Breaking News
Home / ਭਾਰਤ / ‘ਆਪ’ ਦੀ ਪੀਏਸੀ ਨੇ ਕਪਿਲ ਮਿਸ਼ਰਾ ਨੂੰ ਕੀਤਾ ਸਸਪੈਂਡ

‘ਆਪ’ ਦੀ ਪੀਏਸੀ ਨੇ ਕਪਿਲ ਮਿਸ਼ਰਾ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵਿਚ ਮਚੇ ਘਮਾਸਾਨ ਦਰਮਿਆਨ ਸਰਕਾਰ ਵਿਚੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੁਝ ਹੋਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੇਜਰੀਵਾਲ ਦੇ ਸਾਂਢੂ ਲਈ 50 ਕਰੋੜ ਰੁਪਏ ਵਿਚ ਜ਼ਮੀਨ ਦੀ ਡੀਲ ਕਰਵਾਈ ਸੀ। ਪੰਜਾਬ ਦੇ ਕਨਵੀਨਰ ਸੰਜੇ ਸਿੰਘ ‘ਤੇ ਵੀ ਉਨ੍ਹਾਂ ਗੰਭੀਰ ਦੋਸ਼ ਲਾਏ। ਦੋਸ਼ ਲਾਉਣ ਪਿੱਛੋਂ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ. ਏ.ਸੀ.) ਨੇ ਕਪਿਲ ਮਿਸ਼ਰਾ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਜੈਨ ਨੇ ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ 10 ਕਰੋੜ ਰੁਪਏ ਦੇ ਜਾਅਲੀ ਬਿੱਲ ਵੀ ਪਾਸ ਕਰਵਾਏ।
ਉਨ੍ਹਾਂ ਦੋਸ਼ ਲਾਇਆ ਕਿ ਜ਼ਮੀਨ ਦੀ ਜੋ ਡੀਲ ਕੀਤੀ ਗਈ, ਉਹ ਛਤਰਪੁਰ ਖੇਤਰ ਵਿਚ ਸਥਿਤ ਇਕ ਫਾਰਮ ਹਾਊਸ ਨਾਲ ਜੁੜੀ ਹੋਈ ਹੈ। ਪਾਰਟੀ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਵਾਲੇ 4-5 ਵਿਅਕਤੀ ਪੈਸਿਆਂ ਦਾ ਖੁੱਲ੍ਹਾ ਧੰਦਾ ਕਰ ਰਹੇ ਹਨ। ਸੰਜੇ ਸਿੰਘ ‘ਤੇ ਪੰਜਾਬ ਦੀਆਂ ਚੋਣਾਂ ਵਿਚ ਧਾਂਦਲੀਆਂ ਕਰਨ ਦਾ ਦੋਸ਼ ਲਾਉਂਦੇ ਹੋਏ ਕਪਿਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿਚ ਟਿਕਟਾਂ ਦੇ ਲੈਣ-ਦੇਣ ਲਈ ਪੈਸਿਆਂ ਦੀ ਵਰਤੋਂ ਕੀਤੀ ਗਈ। ਫਾਰਮ ਹਾਊਸ ਵਿਚ ‘ਆਪ’ ਦੇ ਨੇਤਾਵਾਂ ਨੂੰ ਦਾਰੂ, ਪੈਸੇ ਅਤੇ ਕੁੜੀਆਂ ਪਰੋਸੀਆਂ ਗਈਆਂ। ਲੋਕਾਂ ਨੇ ਮੈਨੂੰ ਅਮਰੀਕਾ ਤੋਂ ਫੋਨ ਕਰਕੇ ਦੱਸਿਆ ਕਿ ਸੰਜੇ ਸਿੰਘ ਦੇ ਰਿਸ਼ਤੇਦਾਰ ਟਿਕਟਾਂ ਲਈ ਅਮਰੀਕਾ ਵਿਚ ਪੈਸਿਆਂ ਦੀ ਡੀਲ ਕਰਦੇ ਸਨ। ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਪੈਸੇ ਲੈ ਕੇ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ। ਮਿਸ਼ਰਾ ਨੇ ਕਿਹਾ ਕਿ ਮੈਂ ਭਾਜਪਾ ਵਿਚ ਕਦੇ ਵੀ ਨਹੀਂ ਜਾਵਾਂਗਾ। ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਲਈ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਅਜਿਹੀਆਂ ਧਮਕੀਆਂ ਤੋਂ ਮੈਂ ਡਰਦਾ ਨਹੀਂ। ਪਾਰਟੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਆਪਣੀ ਲੜਾਈ ਜਾਰੀ ਰੱਖਾਂਗਾ।
ਜਿੱਤ ਸੱਚਾਈ ਦੀ ਹੀ ਹੋਵੇਗੀ : ਕੇਜਰੀਵਾਲ
ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਘਿਰੇ ਅਰਵਿੰਦ ਕੇਜਰੀਵਾਲ ਨੇ ਟਵੀਟ ‘ਤੇ ਖਾਮੋਸ਼ੀ ਤੋੜਦਿਆਂ ਕਿਹਾ ਹੈ ਕਿ ਉਨ੍ਹਾਂ ‘ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਪਰ ਇਹ ਯਕੀਨ ਹੈ ਕਿ ਅੰਤ ਵਿਚ ਜਿੱਤ ਸੱਚਾਈ ਦੀ ਹੀ ਹੋਵੇਗੀ। ਉਨ੍ਹਾਂ ਨੂੰ ਭਰੋਸਾ ਹੈ ਕਿ ਸਭ ਦੋਸ਼ਾਂ ਨੂੰ ਝੁਠਲਾਉਂਦੇ ਹੋਏ ਉਹ ਪਾਕ-ਸਾਫ ਨਿਕਲਣਗੇ। ਉਨ੍ਹਾਂ ਦੀ ਪਤਨੀ ਨੇ ਵੀ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ।
ਸਾਬਕਾ ਮੰਤਰੀ ਆਸਿਮ ਦਾ ਦੋਸ਼
ਕੇਜਰੀਵਾਲ ਨੇ ਪੰਜ ਵਿਧਾਇਕਾਂ ਕੋਲੋਂ ਮੰਗੇ ਸਨ 5-5 ਕਰੋੜ ਰੁਪਏ
ਕਪਿਲ ਮਿਸ਼ਰਾ ਪਿੱਛੋਂ ਹੁਣ ਸਾਬਕਾ ਮੰਤਰੀ ਆਸਿਮ ਅਹਿਮਦ ਖਾਨ ਨੇ ਕੇਜਰੀਵਾਲ ‘ਤੇ ਵੱਡਾ ਦੋਸ਼ ਲਾਇਆ ਹੈ। ਪੇਸ਼ੇ ਤੋਂ ਬਿਲਡਰ ਅਤੇ ਮੁਟੀਆ ਮਹੱਲ ਸੀਟ ਤੋਂ ਵਿਧਾਇਕ ਆਸਿਮ ਖਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਕੇਵਲ ਨੈੱਟਵਰਕ ਖਰੀਦਣ ਲਈ ਕੇਜਰੀਵਾਲ ਨੇ ਮੇਰੇ ਸਮੇਤ 5 ਵਿਧਾਇਕਾਂ ਕੋਲੋਂ 5-5 ਕਰੋੜ ਰੁਪਏ ਮੰਗੇ ਸਨ ਪਰ ਇੰਨੇ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਤਾਂ ਪਾਰਟੀ ਦੀ ਬੈਠਕ ਵਿਚ ਉਸ ਵੇਲੇ ਦੇ ਦਿੱਲੀ ਦੇ ਕਨਵੀਨਰ ਦਲੀਪ ਪਾਂਡੇ ਨੇ ਮੇਰੇ ਨਾਲ ਹੱਥੋਪਾਈ ਕੀਤੀ ਸੀ।
ਸੰਜੇ ਨੇ ਕਪਿਲ ਦੇ ਦੋਸ਼ਾਂ ਦਾ ਦਿੱਤਾ ਜਵਾਬ
ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੇ ਕਪਿਲ ਮਿਸ਼ਰਾ ਇੰਨਾ ਵੱਡਾ ਖੁਲਾਸਾ ਕਰ ਰਹੇ ਹਨ ਤਾਂ ਉਹ ਇਹ ਕਿਉਂ ਨਹੀਂ ਦੱਸ ਰਹੇ ਕਿ ਉਹ ਸੀ.ਐੱਮ. ਨੂੰ ਮਿਲਣ ਲਈ ਕਿੰਨੇ ਵਜੇ ਗਏ ਸਨ। ਕਪਿਲ ਮਿਸ਼ਰਾ ਖੁਦ ਏ.ਸੀ.ਬੀ. ‘ਤੇ ਮੋਦੀ ਤੇ ਭਾਜਪਾ ਦੇ ਇਸ਼ਾਰਿਆਂ ‘ਤੇ ਕੰਮ ਕਰਨ ਦਾ ਦੋਸ਼ ਲਾ ਚੁੱਕੇ ਹਨ ਅਤੇ ਸੋਮਵਾਰ ਉਸੇ ਕੋਲ ਸ਼ਿਕਾਇਤ ਕਰਨ ਲਏ। ਮੈਂ ਇਸੇ ਲਈ ਕਹਿੰਦਾ ਹਾਂ ਕਿ ਉਹ ਭਾਜਪਾ ਦੀ ਬੋਲੀ ਬੋਲ ਰਹੇ ਹਨ।
ਮਾਣਹਾਨੀ ਦਾ ਕੇਸ ਕਰਨਗੇ ਸਤੇਂਦਰ ਜੈਨ
ਸਤੇਂਦਰ ਜੈਨ ਨੇ ਐਲਾਨ ਕੀਤਾ ਹੈ ਕਿ ਉਹ ਕਪਿਲ ਮਿਸ਼ਰਾ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਮਿਸ਼ਰਾ ਨੂੰ ਦੋਸ਼ਾਂ ਨਾਲ ਜੁੜੇ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ। ਜੈਨ ਨੇ ਦੁਹਰਾਇਆ ਕਿ ਉਹ ਸ਼ੁੱਕਰਵਾਰ ਨੂੰ ਕੇਜਰੀਵਾਲ ਦੇ ਘਰ ਗਏ ਹੀ ਨਹੀਂ ਸਨ। ਮਿਸ਼ਰਾ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਦਿੱਤੀ ਜਾਏ ਫਾਂਸੀ : ਅੰਨਾ ਹਜ਼ਾਰੇ
ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਨਿਰਭਯਾ ਕਾਂਡ ਦੇ ਦੋਸ਼ੀਆਂ ਵਾਂਗ ਦੇਸ਼ ਦੇ ਭ੍ਰਿਸ਼ਟਾਚਾਰੀ ਨੇਤਾਵਾਂ ਅਤੇ ਮੰਤਰੀਆਂ ਨੂੰ ਵੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਦ ਹੀ ਭ੍ਰਿਸ਼ਟਾਚਾਰ ਖਤਮ ਹੋਵੇਗਾ। ਅੰਨਾ ਹਜ਼ਾਰੇ ਨੇ ‘ਆਪ’ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਟੀ.ਵੀ. ‘ਤੇ ਕੇਜਰੀਵਾਲ ਨਾਲ ਜੁੜੀਆਂ ਭ੍ਰਿਸ਼ਟਾਚਾਰ ਦੀਆਂ ਖਬਰਾਂ ਦੇਖ ਕੇ ਉਹ ਬੇਹੱਦ ਦੁਖੀ ਹਨ।ઠ ਅੰਨਾ ਨੇ ਕਿਹਾ ਕਿ ਕੇਜਰੀਵਾਲ ਰਾਹ ਤੋਂ ਕਦੋਂ ਦੇ ਭਟਕ ਚੁੱਕੇ ਹਨ। ਅਜਿਹਾ ਲੱਗਦਾ ਹੈ ਕਿ ਉਹ ਸਿਆਸਤ ਵਿਚ ਬਹੁਤ ਪੈਸਾ ਕਮਾਉਣ ਦੇ ਇਰਾਦੇ ਨਾਲ ਹੀ ਆਏ ਹਨ। ਇਸੇ ਲਈ ਹਰ ਰੋਜ਼ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …