Breaking News
Home / ਪੰਜਾਬ / ਸਾਢੇ ਸੱਤ ਫੁੱਟਾ ਪੁਲਿਸ ਦਾ ਜਵਾਨ ਬਣਿਆ ਖਿੱਚ ਦਾ ਕੇਂਦਰ

ਸਾਢੇ ਸੱਤ ਫੁੱਟਾ ਪੁਲਿਸ ਦਾ ਜਵਾਨ ਬਣਿਆ ਖਿੱਚ ਦਾ ਕੇਂਦਰ

ਮਾਨਸਾ/ਬਿਊਰੋ ਨਿਊਜ਼ : ਡੇਰਾ ਵਿਵਾਦ ਕਾਰਨ ਅੰਮ੍ਰਿਤਸਰ ਤੋਂ ਮਾਨਸਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਡਿਊਟੀ ਕਰਨ ਆਇਆ ਪੁਲਿਸ ਦਾ ਜਵਾਨ ਮਾਨਸਾ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗ੍ਰੇਟ ਖਲੀ ਤੋਂ ਵੱਧ ਕੱਦ ਅਤੇ ਵਜ਼ਨ ਵਾਲੇ ਸਿਪਾਹੀ ਜਗਦੀਪ ਸਿੰਘ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁੜ ਰਹੀ ਹੈ। ਸੱਤ ਫੁੱਟ ਛੇ ਇੰਚ ਦਾ ਉੱਚਾ ਕੱਦ ਅਤੇ ਇੱਕ ਸੌ ਅੱਸੀ ਕਿਲੋ ਵਜ਼ਨੀ ਪੰਜਾਬ ਪੁਲਿਸ ਦੇ ਇਸ ਜਵਾਨ ਨੂੰ ਹਰ ਕੋਈ ਦੇਖਕੇ ਦੰਗ ਰਹਿ ਜਾਂਦਾ ਹੈ। 10 ਦਸੰਬਰ 1983 ਨੂੰ ਜਨਮਿਆ ਜਗਦੀਪ ਸਿੰਘ ਇਸ ਵੇਲੇ ਪੰਜਾਬ ਆਰਮਡ ਪੁਲਿਸ 9 ਬਟਾਲੀਅਨ ਅੰਮ੍ਰਿਤਸਰ ਵਿੱਚ ਬਤੌਰ ਸਿਪਾਹੀ ਡਿਊਟੀ ਨਿਭਾ ਰਿਹਾ ਹੈ। ਉਹ ਪਿੰਡ ਜਠੌਲ (ਅੰਮ੍ਰਿਤਸਰ) ਦਾ ਰਹਿਣ ਵਾਲਾ ਹੈ ਅਤੇ ਇਸ ਦੇ ਪੈਰਾਂ ਵਿਚ 19 ਨੰਬਰ ਬੂਟ ਆਉਂਦੇ ਹਨ, ਜਿਨ੍ਹਾਂ ਨੂੰ ਸਪੈਸ਼ਲ ਬਣਵਾਉਣਾ ਪੈਂਦਾ ਹੈ। ਇਸ ਸਿਪਾਹੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਉੱਚੇ-ਲੰਬੇ ਕੱਦ ਕਾਰਨ ਫ਼ਿਲਮਾਂ ਵਾਲਿਆਂ ਨੇ ਕਾਫ਼ੀ ਪਸੰਦ ਕੀਤਾ ਹੈ ਅਤੇ ਉਹ ਹੁਣ ਤੱਕ ਤਿੰਨ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ।
ਉਹ ਬੜੇ ਮਾਣ ਨਾਲ ਦੱਸਦਾ ਹੈ ਕਿ ਉਸ ਨੇ ਆਮਿਰ ਖਾਨ ਅਤੇ ਓਮ ਪੁਰੀ ਨਾਲ ਹਿੰਦੀ ਫ਼ਿਲਮਾਂ ਕੀਤੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ‘ਰੰਗ ਦੇ ਬਸੰਤੀ’, ‘ਫਿਰ ਹੇਰਾ ਫੇਰੀ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਬਾਰ੍ਹਵੀਂ ਪਾਸ ਇਸ ਜਵਾਨ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਉਸ ਨੂੰ ਕੋਈ ਸਤਿਕਾਰ ਅਤੇ ਸਨਮਾਨ ਨਹੀਂ ਦਿੱਤਾ ਗਿਆ। ਵੈਸੇ ਉਹ ਇਸ ਲੰਬੇ ਕੱਦ ਨੂੰ ਕੁਦਰਤ ਦੀ ਮਿਹਰਬਾਨੀ ਦੱਸਕੇ ਉਸ ਦਾ ਸ਼ੁਕਰੀਆ ਕਰਦਾ ਹੈ।

Check Also

ਵਿਧਾਨ ਸਭਾ ‘ਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਮਾਮਲਾ ਵੀ ਉਠਿਆ

ਚੰਡੀਗੜ੍ਹ : ਬਜਟ ਇਜਲਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਸਲਾ ਵੀ ਗੂੰਜਿਆ। …