਈ ਵੱਡੇ ਡਾਕਟਰ ਐਚ.ਪੀ ਐੱਸ ਸੰਧੂ ਤੱਕ ਵੀ ਖੁਦ ਘਰ ਆਣ ਕ ਉਹਨਾਂ ਦੀ ਹਾਲਤ ਦਾ ਲਗਾਤਾਰ ਜਾਇਜ਼ਾ ਲੈਂਦੇ ਤੇ ਉਹਨਾਂ ਨੂੰ ਅੱਗੋਂ ਸੌਖਿਆਂ ਰੱਖਣ ਲਈ ਯਤਨ ਦਸਦੇ ਰਹਿੰਦੇ। ਮੈਂ ਫੋਨ ਕਰ ਕੇ ਵੀ ਡਾਕਟਰਾਂ ਨੂੰ ਪੁੱਛਣ-ਦੱਸਣ ਦੀ ਤਕਲੀਫ਼ ਦਿੰਦਾ ਰਹਿੰਦਾ। ਡਾਕਟਰਾਂ ਦਾ ਰਵੱਈਆਂ ਹਮੇਸ਼ਾ ਹਮਦਰਦੀ ਪੂਰਨ ਰਿਹਾ। ਉਹ ਸਾਰੇ ਡਾਕਟਰ ਪਾਪਾ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਿਲ ਹੋਏ। (ਇੱਥੇ ਦਸਦਾ ਜਾਵਾਂ ਕਿ ਦੁੱਖ ਦੀ ਇਸ ਘੜੀ ਸਮੇਂ ਜਿਹੜੀ ਗੱਲ ਨੇ ਮੈਨੂੰ ਮਾਨਸਿਕ ਤੌਰ ‘ਤੇ ਤਕੜਾ ਕੀਤਾ ਉਹ ਇਹ ਹੈ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਸਾਰੇ ਦਾ ਸਾਰਾ ਪਿੰਡ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਾਪਾ ਦਾ ਹਾਲ-ਚਾਲ ਪੁੱਛਣ ਲਈ ਬਹੁੜੇਗਾ? ਰੋਜ਼ਾਨਾ ਪਿੰਡ ਵਿੱਚੋਂ ਪੰਜਾਹ ਤੋਂ ਵੱਧ ਬੰਦੇ-ਬੁੜੀਆਂ ਆਥਣ-ਸਵੇਰੇ ਆਉਂਦੇ ਸਨ। ਇੱਥੋਂ ਮੈਨੂੰ ਇਹ ਵੀ ਇਲਮ ਹੋਇਆ ਕਿ ਪਿੰਡ ਵਿੱਚ ਰਹਿਣ ਦੀ ਮਹੱਤਤਾ ਕਿੰਨੀ ਵਧੇਰੇ ਹੈ। ਕਿਵੇਂ ਲੋਕ ਇੱਕ ਦੂਜੇ ਦਾ ਦੁੱਖ-ਸੁੱਖ ਇਕੱਠੇ ਹੋਕੇ ਵੰਡਦੇ ਹਨ। ਇਸੇ ਨੂੰ ਪੇਂਡੂ ਭਾਈਚਾਰਾ ਕਹਿੰਦੇ ਹਨ। ਦੂਜਾ, ਸਾਰੇ ਦੇ ਸਾਰੇ ਪਿੰਡ ਨੇ ਕੱਠੇ ਹੋਕੇ ਜਿਵੇਂ ਪਾਪਾ ਦੀਆਂ ਅੰਤਮ ਰਸਮਾਂ ਨਿਭਾਈਆਂ ਤੇ ਮੇਰਾ ਮਨੋਬਲ ਤਕੜਾ ਕੀਤਾ, ਸਾਰੇ ਪੰਜਾਬ ਦੇ ਕੋਨੇ-ਕੋਨੇ ‘ਚੋਂ ਆਏ ਹਜ਼ਾਰਾਂ ਲੋਕਾਂ, ਲੇਖਕਾਂ, ਕਲਾਕਾਰਾਂ ਤੇ ਸਾਰੇ ਜ਼ਿਲਿਆਂ ਦੇ ਵੱਡੇ-ਵੱਡੇ ਅਫਸਰਾਂ ਤੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਲਿਆ, ਲੋਕਾਂ ਦਾ ਏਨਾ ਕੱਠ ਦੇਖਕੇ ਸੱਚ ਨਹੀਂ ਸੀ ਆ ਰਿਹਾ ਕਿ ਇਹ ਮੇਰੇ ਪਾਪਾ ਦਾ ‘ਕੱਠ ਹੈ?)
ਹੁਣ ਜਦ ਕਦੇ ਪਿੰਡ ਦਾ ਕੋਈ ਕਹਿੰਦੈ, ”ਬਿੱਲੂ ਸੇਠਾ, (ਪਾਪਾ ਦਾ ਕੱਚਾ ਨਾਂ ਬਿੱਲੂ ਤੇ ਪੱਕਾ ਨਾਂ ਰੋਸ਼ਨ ਲਾਲ ਸੀ) ਬਾਹਲੀ ਛੋਟੀ ਉਮਰ ਵਿੱਚ ਚਲਾ ਗਿਆ ਐਂ, ਸੱਠ-ਬਾਹਟ ਸਾਲ ਕੀ ਉਮਰ ਹੁੰਦੀ ਆ, ਤੇਰੀਆਂ ਦਿਲ-ਲਗੀਆਂ ਤੇ ਮਖੌਲ-ਵਾਣੀ ਨੂੰ ਤਰਸਾਂਗੇ ਬਿੱਲੂ ਸੇਠਾ।” ਪਾਪਾ ਮਖੌਲੀ ਬਹੁਤ ਸੀ। ਇੱਕਵਿਸੈਸ਼ ਗੱਲ ਹੋਰ: ਪਿੰਡ ਵਿੱਚ ਜੇ ਕਿਸੇ ਦੇ ਧਰਨ (ਢਿੱਡ ‘ਚ ਪੀੜ) ਪੈਣੀ ਤਾਂ ਅਗਲੇ ਨੇ ਪਾਪੇ ਵੱਲ ਭੱਜਣਾ। ਇਹਨੇ ਅਗਲੇ ਨੂੰ ਭੁੰਜੇ ਪਾ ਕੇ ਰੱਸੀ ਨਾਲ ਢਿੱਡ ਦੀ ਉਚਾਈ-ਨੀਵਾਈ ਮਿਣਨੀ ਤੇ ਫਿਰ ਡੌਲਿਓਂ ਹੇਠਾਂ ਦੀ ਨਾੜ ਨੱਪਕੇ ਧਰਨ ਕੱਢ ਦੇਣੀ। ਨਾ ਟੀਕਾ ਲਵਾਉਣ ਦੀ ਲੋੜ, ਨਾ ਗੋਲੀ ਖਾਣ ਦੀ।
ਖੈਰ! ਪਾਪਾ ਹਰੇਕ ਆਏ-ਗਏ ਨੂੰ ਅਖੀਰ ਤੀਕ ਆਖਦੇ ਰਹੇ ਸਨ ਕਿ ਮੈਂ ਠੀਕ ਹੋ ਜਾਊਂਗਾ। ਖੇਤ ਜਾਇਆ ਕਰੂੰਗਾ,ਐਤਕੀ ਖਾਣ ਜੋਗੀ ਕਣਕ ਆਜੂਗੀ, ਫੇਰ ਪੱਠੇ ਬੀਜਾਂਗੇ, ਇੱਕ ਪਸੂ ਹੋਰ ਰੱਖ ਲਵਾਂਗੇ, ਘਰੇ ਦੁੱਧ ਹੋਰ ਹੋਜੂ…।
ਪ੍ਰਸਿੱਧ ਲੋਕ ਗਾਇਕ ਹਰਜੀਤ ਹਰਮਨ ਪੁਰਾਣਾ ਦੋਸਤ ਹੋਣ ਕਾਰਨ ਅਕਸਰ ਮੇਰੇ ਕੋਲ ਪਿੰਡ ਆਉਂਦਾ। ਅਸੀਂ ਚੁਬਾਰੇ ਵਿੱਚ ਬਹਿ ਕੇ ਗਾਉਂਦੇ। ਪਾਪਾ ਉਹਦੇ ਗੀਤ ਸੁਣ ਕੇ ਬਾਗੋ-ਬਾਗ ਹੋ ਜਾਂਦਾ। ਹਰਮਨ ਦਾ ਇੱਕ ਗੀਤ ਤਾਂ ਪਾਪਾ ਦੇ ਦਿਲ ਵਿੱਚ ਵੱਸ ਗਿਆ ਹੋਇਆ ਸੀ। ਆਪਣੀ ਅੰਤਲੇ ਦਿਨਾਂ ਵਿੱਚ ਉਹ ਜਦ ਆਪਣੇ ਆਪ ਨੂੰ ਕੁਝ ‘ਠੀਕ-ਠੀਕ’ ਜਿਹਾ ਮਹਿਸੂਸ ਕਰਦੇ ਤਾਂ ਕਹਿੰਦੇ, ”ਉਹ ਨਾਭੇ ਵਾਲੇ ਮੁੰਡੇ ਦਾ ਗੀਤ ਸੁਣਾ ਦਿਓ ਯਾਰ…।” ਮੇਰਾ ਭਰਾ ਛਿੰਦਰ ਆਪਣੇ ਮੋਬਾਈਲ ਫੋਨ ‘ਤੇ ਗੀਤ ਪਲੇਅ ਕਰਦਾ ਤੇ ਫੋਨ ਪਾਪਾ ਦੇ ਕੰਨ ਨੂੰ ਲਾ ਦਿੰਦਾ। ਗੀਤ ਦੇ ਬੋਲ ਗੂੰਜਦੇ:
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ,
ਤੋਰੀਏ ਨੂੰ ਪੈਂਦੇ ਉਦੋਂ ਪੀਲੇ-ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ…
ਗੀਤ ਮੁਕਦਾ ਤਾਂ ਪਾਪਾ ਕਹਿੰਦਾ, ” ਮੈਂ ਚਾਲੀ ਸਾਲ ਖੇਤੀ ਦਾ ਕੰਮ ਕੀਤਾ ਐ, ਤੋਰੀਏ ਨੂੰ ਫੁੱਲ ਪੈਣ ਵਾਲੇ ਦਿਨ ਯਾਦ ਆ ਗਏ ਨੇ, ਬਹੁਤ ਸੋਹਣਾ ਗਾਇਆ ਮੁੰਡੇ ਨੇ।” ਮੇਰੇ ਦੋਸਤ ਵਰੁਣ ਰੂਜ਼ਮ ਆਈ.ਏ.ਐੱਸ ਨੂੰ ਘਰ ਆਇਆਂ ਦੇਖ ਪਾਪਾ ਆਖਦਾ,”ਲੈ ਦੇਖੋ ਰੱਬ ਦੀ ਕਿਰਪਾ ਐ,ਨਿੱਕਾ ਜਿਅ੍ਹਾ ਮੁੰਡਾ ਐ ਤੇ ਡੀ.ਸੀ.ਲੱਗਿਆ ਹੋਇਆ ਐ,ਮਿਹਨਤ ਨੂੰ ਫਲ ਲਗਦੇ ਐ,ਜਦੋਂ ਅਸੀਂ ਏਹਦੀ ਉਮਰ ਦੇ ਹੁੰਦੇ ਸਾਂ ਅਸੀਂ ਡੀ.ਸੀ ਤਾਂ ਕੀ ਵੇਖਣਾ…ਕਦੇ ਥਾਣੇਦਾਰ ਨਹੀਂ ਸੀ ਵੇਖਿਆ।” ਵਰੁਣ ਰੂਜ਼ਮ ਹੈਰਾਨ ਹੋ ਕੇ ਮੁਸਕ੍ਰਾਉਂਦਾ ਪਾਪਾ ਦੀਆਂ ਅਜਿਹੀਆਂ ਸਿੱਧੀਆਂ-ਸਾਦੀਆਂ ਗੱਲਾਂ ਸੁਣ ਕੇ ਸੋਚਦਾ ਕਿ ਪੰਜਾਬ ਵਿੱਚ ਕਦੀ ਅਜਿਹੇ ਜ਼ਮਾਨੇ ਵੀ ਹੁੰਦੇ ਸਨ?
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …