Breaking News
Home / ਘਰ ਪਰਿਵਾਰ / ਪਿਆਰ, ਖੁਸ਼ੀ ਤੇ ਸੰਤੁਸ਼ਟਤਾ

ਪਿਆਰ, ਖੁਸ਼ੀ ਤੇ ਸੰਤੁਸ਼ਟਤਾ

ਕਲਵੰਤ ਸਿੰਘ ਸਹੋਤਾ
ਪਤਾ ਨਹੀਂ ਲਗਦਾ ਕਿ ਪਿਆਰ ਵਾਰੇ ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿਵੇਂ ਕਰਾਂ, ਇਹ ਜੀਵਨ ਦਾ ਪ੍ਰਮੁੱਖ ਅੰਗ ਹੈ। ਇਹ ਦਿਸਦਾ ਨਹੀਂ, ਇਸ ਦਾ ਕੋਈ ਰੂਪ ਜਾਂ ਅਕਾਰ ਨਹੀਂ, ਇਸ ਨੂੰ ਫੜ ਕੇ ਨਹੀਂ ਦੇਖਿਆ ਜਾ ਸਕਦਾ ਪਰ ਅਨੁਭਵ ਕੀਤਾ ਜਾ ਸਕਦਾ ਹੈ ਤੇ ਮਾਣਿਆਂ ਜਾ ਸਕਦਾ ਹੈ। ਜਿਸ ਜੀਵਨ ‘ਚ ਪਿਆਰ ਨਹੀਂ ਉਹ ਜੀਵਨ ਰੁੱਖਾ, ਬੇਸੁਆਦ, ਡੱਲ ਤੇ ਅਰਥਹੀਣ ਹੋ ਕੇ ਰਹਿ ਜਾਂਦਾ ਹੈ। ਪਿਆਰ ਵਾਸਤੇ ਕਿਸੇ ਸਕੂਲ, ਯੂਨੀਵਰਸਿਟੀ ਜਾਂ ਕਿਸੇ ਹੋਰ ਸਿੱਖਿਅਕ ਅਦਾਰੇ ‘ਚ ਕੋਈ ਡਿਗਰੀ ਲੈਣ ਨਹੀਂ ਜਾਣਾ ਪੈਂਦਾ। ਇਹ ਅਨਪ੍ਹੜਾਂ ‘ਚ ਵੀ ਉਤਨਾਂ ਹੀ ਪ੍ਰਬਲ ਹੁੰਦਾ ਹੈ ਜਿਤਨਾਂ ਪੜ੍ਹਿਆਂ ਲਿਖਿਆਂ ‘ਚ, ਸਧਾਰਨ ਲੋਕਾਂ ‘ਚ ਵੀ ਤੇ ਪੇਸ਼ਾਵਰਾਂ ‘ਚ ਵੀ, ਅਮੀਰਾਂ ‘ਚ ਵੀ ਤੇ ਗਰੀਬਾਂ ‘ਚ ਵੀ, ਰਾਜੇ ਰਾਣੀਆਂ ‘ਚ ਵੀ ਤੇ ਪਰਜਾ ‘ਚ ਵੀ, ਇਥੋਂ ਤੱਕ ਕਿ ਇਹ ਪਸ਼ੂ ਪੰਛੀਆਂ ਤੇ ਜੀਵ ਜੰਤੂਆਂ ‘ਚ ਵੀ ਹੈ। ਇਸ ਦਾ ਕੋਈ ਖਾਸ ਸਥਾਨ ਤੇ ਸਮਾਂ ਨਹੀਂ ਹੁੰਦਾ, ਇਹ ਬੇਪ੍ਰਬਾਹ ਜੀਵਨ ਦੇ ਨਾਲ ਨਿਰੰਤਰ ਚਲਦਾ ਰਹਿੰਦਾ ਹੈ, ਇਹ ਧਰਮੀਆਂ ‘ਚ ਵੀ ਹੈ ਤੇ ਅਧਰਮੀਆਂ ‘ਚ ਵੀ, ਇਹ ਕਿਸੇ ਬਜ਼ਾਰੋਂ ਨਹੀਂ ਲੱਭਦਾ, ਕਿਸੇ ਹੱਟੀ ਤੇ ਨਹੀਂ ਵਿਕਦਾ, ਇਸ ਨੂੰ ਬਣਾਉਣ ਵਾਲਾ ਕੋਈ ਕਾਰਖਾਨਾਂ ਨਹੀਂ ਦਿਸਦਾ।
ਅੱਜ ਦੇ ਯੁਗ ‘ਚ ਪਿਆਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਜਿਉਂ ਜਿਉਂ ਪਦਾਰਥੀ ਚੀਜ਼ਾਂ ਅਤੇ ਨਵੀਆਂ ਸੁੱਖ ਸਹੂਲਤਾਂ ਦੀ ਦੌੜ ਵਧਦੀ ਹੈ ਉਤਨਾਂ ਹੀ ਪਿਆਰ ਅਲੋਪ ਹੋਈ ਜਾ ਰਿਹਾ। ਜਿਵੇਂ ਉੱਪਰ ਜ਼ਿਕਰ ਕੀਤਾ, ਪਿਆਰ ਦਿਸਣ ਵਾਲੀ ਤਾਂ ਕੋਈ ਬਸਤੂ ਹੈ ਨਹੀਂ, ਪਰ ਪਦਾਰਥਾਂ ਦੇ ਯੁੱਗ ਵਿੱਚ ਇਹ ਹੋਰ ਵੀ ਤੇਜ਼ੀ ਨਾਲ ਅਲੋਪ ਹੋਈ ਜਾ ਰਿਹਾ। ਜਿਉਂ ਜਿਉਂ ਇਸ ਦਾ ਪ੍ਰਭਾਵ ਸਾਡੇ ਜੀਵਨ ‘ਚੋਂ ਘਟਦਾ ਤਿਉਂ ਤਿਉਂ ਹੀ ਅਸੀਂ ਅੰਦਰੋਂ ਹੋਰ ਖੋਖਲੇ ਹੋਏ ਮਹਿਸੂਸ ਕਰਦੇ ਹਾਂ, ਖਾਲੀ ਖਾਲੀ ਲੱਗਣ ਲਗਦਾ ਹੈ ਅੰਦਰ। ਹੋਰ ਪਦਾਰਥਾਂ ਨੂੰ ਇਕੱਠੇ ਕਰਨ ਦੀ ਦੌੜ ਤੇਜ਼ ਹੁੰਦੀ ਹੈ, ਵੱਧ ਪਦਾਰਥ ਇਕੱਠੇ ਕਰਦੇ ਹਾਂ, ਪਿਆਰ ਹੋਰ ਦੂਰ ਨੱਠ ਜਾਂਦਾ ਹੈ। ਇਹ ਇਕ ਅਜਿਹਾ ਚੱਕਰ ਹੈ, ਜਿਸ ‘ਚ ਜਿੰਨਾ ਵੱਧ ਅਸੀਂ ਪੈਂਦੇ ਹਾਂ ਉਨਾਂ ਹੀ ਵੱਧ ਖੁਭਦੇ ਹਾਂ, ਉਤਨਾਂ ਹੀ ਤੇਜੀ ਨਾਲ ਪਿਆਰ ਵਾਲਾ ਰਖਨਾਂ ਸਾਡੇ ਅੰਦਰ ਵੱਧ ਖਾਲੀ ਹੋਈ ਜਾਂਦਾ ਹੈ। ਬਨਾਬਟੀ ਖੁਸ਼ੀਆਂ ਪ੍ਰਗਟ ਕਰਨ ਦੇ ਬਨਾਬਟੀ ਛੜਯੰਤਰ ਰਚਦੇ ਹਾਂ, ਬੇਅੰਤ ਖਰਚਾ ਕਰਦੇ ਹਾਂ ਪਰ ਸੱਚੀ ਖੁਸ਼ੀ ਲੱਭਦੀ ਨਹੀਂ। ਪੈਸੇ ਦੇ ਜ਼ੋਰ ਖੁਸ਼ੀ ਤੇ ਪਿਆਰ ਖ੍ਰੀਦਣ ਦਾ ਯਤਨ ਕਰਦੇ ਹਾਂ। ਪਿਆਰ ਤੇ ਖੁਸ਼ੀ ਇਕ ਅਜਿਹੀ ਵਸਤੂ ਹੈ ਜਿਹੜੀ ਪੈਸੇ ਨਾਲ ਸਥਾਈ ਤੌਰ ਤੇ ਖਰੀਦੀ ਨਹੀਂ ਜਾ ਸਕਦੀ।
ਪਿਆਰ ਖੁਸ਼ੀ ਤੇ ਸੰਤੁਸ਼ਟਤਾ ਦਾ ਇਕ ਸਮੇਲ ਹੈ। ਇਹ ਤਿੰਨੇ ਇਕੋ ਪਰਵਾਰ ਦੇ ਜੀਅ ਹਨ। ਸੰਤੁਸ਼ਟਤਾ ਹੈ ਤਾਂ ਖੁਸ਼ੀ ਮਿਲੇਗੀ, ਖੁਸ਼ੀ ਹੋਏਗੀ ਤਾਂ ਅੰਦਰੋਂ ਪਿਆਰ ਦਾ ਸੋਮਾਂ ਫੁੱਟ ਪਏਗਾ, ਪਰ ਸੰਤੁਸ਼ਟਤਾ ਲਈ ਭੀ ਕੁਰਬਾਨੀ ਕਰਨੀ ਪੈਂਦੀ ਹੈ, ਆਸਾਂ ਉਮੰਗਾਂ ਦੀ ਦੌੜ ਸੀਮਤ ਤੇ ਦਾਇਰੇ ‘ਚ ਰੱਖਾਂਗੇ ਤਾਂ ਸੰਤੁਸ਼ਟਤਾ ਮਿਲੇਗੀ, ਲੋੜਾਂ ਸੀਮਤ ਰੱਖ ਜੀਵਨ ਜਿਉਣ ਦੀ ਜਾਂਚ ਸਿੱਖਾਂਗੇ ਤਾਂ ਮਨ ਦੀ ਦੌੜ ਘਟੇਗੀ, ਤੇਜ਼ ਰਫਤਾਰ ਜ਼ਿੰਦਗੀ ਦੀ ਗੱਡੀਉਂ ਉਤਰ ਬਾਹਰ ਸਟੇਸ਼ਨ ਤੇ ਬੈਠ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਸ਼ਕੂਨ ਮਿਲੇਗਾ, ਇਥੋਂ ਪਿਆਰ ਤੇ ਖੁਸ਼ੀ ਦਾ ਰਾਹ ਦਿਸੇਗਾ। ਝੂਠਾ ਦਿਖਾਵਾ, ਬਨਾਬਟੀ ਸ਼ੁਹਰਤ ਅਤੇ ਫੋਕੀ ਟੌਹਰ ਅੱਜ ਦੇ ਪਦਾਰਥੀ ਯੁੱਗ ਦਾ ਮੁੱਖ ਅੰਗ ਬਣ ਗਏ ਹਨ। ਇਹ ਆਤਮ ਵਿਸ਼ਵਾਸ ਦੇ ਘਾਟ ਦੀ ਨਿਸ਼ਾਨੀ ਹੈ। ਇਸ ਰਸਤੇ ਚੱਲਦਿਆਂ ਪਿਆਰ ਤੇ ਖੁਸ਼ੀ ਨਹੀਂ ਪਰਾਪਤ ਹੋਣੇ, ਬਲਕਿ ਮਨ ਦੀ ਦੁਭਿਦਾ ਹੋਰ ਬਧਣੀ ਹੈ, ਬੇਚੈਨੀ ਨੇ ਮਨ ‘ਚ ਘਰ ਕਰ ਲੈਣਾਂ ਹੈ ਤੇ ਇਸ ਹਾਲਤ ਖੁਸ਼ੀ ਤੇ ਪਿਆਰ ਅੰਦਰੋਂ ਖੰਭ ਲਾ ਕੇ ਉਡ ਜਾਣੇ ਹਨ।
ਦਰਅਸਲ ਪਦਾਰਥੀ ਜੀਵਨ ਦਾ ਇਹ ਇਕ ਖਾਸਾ ਹੈ ਕਿ ਇਹ ਇਕ ਨਾਂ ਮੁੱਕਣ ਵਾਲੀ ਤੇ ਦਿਸ਼ਾਹੀਣ ਦੌੜ ਹੈ। ਇਸ ਦੀ ਕੋਈ ਫਿਨਿਸ਼ ਲਾਈਨ ਨਹੀਂ। ਵੱਧ ਇਸ ‘ਚ ਦੌੜੋਗੇ ਵੱਧ ਨਿਰਾਸ਼ ਤੇ ਵੱਧ ਅੰਦਰੋਂ ਖਾਲੀ ਖਾਲੀ ਮਹਿਸੂਸ ਕਰੋਗੇ। ਜੀਵਨ ਦੀਆਂ ਅਸਲੀ ਕਦਰਾਂ ਕੀਮਤਾਂ ਨੂੰ ਅਸਾਂ ਅੱਜ ਪਦਾਰਥਾਂ ਨਾਲ ਬੰਨ ਦਿਤਾ ਹੈ। ਬਹੁਕੌਮੀ ਕਾਰਪੋਰੇਸ਼ਨਾਂ ਅਧਿਕ ਮੁਨਾਫਾ ਕਮਾਉਣ ਦੇ ਨਿਸ਼ਾਨੇ ਨਾਲ ਵੱਧ ਤੋਂ ਵੱਧ ਆਪਣੀਆਂ ਨਵੀਆਂ ਬਣਾਈਆਂ ਬਸਤਾਂ ਤੇ ਸੇਵਾਵਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕਰਨ ਦੇ ਢੰਗ ਤਰੀਕੇ ਵਰਤਦੀਆਂ ਹਨ ਤੇ ਇੰਜ ਸਾਡੇ ਦੁੱਭਿਦਾ ‘ਚ ਪਏ ਮਨ ਨੂੰ ਹੋਰ ਦੁਭਿਦਾ ਪਾਉਂਦੀਆਂ ਹਨ। ਜਦੋਂ ਆਲੇ ਦੁਆਲੇ ਦਾ ਵਾਤਾਵਰਨ ਇਹੋ ਜਿਹਾ ਹੋਵੇ ਤਾਂ ਮਨ ‘ਚ ਖੁਸ਼ੀ ਕਿਥੋਂ ਤੇ ਪਿਆਰ ਕਿਥੋਂ? ਹਾਂ ਆਰਜ਼ੀ ਤੌਰ ‘ਤੇ ਨਵੀਆਂ ਪ੍ਰਾਪਤ ਕੀਤੀਆਂ ਬੇਲੋੜੀਆਂ ਪਦਾਰਥੀ ਚੀਜ਼ਾਂ ਨਾਲ ਕੁਝ ਚਿਰ ਲਈ ਤਾਂ ਲੱਗੇਗਾ ਕਿ ਇਨ੍ਹਾਂ ਨੂੰ ਪ੍ਰਾਪਤ ਕਰ ਤੁਸੀਂ ਖੁਸ਼ ਹੋ ਗਏ ਹੋ ਪਰ ਥੋੜੇ ਚਿਰ ਬਾਅਦ ਹੀ ਅੰਦਰ ਖੋਖਲਾ ਖੋਖਲਾ ਲੱਗਣ ਲੱਗ ਜਾਏਗਾ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਹੋਰ ਪਦਾਰਥ ਇਕੱਠੇ ਕਰਨ ਦੀ ਦੌੜ ਦੀ ਗੱਡੀ ਮੁੜ ਚੜ੍ਹ ਦੁਬਿਧਾ ਦੇ ਘੇਰੇ ‘ਚ ਗੁਆਚ ਜਾਵੋਗੇ।
ਪਦਾਰਥੀ ਯੁੱਗ ‘ਚ ਪਦਾਰਥੀ ਦੌੜ ਸਾਨੂੰ ਬੱਚਿਆਂ ਨਾਲ ਸਮਾਂ ਬਿਤਉਣ ਤੋਂ ਭੀ ਦੂਰ ਕਰਦੀ ਹੈ, ਇੰਜ ਬੱਚਿਆਂ ਨੂੰ ਉਹ ਪਿਆਰ, ਸਨੇਹ ਤੇ ਅਪਣੱਤ ਦੇਣ ਤੋਂ ਅਸੀਂ ਬਾਂਝੇ ਕਰ ਦਿੰਦੇ ਹਾਂ। ਇਸ ਤਰ੍ਹਾਂ ਉਹਨਾਂ ਦੇ ਅੰਦਰ ਜਿਹੜੀ ਅਪਣੱਤ ਤੇ ਪਿਆਰ ਦੀ ਚਿਣਗ ਅਸੀਂ ਜਗਾਉਣੀਂ ਹੁੰਦੀ ਹੈ ਉਹ ਜਗਦੀ ਨਹੀਂ। ਅੱਜ ਆਮ ਸ਼ਿਕਾਇਤ ਹੈ ਕਿ ਪਰਿਵਾਰਾਂ ‘ਚ ਪਿਆਰ ਨਹੀਂ ਰਿਹਾ, ਰਿਸ਼ਤਿਆਂ ‘ਚ ਖਟਾਸ ਹੈ, ਹਰ ਗੱਲ ਤੇ ਮੈਂ ਭਾਰੂ ਹੈ, ਪਰਵਾਰਿਕ ਜੁੰਮੇਵਾਰੀ ਦਾ ਰੁਝਾਨ ਖੰਭ ਲਾ ਕੇ ਉਡੀ ਜਾ ਰਿਹਾ ਹੈ। ਇਹ ਸਭ ਆਪਣੇ ਆਲੇ ਦੁਆਲੇ ਦੇ ਪ੍ਰਭਾਵ ਦਾ ਹੀ ਅਕਸ ਹੈ। ਪੱਛਮੀ ਪਦਾਰਥੀ ਪ੍ਰਭਾਵਾਂ ਨੇ ਅੱਜ ਪੂਰਬੀ ਮੁਲਕਾਂ ਨੂੰ ਆਪਣੀ ਜਕੜ ‘ਚ ਲੈ ਖੁਸ਼ਕੀ ਤੇ ਬੇਗਾਨਗੀ ਦੇ ਜਰਾਸੀਮਾਂ ਦਾ ਛਿੜਕਾ ਕਰ ਦਿੱਤਾ ਹੈ। ਪੂਰਬੀ ਦੇਸ਼ਾਂ ‘ਚ ਸਦੀਆਂ ਤੋਂ ਸੰਤੁਸ਼ਟ ਤੇ ਸ਼ਾਂਤ ਜੀਵਨ ਬਤੀਤ ਕਰਨ ਦੀਆਂ ਵਿਧੀਆਂ ਨੂੰ ਅੱਜ ਪੱਛਮੀਂ ਪਦਾਰਥੀ ਪ੍ਰਭਾਵ ਨੇ ਗ੍ਰਹਿਣ ਲਾ ਦਿੱਤਾ ਹੈ।
ਦੁਨੀਆਂ ਦੇ ਤੇਜ਼ੀ ਨਾਲ ਹੋ ਰਹੇ ਸੰਸਾਰੀਕਰਣ ਨੇ ਸਭ ਜਗ੍ਹਾ ਉਥਲ ਪੁਥਲ ਮਚਾ ਦਿੱਤੀ ਹੈ। ਖੁਸ਼ੀਆਂ ਤੇ ਪਿਆਰ ਕਿਸੇ ਖੂੰਜੇ ਸੁੱਟ ਦਿੱਤੇ ਹਨ। ਬੰਦਿਆਂ ਦੀ ਸੋਚਣ ਸ਼ਕਤੀ ਦਾ ਕੰਮ ਕੰਪਿਊਟਰਾਂ ਨੇ ਲੈ ਲਿਆ ਹੈ। ਬੰਦਾ ਹੋਰ ਬਸਤਾਂ ਵਾਂਗ ਹੀ ਇਕ ਵਸਤੂ ਬਣ ਕੇ ਹੀ ਰਹਿ ਗਿਆ ਹੈ। ਜੇ ਇਹ ਅਖੌਤੀ ਤਰੱਕੀ ਇਸੇ ਤ੍ਹਰਾਂ ਹੀ ਜਾਰੀ ਰਹੀ ਤਾਂ ਪਿਆਰ ਤੇ ਖੁਸ਼ੀ ਤਾਂ ਇਕ ਪਾਸੇ, ਸਾਡੇ ਦਿਮਾਗ ਵਿੱਚੋਂ ਪਿਆਰ ਤੇ ਖੁਸ਼ੀਆਂ ਵਾਲਾ ਖਾਨਾਂ ਹੀ ਅਲੋਪ ਹੋ ਜਾਣਾ ਹੈ। ਭਵਿੱਖ ‘ਚ ਬੰਦੇ ਦਾ ਦਿਮਾਗ ਹੀ ਇੰਨਾਂ ਅਣਵਿਕਸਤ ਹੋ ਜਾਣਾਂ ਹੈ ਕਿ ਬੰਦਾ ਵੀ ਇਕ ਰੋਬੌਟ ਬਣ ਕੇ ਰਹਿ ਜਾਏਗਾ। ਹਾਲੇ ਤਾਂ ਬੰਦਾ ਪਿਆਰ ਦੀ ਹੋਂਦ ਤੇ ਅਣਹੋਂਦ ਮਹਿਸੂਸ ਕਰਦਾ ਹੈ, ਭਵਿੱਖ ‘ਚ ਤਾਂ ਇਸ ਕੋਲ ਇਸ ਦੀ ਅਣਹੋਂਦ ਤੇ ਹੋਂਦ ਦੇ ਅੰਤਰ ਨੂੰ ਅਨੁਭਵ ਕਰਨ ਦੀ ਅਨੁਭਵਤਾ ਯੋਗਾ ਅਨੁਭਵ ਵੀ ਨਹੀਂ ਰਹਿ ਜਾਣਾਂ, ਕਿਉਂਕਿ ਆਪਣੀ ਸੋਚਣ ਸ਼ਕਤੀ ਦਾ ਕੰਮ ਕੰਪਿਊਟਰਾਂ ਤੋਂ ਜਿਉਂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਹਜ਼ਾਰਾਂ ਲੱਖਾਂ ਸਾਲਾਂ ਦੇ ਬਾਅਦ ਬੰਦਾ ਇਸ ਮਾਰਗ ਤੇ ਪਹੁੰਚਾ ਹੈ, ਹੌਲੀ ਹੌਲੀ ਤਰੱਕੀ ਕਰਕੇ, ਹੁਣ ਉਲਟ ਐਵੋਲੂਸ਼ਨ ਸ਼ੁਰੂ ਹੋ ਗਿਆ ਹੈ ਇਸ ਅਖੌਤੀ ਤਰੱਕੀ ਦੀ ਆੜ ਵਿੱਚ। ਜੇ ਇਉਂ ਹੀ ਜਾਰੀ ਰਿਹਾ ਤਾਂ ਪਿਆਰ ਤੇ ਖੂਸ਼ੀਆਂ ਡਿਕਸ਼ਨਰੀ ਵਿਚ ਇਕ ਭੂਤਪੂਰਕ ਅੱਖਰ ਬਣ ਕੇ ਹੀ ਰਹਿ ਜਾਣਗੇ।
ਸਾਡੀ ਵਿਗਿਆਨਕ ਖੋਜ ਨੇ ਸਾਨੂੰ ਆਰਜ਼ੀ ਤਰੱਕੀ ਅਤੇ ਪ੍ਰਗਤੀ ਦਾ ਆਰਜ਼ੀ ਨਸ਼ਾ ਤਾਂ ਜ਼ਰੂਰ ਦੇ ਦਿੱਤਾ ਹੈ ਪਰ ਆਉਣ ਵਾਲੇ ਸਮੇਂ ‘ਚ ਸਾਨੂੰ ਇਸ ਦੀ ਭਾਰੀ ਕੀਮਤ ਚਕਾਉਣੀ ਪੈ ਜਾਣੀ ਹੈ। ਪਦਾਰਥੀ ਬਸਤਾਂ ਖਾਤਰ ਬੰਦੇ ਨੇ ਪਿਆਰ ਤੇ ਖੁਸ਼ੀਆਂ ਜਿਹੀਆਂ ਬਡਮੁੱਲੀਆਂ ਸੈਆਂ ਖੋ ਲਈਆਂ ਹਨ, ਮਸ਼ੀਨੀ ਬਣ ਗਏ ਬੰਦੇ ਮਸ਼ੀਨਾਂ ਵਾਂਗ ਹੀ ਚੱਲਣੇ। ਬਹੁਕੌਮੀ ਕਾਰਪੋਰੇਸ਼ਨਾਂ ਨੇ ਮੁਨਾਫੇ ਨੂੰ ਸਨਮੁੱਖ ਇਕ ਐਸੀ ਰੋਬੋਟਿਕ ਸ਼੍ਰੇਣੀ ਨੂੰ ਜਨਮ ਦੇਣਾਂ ਹੈ ਜਿਸ ਦਾ ਜਾਗ ਹੌਲੀ ਹੌਲੀ ਲਗਦਾ ਥੱਲੇ ਤੱਕ ਉਤਰਨਾਂ ਸ਼ੁਰੂ ਹੋ ਜਾਣਾਂ ਹੈ। ਇਹ ਖੋਰਾ ਲੱਗਣਾ ਸ਼ੁਰੂ ਹੋ ਵੀ ਚੁੱਕਿਆ ਹੈ। ਇਹ ਮੁਨਾਫਾਖੋਰ ਕਾਰਪੋਰੇਸ਼ਨਾ ਨੂੰ ਚਲਾਉਣ ਵਾਲੇ ਵੀ ਇਨਸਾਨ ਹੀ ਹਨ ਕੋਈ ਫਰਿਸ਼ਤੇ ਨਹੀਂ,ਢੇਰਾਂ ਦੇ ਢੇਰ ਪੈਸੇ ਦੇ ਹੋਣ ਦੇ ਬਾਵਜੂਦ ਵੀ ਜਦ ਉਹਨਾਂ ਦੇ ਅੰਦਰ ਉਦਾਸੀ, ਇਕੱਲਾਪਣ ਅਤੇ ਪਿਆਰ ਤੇ ਖੁਸ਼ੀ ਦੀ ਅਣਹੋਂਦ ਨੇ ਦਸਤਕ ਦਿੱਤੀ ਤਾਂ ਬੇਅੰਤ ਪੈਸਾ ਤੇ ਮੁਨਾਫਾ ਖੱਟਣ ਦੇ ਬਾਵਜੂਦ ਵੀ ਪਿਆਰ ਤੇ ਖੁਸ਼ੀ ਕਿਸੇ ਬਜ਼ਾਰੋਂ ਨਹੀਂ ਖਰੀਦ ਸਕਣਾਂ। ਪਿਆਰ ਨਹੀਂ ਹੋਣਾਂ ਤਾਂ ਭਾਈਚਾਰਕ ਰਿਸ਼ਤੇ ਖਤਮ ਹੋ ਜਾਣਗੇ ਤੇ ਬੰਦਾ ਵਸਤਾਂ ਪਦਾਰਥਾਂ ਦੇ ਢੇਰਾਂ ‘ਚ ਹੀ ਦੱਬ ਕੇ ਰਹਿ ਜਾਏਗਾ। ਇਹਨਾਂ ਦੀਆਂ ਕੰਧਾਂ ਇਤਨੀਆਂ ਉੱਚੀਆਂ ਤੇ ਗਹਿਰੀਆਂ ਹੋਣਗੀਆਂ ਕਿ ਵਿਚ ਦੀ ਕੋਈ ਝੀਤ ਜਾਂ ਮੋਰੀ ਵੀ ਨਹੀਂ ਦਿਸਣੀ ਜਿਸ ਥਾਂਈਂ ਕਿਤੇ ਦੂਰ ਦੁਰਾਡੇ ਮਨ ਨੂੰ ਝੂਠੀ ਤਸੱਲੀ ਦੇਣ ਲਈ ਤੇ ਕਿਤੇ ਪਿਆਰ ਤੇ ਖੁਸ਼ੀ ਦਾ ਸੁਪਨਾਂ ਲੈਣ ਲਈ ਵੀ ਝਾਤ ਮਾਰੀ ਜਾ ਸਕੇ। ਭਾਵੇਂ ਬੰਦਾ ਅਰਬਪਤੀ ਹੈ ਜਾਂ ਗੁਜ਼ਾਰਾ ਮਸਾਂ ਹੀ ਕਰਨ ਵਾਲਾ, ਪਰ ਉਮਰ ਦਾ ਸਫਰ ਸਭ ਦਾ ਬਰਾਬਰ ਹੀ ਸੀਮਤ ਹੈ, ਕਦੇ ਕੋਈ ਸੁਣਿਆਂ ਅਰਬਾਂਪਤੀ ਜਾਂ ਕੋਈ ਵੱਡਾ ਰਾਜਾ ਦੋ ਤਿਨ ਸੌ ਸਾਲ ਜੀਆ ਹੋਵੇ, ਹਾਂ ਸੀਮਤ ਗੁਜ਼ਾਰੇ ਵਾਲੇ ਸੰਤੁਸ਼ਟ ਭਲੇ ਪੁਰਸ਼ ਕੋਲ ਖੁਸ਼ੀ ਤੇ ਪਿਆਰ ਦੀ ਦੌਲਤ ਤਾਂ ਹੋ ਸਕਦੀ ਹੈ ਪਰ ਅਰਬਪਤੀ ਕੋਲ ਸ਼ਾਇਦ ਇਹ ਵੀ ਨਾਂ ਹੋਵੇ।
604-589 5919

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …