ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਕੈਪਟਨ ਅਮਰਿੰਦਰ ਨੂੰ ਮਿਲਣਗੇ ਮਾਨ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਯਤਨਾਂ ਸਦਕਾ ਸਾਊਦੀ ਅਰਬ ਵਿੱਚ ਫਸੇ 20 ਭਾਰਤੀ ਨੌਜਵਾਨਾਂ ਦੀ ਘਰ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ 20 ਮੁੰਡਿਆਂ ਵਿੱਚ 15 ਪੰਜਾਬੀ ਹਨ, ਇੱਕ ਹਰਿਆਣੇ ਦਾ, ਦੋ ਉੱਤਰ ਪ੍ਰਦੇਸ਼ ਅਤੇ ਦੋ ਰਾਜਸਥਾਨ ਦੇ ਹਨ।
ਸਾਊਦੀ ਅਰਬ ਤੋਂ ਪਿਛਲੇ ਦਿਨੀਂ ਵਤਨ ਪਰਤੇ ਇਨ੍ਹਾਂ ਨੌਜਵਾਨਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਜਾਣਗੇ ਅਤੇ ਉਨ੍ਹਾਂ ਵੱਲੋਂ ਹਰ ਘਰ ਨੂੰ ਨੌਕਰੀ ਦੇਣ ਦੇ ਕੀਤੇ ਗਏ ਵਾਅਦੇ ਤਹਿਤ ਇਨ੍ਹਾਂ ਲਈ ਨੌਕਰੀ ਮੰਗਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ 17 ਜੁਲਾਈ ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਵਿੱਚ ਵੀ ਚੁੱਕਣਗੇ। ਇਨ੍ਹਾਂ ਮੁੰਡਿਆਂ ਨੂੰ ਸਾਊਦੀ ਅਰਬ ਵਿੱਚੋਂ ਵਾਪਸ ਸਹੀ ਸਲਾਮਤ ਵਤਨ ਲਿਆਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਮੰਤਰਾਲੇ ਵੱਲੋਂ ਨਿਭਾਈ ਗਈ ਭੂਮਿਕਾ ਦੀ ਉਨ੍ਹਾਂ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਵਿਚ ਫਸੇ ਇਨ੍ਹਾਂ 15 ਪੰਜਾਬੀ ਮੁੰਡਿਆਂ ਬਾਰੇ ਉਨ੍ਹਾਂ ਨੇ ਪਾਰਟੀ ਦੇ ਵਿਧਾਇਕਾਂ ਨੂੰ ਜਾਣੂ ਕਰਵਾ ਦਿੱਤਾ ਸੀ ਤਾਂ ਜੋ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਉਠਾਇਆ ਜਾ ਸਕੇ।
ਵਾਪਸ ਪਰਤੇ ਇਨ੍ਹਾਂ ਪੰਜਾਬੀਆਂ ਵਿੱਚ ਚੱਬੇਵਾਲ ਦੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਸਾਊਦੀ ਅਰਬ ਵਿਚ ਫਸੇ ਹੋਏ ਸਨ। ਟਰੈਵਲ ਏਜੰਟਾਂ ਨੇ ਉਨ੍ਹਾਂ ਕੋਲੋਂ ਡੇਢ-ਡੇਢ ਲੱਖ ਰੁਪਏ ਲਏ ਸਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਅੱਗੇ ਮੁੰਬਈ ਦੇ ਇੱਕ ਅਲ-ਅਮਰ ਏਜੰਟ ਕੋਲ ਵੇਚ ਦਿੱਤਾ ਸੀ। ਉਹ ਹੀ ਉਨ੍ਹਾਂ ਨੂੰ ਸਾਊਦੀ ਅਰਬ ਲੈ ਕੇ ਗਿਆ, ਜਿਥੇ ਅਲ ਵਤਨੀਆ ਕੰਪਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਹਰ ਮੁੰਡੇ ਨੂੰ 1700 ਰਿਆਲ (ਸਾਊਦੀ ਅਰਬ ਦੀ ਕਰੰਸੀ) ਦਿੱਤੀ ਜਾਵੇਗੀ, ਜੋ ਕਿ ਭਾਰਤੀ ਕਰੰਸੀ ਅਨੁਸਾਰ 30 ઠਹਜ਼ਾਰ ਰੁਪਏ ਬਣਦੇ ਹਨ ਪਰ ਉਥੇ ਉਨ੍ਹਾਂ ਨੂੰ 1100 ਰਿਆਲ ਹੀ ਦਿੱਤੇ ਜਾਣ ਬਾਰੇ ਦਸਤਖਤ ਕਰਵਾਏ ਗਏ। ਉਸ ਨੇ ਦੱਸਿਆ ਕਿ ਉਹ ਕਰੀਬ 50 ਮੁੰਡੇ ਸਨ ਤੇ ਸਾਰੇ ਹੀ ਡਰਾਈਵਰ ਸਨ। ਕੰਪਨੀ ਨੇ ਕਿਹਾ ਕਿ ਉਨ੍ਹਾਂ ਕੋਲ ਟਰੱਕ ਸਿਰਫ 10 ਹਨ ਅਤੇ ਬਾਕੀਆਂ ਨੂੰ ਵਿਹਲੇ ਰਹਿਣਾ ਪਵੇਗਾ। ਉਨ੍ਹਾਂ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਜਾਂਦਾ ਸੀ ਅਤੇ ਤਿੰਨ ਮਹੀਨੇ ਕੇਵਲ ਚੌਲ ਹੀ ਖਾਣ ਨੂੰ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਨਾ ਕੰਪਨੀ ਨੇ ਕੋਈ ਕੰਮ ਕਰਵਾਇਆ ਤੇ ਨਾ ਹੀ ਕੋਈ ਪੈਸਾ ਦਿੱਤਾ ਉਲਟਾ ਉਨ੍ਹਾਂ ਨੂੰ ਡਰਾਵੇ ਦਿੱਤੇ ਕਿ ਜੇ ਉਨ੍ਹਾਂ ਨੇ ਵਾਪਸ ਜਾਣਾ ਹੈ ਤਾਂ ਡੇਢ ਲੱਖ ਰੁਪਏ ਦੇਣੇ ਪੈਣਗੇ। ਇਨ੍ਹਾਂ ਪੰਜਾਬੀ ਮੁੰਡਿਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਨੇ ਉੱਥੇ ਭਾਰਤੀ ਅੰਬੈਸੀ ਨਾਲ ਵੀ ਰਾਬਤਾ ਕਾਇਮ ਕੀਤਾ ਸੀ ਪਰ ਉਨ੍ਹਾਂ ਨੇ ਕੋਈ ਮੱਦਦ ਨਹੀਂ ਕੀਤੀ। ਆਖਰਕਾਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਵੀਡੀਓ ਪਾ ਕੇ ਭਗਵੰਤ ਮਾਨ ਤੱਕ ਪਹੁੰਚ ਕੀਤੀ ਸੀ। ਇਨ੍ਹਾਂ ਮੁੰਡਿਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ઠਭਗਵੰਤ ਮਾਨ ਨੇ ਦੱਸਿਆ ਕਿ ਸਾਊਦੀ ਅਰਬ ਵਿਚ ਬਹੁਤ ਸਾਰੇ ਪੰਜਾਬੀਆਂ ਦੀਆਂ ਲਾਸ਼ਾਂ ਅਜੇ ਵੀ ਰੁਲ ਰਹੀਆਂ ਹਨ। ਦੋ ਲਾਸ਼ਾਂ ਮੰਗਵਾਉਣ ਲਈ ਉਹ ਪੈਰਵੀ ਕਰ ਰਹੇ ਹਨ। ਚੱਬੇਵਾਲ ਦੇ ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਨੇੜਲੇ ਪਿੰਡ ਨਵਨੀਤਪੁਰਾ ਦਾ ਨੌਜਵਾਨ ਰਕੇਸ਼ ਕੁਮਾਰ ਦੋ ਸਾਲ ਪਹਿਲਾਂ ਸਾਊਦੀ ਅਰਬ ਵਿਚ ਗੱਡੀ ਵਿਚ ਅੱਗ ਲੱਗਣ ਕਰਕੇ ਸੜ ਕੇ ਮਰ ਗਿਆ ਸੀ। ਉਸ ਦੀ ਲਾਸ਼ ਅਜੇ ਤੱਕ ਵੀ ਉਥੇ ਪਈ ਹੈ, ਮਾਪੇ ਏਨੇ ਗਰੀਬ ਹਨ ਕਿ ਉਨ੍ਹਾਂ ਕੋਲ ਦਿੱਲੀ ਤੱਕ ਦਾ ਕਿਰਾਇਆ ਨਹੀਂ ਹੈ, ਉਹ ਕਿਵੇਂ ਲਾਸ਼ ਨੂੰ ਵਾਪਸ ਲਿਆ ਸਕਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …