ਲਾਲੂ ਪ੍ਰਸ਼ਾਦ ਯਾਦਵ ਦੇ ਫਰਜ਼ੰਦ ਦੀ ਥਾਂ ਭਾਜਪਾ ਦੇ ਸੁਸ਼ੀਲ ਮੋਦੀ ਬਣੇ ਬਿਹਾਰ ਦੇ ਉਪ ਮੁੱਖ ਮੰਤਰੀ
ਪਟਨਾ/ਬਿਊਰੋ ਨਿਊਜ਼
ਵਿਰੋਧੀ ਧਿਰ ਦੇ ‘ਮਹਾਂਗੱਠਜੋੜ’ ਨੂੰ ਢਹਿਢੇਰੀ ਕਰ ਕੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਫ਼ਿਰ ਭਾਜਪਾ ਦੀ ਹਮਾਇਤ ਸਹਾਰੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ, ਜਿਸ ਨਾਲ 2019 ਦੀਆਂ ਆਮ ਚੋਣਾਂ ‘ਚ ਭਗਵਾ ਬ੍ਰਿਗੇਡ ਨੂੰ ਰੋਕਣ ਤੇ ਆਰਐਸਐਸ ਦੇ ਵਿਰੋਧ ਦੇ ਉਨ੍ਹਾਂ ਦੇ ਦਾਅਵੇ ਵੀ ਧਰੇ ਧਰਾਏ ਰਹਿ ਗਏ ਹਨ। ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਰਾਜਪਾਲ ਵੱਲੋਂ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਖ਼ਿਲਾਫ਼ ਅਦਾਲਤ ਅਤੇ ਲੋਕ ਕਚਹਿਰੀ ਵਿੱਚ ਜਾਣ ਦਾ ਐਲਾਨ ਕੀਤਾ ਹੈ। ‘ਮਹਾਂਗੱਠਜੋੜ’ ਛੱਡ ਕੇ ਅਸਤੀਫ਼ਾ ਦੇਣ ਤੋਂ ਮਹਿਜ਼ 12 ਘੰਟਿਆਂ ਬਾਅਦ ਹੀ ਉਹ ਮੁੜ ਹਲਫ਼ ਲੈ ਕੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੋ ਗਏ। ਰਾਜ ਭਵਨ ਵਿੱਚ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਵੀ ਹਲਫ਼ ਲਿਆ, ਜੋ ਉਪ ਮੁੱਖ ਮੰਤਰੀ ਹੋਣਗੇ। ਨਿਤੀਸ਼ ਕੁਮਾਰ ਨੇ ਮੁਸਲਮਾਨਾਂ ਦੀਆਂ ਵੋਟਾਂ ‘ਤੇ ਨਜ਼ਰ ਰੱਖਦਿਆਂ 2013 ਵਿੱਚ ਭਾਜਪਾ ਤੋਂ ਆਪਣਾ 17 ਸਾਲ ਪੁਰਾਣਾ ਗੱਠਜੋੜ ਉਦੋਂ ਤੋੜ ਲਿਆ ਸੀ, ਜਦੋਂ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਉਦੋਂ ਗੁਜਰਾਤ ਦੇ ਮੁੱਖ ਮੰਤਰੀ) ਨੂੰ 2014 ਦੀਆਂ ਆਮ ਚੋਣਾਂ ਲਈ ਆਪਣੀ ਪ੍ਰਚਾਰ ਕਮੇਟੀ ਦਾ ਮੁਖੀ ਬਣਾਉਣ ਦੀ ਤਿਆਰੀ ਕੀਤੀ ਸੀ, ਪਰ ਹੁਣ ਮੁੜ ਉਨ੍ਹਾਂ ਐਨਡੀਏ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਦੇਸ਼ ਭਰ ਵਿੱਚ ਅਸਹਿਣਸ਼ੀਲਤਾ ਤੇ ਖ਼ਾਸਕਰ ਹਜੂਮੀ ਮੌਤਾਂ ਦੇ ਮੁੱਦੇ ‘ਤੇ ਭਾਜਪਾ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਜੇਡੀ (ਯੂ) ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ। ਸਹੁੰ ਚੁੱਕਣ ਪਿੱਛੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਅਸੀਂ ਜੋ ਫ਼ੈਸਲਾ ਲਿਆ ਹੈ, ਉਹ ਬਿਹਾਰ ਤੇ ਇਸ ਦੇ ਲੋਕਾਂ ਦੇ ਹੱਕ ਵਿੱਚ ਹੋਵੇਗਾ। ਇਸ ਰਾਹੀਂ ਵਿਕਾਸ ਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ।” ਸਮਾਗਮ ਵਿੱਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਤੇ ਭਾਜਪਾ ਆਗੂ ਅਨਿਲ ਜੈਨ ਵੀ ਹਾਜ਼ਰ ਸਨ। ਆਰਜੇਡੀ ਤੇ ਕਾਂਗਰਸ ਨੇ ਸਭ ਤੋਂ ਵੱਡੀ ਪਾਰਟੀ ਆਰਜੇਡੀ ਨੂੰ ਸਰਕਾਰ ਬਣਾਉਣ ਲਈ ਸੱਦਾ ‘ਨਾ ਦਿੱਤੇ ਜਾਣ’ ਖ਼ਿਲਾਫ਼ ਸਮਾਗਮ ਵਿੱਚ ਹਿੱਸਾ ਨਾ ਲਿਆ। ਆਰਜੇਡੀ ਨੇ ਜੇਡੀ (ਯੂ) ਨੂੰ ਸੱਦਾ ਦਿੱਤੇ ਜਾਣ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ‘ਉਲੰਘਣਾ’ ਕਰਾਰ ਦਿੰਦਿਆਂ ਅਦਾਲਤ ਦਾ ਬੂਹਾ ਖੜਕਾਉਣ ਤੇ ‘ਲੋਕ ਕਚਹਿਰੀ ਵਿੱਚ ਜਾਣ’ ਦਾ ਐਲਾਨ ਕੀਤਾ ਹੈ।