Breaking News
Home / ਪੰਜਾਬ / ਪ੍ਰੋ. ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀਆਂ ਭੇਟ

ਪ੍ਰੋ. ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀਆਂ ਭੇਟ

ਔਲਖ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਦੱਸਿਆ
ਮਾਨਸਾ : ਪੰਜਾਬੀ ਰੰਗਮੰਚ ਦੇ ਬੁਲੰਦ ਸਿਤਾਰੇ ਅਤੇ ਇਨਕਲਾਬੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ, ਜਿਨ੍ਹਾਂ ਦਾ ਪਿਛਲੇ ਦਿਨੀਂ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਨੂੰ ਉਨ੍ਹਾਂ ਦੇ ਨਾਟਕਾਂ ਦੇ ਵੱਡੀ ਗਿਣਤੀ ਪਾਤਰਾਂ (ਮਜ਼ਦੂਰ-ਕਿਸਾਨ) ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰੋ. ਔਲਖ ਦੀ ਯਾਦ ਵਿੱਚ ਇੱਥੇ ਨਵੀਂ ਅਨਾਜ ਮੰਡੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ, ਲੋਕ ਕਲਾ ਮੰਚ ਮਾਨਸਾ ਅਤੇ ਔਲਖ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਕੀਤ਼ਾ ਗਿਆ। ਇਸ ਮੌਕੇ ਰੰਗਮੰਚ ਨਾਲ ਜੁੜੀਆਂ ਸੰਸਥਾਵਾਂ, ઠਲੇਖਕਾਂ, ਕਹਾਣੀਕਾਰਾਂ ਅਤੇ ਕਲਾਕਾਰਾਂ ਆਦਿ ਤੋਂ ਇਲਾਵਾ ਸਿਆਸੀ ਆਗੂਆਂ, ਕਿਸਾਨ ઠਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਲੋਕਾਂ ਨੇ ਮੌਨ ਧਾਰਨ ਕਰ ਕੇ ਪ੍ਰੋ. ਔਲਖ ਨੂੰ ਸ਼ਰਧਾ ਦੇ ਫੁੱਲ ઠਭੇਟ ਕੀਤੇ। ਪ੍ਰੋ. ਔਲਖ ਦੀ ਅੰਤਿਮ ਇੱਛਾ ਅਨੁਸਾਰ ਬੁਲਾਰਿਆਂ ਦੀ ਗਿਣਤੀ ਸੀਮਤ ਸੀ। ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਗੁਰਬਚਨ ਭੁੱਲਰ, ਸੁਰਜੀਤ ਪਾਤਰ, ਆਤਮਜੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਮੰਚ ਤੋਂ ਪ੍ਰੋ. ਔਲਖ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਨੇ ਪ੍ਰੋ. ਔਲਖ ਨੂੰ ਕਿਰਤੀ ਲੋਕਾਂ ਦਾ ਸਾਹਿਤਕਾਰ ਦੱਸਦਿਆਂ ਉਨ੍ਹਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਅਤੇ ਪੰਜਾਬੀ ਦੇ ਉਭਰਦੇ ਸਾਹਿਤਕਾਰਾਂ, ਕਲਾਕਾਰਾਂ ਨੂੰ ਪ੍ਰੋ. ਔਲਖ ਦੀਆਂ ਪੈੜਾਂ ‘ਤੇ ਚੱਲ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਪਰਿਵਾਰ ਵੱਲੋਂ ਸੁਭਾਸ਼ ਬਿੱਟੂ, ਪ੍ਰੋ. ਅੱਛਰੂ ਸਿੰਘ, ਜਸਵਿੰਦਰ ਕੌਰ ਗੱਗੂ ਤੇ ਗੁਰਵਿੰਦਰ ਬਰਾੜ ਨੇ ਪ੍ਰੋ. ਔਲਖ ਦੀ ਲੋਕਾਂ ਦੇ ਕਾਜ ਲਈ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਉਨ੍ਹਾਂ ਦੀ ਸਾਹਿਤ ਕਲਾ ਦੇ ਮੋਰਚੇ ‘ਤੇ ਘਾਲੀ ਅਣਥੱਕ ਘਾਲਣਾ ਦੀ ਚਰਚਾ ਕੀਤੀ। ਸਮਾਗਮ ਵਿੱਚ ਪ੍ਰੋ. ਔਲਖ ਨੂੰ ਸ਼ਰਧਾਂਜਲੀ ਦੇਣ ਵਜੋਂ ਮੈਗਜ਼ੀਨ ‘ਸਲਾਮ’ ਦਾ ਅੰਕ ਜਾਰੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰੋ. ਔਲਖ ਨੂੰ ਸ਼ਰਧਾਂਜਲੀ ਵਜੋਂ ਗੀਤਾਂ ਦੀ ਲੜੀ ਚੱਲਦੀ ਰਹੀ, ਜਿਸ ਦਾ ਸਿਖਰ ਸਮਾਗਮ ਦੇ ਅੰਤ ਵਿੱਚ ਪੇਸ਼ ਕੀਤੀ ਕੋਰੀਓਗ੍ਰਾਫੀ ਰਾਹੀਂ ਹੋਇਆ। ਪ੍ਰੋ. ਔਲਖ ਦੀਆਂ ਤਿੰਨੋਂ ਧੀਆਂ ਵੱਲੋਂ ਕੋਰੀਓਗ੍ਰਾਫੀ ਵਿੱਚ ਭੂਮਿਕਾ ਅਦਾ ਕਰਕੇ ਉਨ੍ਹਾਂ ਦੇ ਰੰਗਮੰਚ ਦੇ ਸਫਰ ਨੂੰ ਜਾਰੀ ਰੱਖਣ ਦਾ ਐਲਾਨ ਨਿਵੇਕਲੇ ਅੰਦਾਜ਼ ਵਿੱਚ ਕੀਤਾ। ਸਮਾਗਮ ਦੇ ਅੰਤ ਵਿੱਚ ਇੱਕ ਕਾਫਲਾ ਪ੍ਰੋ. ਔਲਖ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਜੱਦੀ ਪਿੰਡ ਕਿਸ਼ਨਗੜ੍ਹ ਫਰਵਾਹੀ ਗਿਆ ਤੇ ਪਿੰਡ ਦੇ ਸਕੂਲ ‘ਚ ਸੰਖੇਪ ਸਮਾਗਮ ਮਗਰੋਂ ਅਸਥੀਆਂ ਪਿੰਡ ਕੋਲੋਂ ਲੰਘਦੀ ਨਹਿਰ ਵਿੱਚ ਪਾ ਦਿੱਤੀਆਂ ਗਈਆਂ।

ਅਜਮੇਰ ਔਲਖ ਹੋਣ ਦਾ ਅਰਥ
ਡਾ. ਸੁਰਜੀਤ ਸਿੰਘ
ਜਦੋਂ ਅਸੀਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਅਜ਼ੀਮ ਕਲਾਕਾਰ ਅਜਮੇਰ ਔਲਖ ਬਾਰੇ ਸੋਚਦੇ ਹਾਂ ਤਾਂ ਉਸ ਨਾਲ ਮੁਹੱਬਤ ਦੇ ਆਪ ਮੁਹਾਰੇ ਭਾਵ ਅੰਦਰੋਂ ਪੈਦਾ ਹੁੰਦੇ ਹਨ। ਇਨ੍ਹਾਂ ਭਾਵਾਂ ਵਿਚ ਇਕੋ ਸਮੇਂ ਆਦਰ, ਪਿਆਰ, ਦੋਸਤੀ, ਹਾਸਾ-ਮਸ਼ਕਰੀ ਤੇ ਹੋਰ ਕਈ ਕੁਝ ਸਮੋਇਆ ਹੋਇਆ ਨਜ਼ਰ ਆਉਂਦਾ ਹੈ। ਮੈਨੂੰ ਨਹੀਂ ਯਾਦ ਕਿ ਮੇਰੀ ਉਨ੍ਹਾਂ ਨਾਲ ਪਹਿਲੀ ਜਾਂ ਦੂਜੀ ਮੁਲਾਕਾਤ ਕਰਦੋਂ ਹੋਈ, ਪਰ ਜਦੋਂ ਵੀ ਹੋਈ, ਉਦੋਂ ਤੋਂ ਹੀ ਉਹਨਾਂ ਨਾਲ ਮੁਹੱਬਤ ਦੀਆਂ ਜੜ੍ਹਾਂ ਦਿਲ ਵਿਚ ਲੱਗ ਗਈਆਂ। ਉਹਨਾਂ ਨੂੰ ਮਿਲਣਾ ਆਪਣੇ ਅੰਦਰੇ ਸਭ ਤੋਂ ਚੰਗੇ ਬੰਦੇ ਦੇ ਰੂਬਰੂ ਹੋਣਾ ਹੁੰਦਾ ਸੀ, ਕਿਉਂਕਿ ਉਹਨਾਂ ਵਿਚ ਕੋਈ ਵਲ, ਛਲ ਅਤੇ ਹੇਰ-ਫੇਰ ਨਹੀਂ ਸੀ। ਉਹ ਉਸ ਕਿਸਮ ਦੇ ਉਜਲੇ ਸ਼ੀਸ਼ੇ ਵਰਗੇ ਸਨ, ਜਿਸ ਤੋਂ ਬੰਦਾ ਆਪਣੇ ਆਪੇ ਨੂੰ ਚੰਗੇ-ਮਾੜੇ ਪਹਿਲੂਆਂ ਨੂੰ ਛੁਪਾ ਨਹੀਂ ਸੀ ਸਕਦਾ। ਉਹ ਬੰਦੇ ਦੇ ਐਬਾਂ-ਨੁਕਸਾਂ ਦਾ ਨਿੰਮਾ ਜਿਹਾ ਅਚੇਤਨ ਅਹਿਸਾਸ ਕਰਵਾ ਦਿੰਦੇ ਸਨ, ਪਰ ਉਹਨਾਂ ਨੂੰ ਚਿਤਾਰਦੇ ਨਹੀਂ ਸਨ ਅਤੇ ਸ਼ੀਸ਼ੇ ਵਾਂਗੂੰ ਖਾਮੋਸ਼ ਦੇਖਦੇ ਰਹਿੰਦੇ ਸਨ। ਉਹਨਾਂ ਦੇ ਵਿਦਾ ਹੋਣ ਪਿੱਛੋਂ ਸਾਡੇ ਲਈ ਸਵਾਲ ਇਹ ਹੈ ਕਿ ਉਹ ਅਜਮੇਰ ਔਲਖ ਕੌਣ ਸੀ, ਜਿਸ ਨੂੂੰ ਉਸ ਦੇ ਪਰਿਵਾਰ ਦੇ ਮੈਂਬਰ ਵਾਂਗ ਪੰਜਾਬ ਦੇ ਕਲਾ, ਸਾਹਿਤ, ਸਭਿਆਚਾਰ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੁੜੇ ਬਹੁਤ ਸਾਰੇ ਲੋਕ ਵੀ ਬੇਹੱਦ ਪਿਆਰ ਕਰਦੇ ਸਨ? ਉਸ ਦੇ ਹੋਣ ਦੇ ਕੀ ਅਰਥ ਹਨ? ਉਸਦੇ ਨਾ ਹੋਣ ਨਾਲ ਸਾਡੇ ਕੋਲੋਂ ਕੀ ਗਵਾਚ ਗਿਆ ਹੈ? ਉਸ ਦੇ ਚਲੇ ਜਾਣ ਤੋਂ ਬਾਅਦ ਸਾਨੂੰ ਉਸ ਦੀ ਯਾਦ ਕਿਨ੍ਹਾਂ ਗੱਲਾਂ ਕਰਕੇ ਆਇਆ ਕਰੇਗੀ ਅਤੇ ਕਿੱਥੇ-ਕਿੱਥੇ ਅਸੀਂ ਅਜਮੇਰ ਔਲਖ ਦੀ ਗੈਰਹਾਜ਼ਰੀ ਨੂੰ ਮਹਿਸੂਸ ਕਰਿਆ ਕਰਾਂਗੇ। ਇਹਨਾਂ ਸਾਰੇ ਸਵਾਲਾਂ ਦਾ ਉਤਰ ਅਸੀਂ ਭਵਿੱਖ ਵਿਚ ਲੱਭਾਂਗੇ, ਪਰ ਏਥੇ ਉਸ ਨੂੰ ਯਾਦ ਕਰਦਿਆਂ ਇਕ-ਅੱਧਾ ਨੁਕਤਾ ਹੀ ਵਿਚਾਰਾਂਗੇ, ਜਿਸ ਰਾਹੀਂ ਅਜਮੇਰ ਔਲਖ ਦੇ ਹੋਣ ਦੇ ਅਰਥਾਂ ਤੱਕ ਪਹੁੰਚਣ ਦੀ ਯਾਤਰਾ ਸ਼ੁਰੂ ਕੀਤੀ ਜਾ ਸਕੇ। ਸਭ ਤੋਂ ਪਹਿਲਾਂ ਤਾਂ ਮੇਰੇ ਮਨ ਵਿਚ ਅਜਮੇਰ ਸਿੰਘ ਔਲਖ ਦੀ ਲੇਖਣੀ ਅਤੇ ਰੰਗਮੰਚ ਦੀ ਕਲਾ ਬਾਰੇ ਇਹ ਖਿਆਲ ਆਉਂਦਾ ਹੈ ਕਿ ਅਜਮੇਰ ਔਲਖ ਨਾਟਕ ਅਤੇ ਰੰਗਮੰਚ ਦੀ ਕਲਾ ਵਿਚ ਨਿਰਉਚੇਚ ਸੁਹਜ-ਸਿਰਜਣ ਵਾਲਾ ਕਲਾਕਾਰ ਹੈ। ਉਸਦੀ ਲੇਖਣੀ ਵਿਚ ਨਿਰਉਚੇਚ ਖੂਬਸੂਰਤੀ ਅਤੇ ਨਿਰਉਚੇਚ ਵਿਚਾਰਧਾਰਾਈ ਗਹਿਰਾਈ ਹੈ। ਉਸ ਦੀ ਨਾਟ ਵਸਤੂ ਅਤੇ ਰੰਗਮੰਚੀ ਵਿਉਂਤ ਦਾ ਅਧਾਰ ਮਾਲਵੇ ਦੀ ਨਿਮਨ ਕਿਸਾਨੀ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂ ਅਤੇ ਦੁੱਖ ਦੇਣ ਵਾਲੀਆਂ ਹਕੀਕਤਾਂ ਪ੍ਰਤੀ ਉਹਨਾਂ ਦੇ ਨਿਰ ਉਚੇਚ ਹੁੰਗਾਰੇ ਹਨ। ਇਨ੍ਹਾਂ ਹੁੰਗਾਰਿਆਂ ਵਿਚ ਆਰਥਿਕ ਦਬਾਓ ਨੂੰ ਝੇਲਦੀ ਕਿਸਾਨੀ ਦੀ ਸਥਿਤੀ ਵਿਚ ਉਪਜਦੇ ਦੁੱਖਾਂ, ਇਨ੍ਹਾਂ ਸਥਿਤੀਆਂ ਬਾਰੇ ਕਿਸਾਨੀ ਦੀ ਸਮਝ, ਬੇਕਾਬੂ ਹੋਈ ਪਈ ਜ਼ਿੰਦਗੀ ਨੂੰ ਕਾਬੂ ਕਰਨ ਅਤੇ ਜਿਊਣ ਦੀ ਬੇਅੰਤ ਚਾਹਤ ਦੇ ਨਾਲ-ਨਾਲ ਉਹਨਾਂ ਦੇ ਨਿਰਉੇਚੇਚ ਭਾਸ਼ਾਈ ਉਚਾਰ ਸਮੋਏ ਹੋਏ ਹਨ। ਉਸਦੇ ਨਾਟਕਾਂ ਵਿਚ ਜੀਵਨ ਦੀ ਜਿੰਨੀ ਡੂੰਘੀ ਸਮਝ ਹੈ, ਉਹ ਉਸਦੀ ਤਿੱਖੀ ਨੀਝ ਦਾ ਕਰਿਸ਼ਮਾ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …