ਸਾਕਸ਼ੀ ਤੇ ਬਬੀਤਾ ਵਿਚਾਲੇ ਛਿੜੀ ਸ਼ਬਦੀ ਜੰਗ
ਸਾਕਸ਼ੀ ਨੇ ਫੋਗਾਟ ‘ਤੇ ਸਰਕਾਰ ਦਾ ਸਾਥ ਦੇਣ ਦਾ ਆਰੋਪ ਲਗਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ ਦੇ ਵਿਰੋਧ ਦੇ ਮੁੱਦੇ ‘ਤੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਰਾਸ਼ਟਰ ਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਬਬੀਤਾ ਫੋਗਾਟ ਵਿਚਾਲੇ ਸ਼ਬਦੀ ਜੰਗ ਛਿੜ ਪਈ ਹੈ।
ਸਾਕਸ਼ੀ ਨੇ ਜਿੱਥੇ ਸਾਬਕਾ ਪਹਿਲਵਾਨ ਤੇ ਭਾਜਪਾ ਆਗੂ ਬਬੀਤਾ ਫੋਗਾਟ ‘ਤੇ ਸਰਕਾਰ ਦਾ ਸਾਥ ਦੇਣ ਦਾ ਆਰੋਪ ਲਾਇਆ ਉੱਥੇ ਹੀ ਬਬੀਤਾ ਨੇ ਸਾਕਸ਼ੀ ਨੂੰ ‘ਕਾਂਗਰਸ ਦੀ ਕਠਪੁਤਲੀ’ ਦੱਸਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨ ਸਾਕਸ਼ੀ ਤੇ ਉਸ ਤੇ ਪਤੀ ਸੱਤਿਆਵ੍ਰਤ ਕਾਦਿਆਨ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪਹਿਲਵਾਨਾਂ ਦਾ ਪ੍ਰਦਰਸ਼ਨ ਸਿਆਸਤ ਜਾਂ ਕਾਂਗਰਸ ਤੋਂ ਪ੍ਰੇਰਿਤ ਨਹੀਂ ਹੈ ਅਤੇ ਬਬੀਤਾ ਤੇ ਭਾਜਪਾ ਦੇ ਇਕ ਹੋਰ ਆਗੂ ਤੀਰਥ ਰਾਣਾ ਨੇ ਸ਼ੁਰੂਆਤ ‘ਚ ਪਹਿਲਵਾਨਾਂ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਈ ਪੁਲਿਸ ਤੋਂ ਪ੍ਰਵਾਨਗੀ ਲੈਣ ‘ਚ ਮਦਦ ਕੀਤੀ ਸੀ।
ਸਾਕਸ਼ੀ ਮਲਿਕ ਨੇ ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਰਾਸ਼ਟਰ ਮੰਡਲ ਖੇਡਾਂ ‘ਚ ਸੋਨ ਤਗ਼ਮਾ ਜੇਤੂ ਪਹਿਲਵਾਨ ਬਬੀਤਾ ਫੋਗਾਟ ‘ਤੇ ਆਰੋਪ ਲਾਇਆ ਕਿ ਉਹ ਪਹਿਲਵਾਨਾਂ ਦੀ ਵਰਤੋਂ ਆਪਣੇ ਨਿੱਜੀ ਸਵਾਰਥ ਲਈ ਕਰ ਰਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਹੈ। ਸਾਕਸ਼ੀ ਮਲਿਕ ਨੇ ਆਪਣੀ ਸ਼ਨਿਚਰਵਾਰ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਬਬੀਤਾ ਤੇ ਰਾਣਾ ‘ਤੇ ਤਨਜ਼ ਕਸਿਆ ਸੀ ਕਿ ਕਿਵੇਂ ਉਨ੍ਹਾਂ ਆਪਣੇ ਸਵਾਰਥ ਲਈ ਪਹਿਲਵਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸਮਝ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਇਹ ਟਿੱਪਣੀ ਪੱਲੇ ਨਾ ਪਈ। ਦੂਜੇ ਪਾਸੇ ਜਨਵਰੀ ‘ਚ ਪਹਿਲਵਾਨਾਂ ਦੇ ਤਿੰਨ ਰੋਜ਼ਾ ਪ੍ਰਦਰਸ਼ਨ ਦੌਰਾਨ ਪਹਿਲਵਾਨਾਂ ਤੇ ਸਰਕਾਰ ਵਿਚਾਲੇ ਸਾਲਸੀ ਕਰਨ ਵਾਲੀ ਬਬੀਤਾ ਫੋਗਾਟ ਨੇ ਸਾਕਸ਼ੀ ਮਲਿਕ ਨੂੰ ਜਵਾਬ ਦਿੰਦਿਆਂ ਟਵੀਟ ‘ਚ ਦਾਅਵਾ ਕੀਤਾ ਕਿ ਉਸ ਦਾ ਪਹਿਲਵਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਸੜਕ ‘ਤੇ ਸੰਘਰਸ਼ ਦੇ ਖਿਲਾਫ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …