ਮੈਰਾਥਨ, ਹਾਫ਼-ਮੈਰਾਥਨ, 13 ਤੇ 6 ਕਿਲੋਮੀਟਰ ਦੌੜਾਂ ਵਿਚ ਪਹਿਲੇ ਸਥਾਨ ‘ਤੇ ਆਉਣ ਵਾਲਿਆਂ ਨੂੰ ਕੀਤਾ ਗਿਆ ਸਨਮਾਨਿਤ
ਮਿਸੀਸਾਗਾ, ਬਰੈਂਪਟਨ/ਡਾ. ਝੰਡ
ਅੰਤਰਰਾਸ਼ਟਰੀ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਦੀ ਯਾਦ ਨੂੰ ਸਮਰਪਿਤ ‘ਇੰਸਪੀਰੇਸ਼ਨਲ ਸਟੈੱਪਸ-2026’ ਲੰਘੇ ਐਤਵਾਰ 27 ਸਤੰਬਰ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਦੌੜਾਂ ਦਾ ਈਵੈਂਟ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੈਂਕੜੈ ਦੌੜਾਕਾਂ ਤੇ ਵਾਕਰਾਂ ਨੇ ਭਾਗ ਲਿਆ। ਵੱਖ-ਵੱਖ ਦੂਰੀ ਦੀਆਂ ਇਹ ਮੈਰਾਥਨ, ਹਾਫ਼-ਮੈਰਾਥਨ, 13 ਕਿਲੋਮੀਟਰ ਤੇ 6 ਕਿਲੋਮੀਟਰ ਦੌੜਾਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਆਰੰਭ ਹੋਈਆਂ, ਜਦਕਿ ਇਨ੍ਹਾਂ ਸਾਰੀਆਂ ਦੌੜਾਂ ਦੀ ਸਮਾਪਤੀ ਦਾ ਸ਼ਾਨਦਾਰ ਸਥਾਨ (ਫ਼ਿਨਿਸ਼-ਪੋਆਇੰਟ) ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿੱਚ ਬਣਾਇਆ ਗਿਆ ਸੀ। ਇੱਥੇ ਪਹੁੰਚਣ ‘ਤੇ ਜਿੱਥੇ ਸਾਰੇ ਦੌੜਾਕਾਂ ਤੇ ਵਾਕਰਾਂ ਦੇ ਗਲ਼ਿਆਂ ਵਿਚ ਮੈਡਲ ਪਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ, ਉੱਥੇ ਇਨ੍ਹਾਂ ਦੌੜਾਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਦੌੜਾਕਾਂ ਨੂੰ ਸ਼ਾਨਦਾਰ ਕੱਪਾਂ ਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਈਵੈਂਟ ਦੇ ਪ੍ਰਬੰਧਕਾਂ ਵੱਲੋਂ 42.2 ਕਿਲੋਮੀਟਰ ‘ਫੁੱਲ ਮੈਰਾਥਨ’ ਸਕਾਰਬਰੋ ਦੇ ਗੁਰਦੁਆਰਾ ਸਾਹਿਬ ਤੋਂ ਸਵੇਰੇ 9.00 ਵਜੇ ਕਰਵਾਈ ਗਈ। 21.1 ਕਿਲੋਮੀਟਰ ‘ਹਾਫ਼-ਮੈਰਾਥਨ’ ਰਾਮਗੜੀਆ ਸਿੱਖ ਸੋਸਾਇਟੀ ਗੁਰੂਘਰ ਤੋਂ ਸਵੇਰੇ 11.00 ਵਜੇ ਸ਼ੁਰੂ ਹੋਈ ਅਤੇ 13 ਕਿਲੋਮੀਟਰ ਦੌੜ ਦਾ ਆਰੰਭ ਰੈਕਸਡੇਲ ਦੇ ਸਿੱਖ ਸਪਿਰਿਚੂਅਲ ਸੈਂਟਰ ਤੋਂ 12.00 ਵਜੇ ਹੋਇਆ, ਜਦਕਿ 6 ਕਿਲੋਮੀਟਰ ਦੌੜ ਗੁਰੂ ਸਿੰਘ ਸਭਾ ਗੁਰਦੁਆਰਾ ਮਾਲਟਨ ਜਿਸ ਨੂੰ ‘ਮਾਲਟਨ ਗੁਰੂਘਰ’ ਵਜੋਂ ਵੀ ਜਾਣਿਆ ਜਾਂਦਾ ਹੈ, ਤੋਂ ਬਾਅਦ ਦੁਪਹਿਰ 1.15 ਵਜੇ ਸ਼ੁਰੂ ਕੀਤੀ ਗਈ। ਹਰੇਕ ਗੁਰਦੁਆਰਾ ਸਾਹਿਬ ਤੋਂ ਦੌੜ ਦੀ ਸ਼ੁਰੂਆਤ ਗ੍ਰੰਥੀ ਸਿੰਘਾਂ ਵੱਲੋਂ ਕੀਤੀ ਗਈ ਅਰਦਾਸ ਨਾਲ ਕੀਤੀ ਗਈ। ਦੌੜਾਕਾਂ ਅਤੇ ਵਾਕਰਾਂ ਦੀ ਸੱਭ ਤੋਂ ਵਧੇਰੇ ਗਿਣਤੀ ਮਾਲਟਨ ਗੁਰੂਘਰ ਤੋਂ 6 ਕਿਲੋਮੀਟਰ ਦੌੜਨ ਤੇ ਤੁਰਨ ਵਾਲਿਆਂ ਦੀ ਸੀ। ਇੱਥੇ ਵੀ ਇਸ ਦੀ ਸ਼ੁਰੂਆਤ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੁਆਰਾ ਕੀਤੀ ਗਈ ਅਰਦਾਸ ਨਾਲ ਕੀਤੀ ਗਈ। ਇਸ ਤੋਂ ਪਹਿਲਾਂ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਦੌੜ ਤੇ ਵਾਕ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਦੌੜ ਦੇ ਰਸਤੇ, ਜੋ ਇਸ ਵਾਰ ਡੈਰੀ ਰੋਡ ਦੀ ਬਜਾਏ ਡਰਿਊ ਰੋਡ ਦੇ ਕਿਨਾਰੇ ਚੱਲਣ ਦਾ ਸੀ, ਉੱਪਰ ਸਾਵਧਾਨੀ ਨਾਲ ਚੱਲਣ ਬਾਰੇ ਹਦਾਇਤਾਂ ਦਿੱਤੀਆਂ ਗਈਆਂ। ਵੱਖ-ਵੱਖ ਦੌੜਾਂ ਦੇ ਰੂਟ ਉੱਪਰ ਵਾਲੰਟੀਅਰ ‘ਰਾਹ-ਦਸੇਰਿਆਂ’ ਦਾ ਕੰਮ ਬਾਖ਼ੂਬੀ ਕਰ ਰਹੇ ਸਨ ਅਤੇ ਦੌੜ ਦੇ ਰਸਤੇ ਵਿੱਚ ਪਾਣੀ ਪੀਣ ਦੇ ਸਥਾਨਾਂ (ਵਾਟਰ ਸਟੇਸ਼ਨਾਂ) ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਅਜਿਹੇ ਹੀ ਇੱਕ ਵਾਟਰ ਸਟੇਸ਼ਨ ਦਾ ਪ੍ਰਬੰਧ ‘ਟੀ.ਪੀ.ਏ.ਆਰ. ਕਲੱਬ’ ਦੇ ਵਾਲੰਟੀਅਰਾਂ ਵੱਲੋਂ ਟੌਰਬਰਮ ਰੋਡ ਤੇ ਡਰਿਊ ਰੋਡ ‘ਤੇ ਕੀਤਾ ਗਿਆ। ਦੌੜਾਂ ਦੀ ਸਮਾਪਤੀ ‘ਤੇ ਜਿੱਥੇ ਵੱਖ-ਵੱਖ ਦੌੜਾਂ ਦੀਆਂ ਮਰਦ ਤੇ ਔਰਤ ਕੈਟਾਗਰੀਆਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਦੌੜਾਕਾਂ ਨੂੰ ਪ੍ਰਬੰਧਕਾਂ ਵੱਲੋਂ ਕੱਪ ਅਤੇ ਹੋਰ ਇਨਾਮ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਇਸ ਈਵੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਦੌੜਾਕਾਂ ਅਤੇ ਵਾਕਰਾਂ ਦੇ ਗਲ਼ੇ ਵਿੱਚ ਮੈਡਲ ਪਾ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। 42.2 ਕਿਲੋਮੀਟਰ ਮੈਰਾਥਨ ਦੌੜ ਵਿੱਚ ਬਹਾਦਰ ਸਿੰਘ ਸ਼ੌਕਰ 4 ਘੰਟੇ 17 ਮਿੰਟ ਦੇ ਸਮੇਂ ਨਾਲ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਛੋਟੀ ਉਮਰ ਦੇ ਦੋ ਦੌੜਾਕ ਭਰਾਵਾਂ ਰੈਹਤ ਸੇਤੀਆ ਅਤੇ ਹਰਗੁਨ ਸੇਤੀਆ ਨੇ ਇਸ ਨੂੰ ਪੂਰੀ ਲਈ ਕ੍ਰਮਵਾਰ 7 ਘੰਟੇ 22 ਮਿੰਟ ਤੇ 8 ਘੰਟੇ 8 ਮਿੰਟ ਸਮਾਂ ਲਿਆ। ਇਸ ਲੰਮੀ ਦੌੜ ਲਈ ਕੋਈ ਵੀ ਔਰਤ ਦੌੜਾਕ ਨਹੀਂ ਸੀ। ਅਲਬੱਤਾ, 42.2 ਕਿਲੋਮੀਟਰ ਦੀ ‘ਰੀਲੇਅ-ਰੇਸ’ ਵਿੱਚ ਸੁਖਵੀਰ ਸਹੋਤਾ, ਰਣਜੀਤ ਸਹੋਤਾ, ਬਲਜਿੰਦਰ ਸਹੋਤਾ ਤੇ ਗੁਰਲੀਨ ਢਿੱਲੋਂ ਦੀ ਪਰਿਵਾਰਕ ਟੀਮ 4 ਘੰਟੇ 32 ਮਿੰਟ ਦੇ ਸਮੇਂ ਨਾਲ ਪਹਿਲੇ ਨੰਬਰ ‘ਤੇ ਰਹੀ। ਏਸੇ ਤਰ੍ਹਾਂ 21.1 ਹਾਫ਼-ਮੈਰਾਥਨ ਵਿੱਚ ਮਰਦਾਂ ਵਿੱਚ ਗੁਰਸ਼ਰਨ ਸੋਢੀ ਤੇ ਔਰਤਾਂ ਵਿੱਚ ਹਰਲੀਨ ਸਿੱਧੂ ਕ੍ਰਮਵਾਰ 2 ਘੰਟੇ 9 ਮਿੰਟ ਅਤੇ 2 ਘੰਟੇ 35 ਮਿੰਟ ਦੇ ਸਮੇਂ ਨਾਲ ਪਹਿਲੇ ਸਥਾਨ ‘ਤੇ ਆਏ। 13 ਕਿਲੋਮੀਟਰ ਦੌੜ ਵਿੱਚ ਮਰਦਾਂ ਵਿਚ ਪਰਵਿੰਦਰ ਸਚਦੇਵਾ ਅਤੇ ਸਿਮਰਨ ਘੁੰਮਣ ਨੇ 1 ਘੰਟਾ 6 ਮਿੰਟ ਤੇ 1 ਘੰਟਾ 19 ਮਿੰਟ ਸਮਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਜ ਹੀ, 6 ਕਿਲੋਮੀਟਰ ਦੌੜ ਵਿੱਚ ਰਣਬੀਰ ਸਿੰਘ ਅਰੋੜਾ ਨੇ ਮਰਦਾਂ ਵਿਚ ਅਤੇ ਔਰਤਾਂ ਵਿੱਚ ਸਿਮਰਨ ਛੀਨਾ 33 ਮਿੰਟ ਤੇ 31 ਮਿੰਟ ਸਮੇਂ ਨਾਲ ਪਹਿਲੇ ਨੰਬਰ ‘ਤੇ ਆਏ। ਬੱਚਿਆਂ ਦੀ 1.2 ਕਿਲੋਮੀਟਰ ਦੌੜ ਵਿੱਚ ਬੇਟਾ ਹਿੰਮਤ ਚਾਂਦਨੀਵਾਲਾ ਤੇ ਬੇਟੀ ਮਿਹਰ ਚਾਂਦਨੀਵਾਲਾ ਪਹਿਲੇ ਸਥਾਨ ‘ਤੇ ਰਹੇ।
ਦੌੜਾਕਾਂ ਨੂੰ ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਮਿਲੀ ਪ੍ਰੇਰਨਾ ਬਾਰੇ ਪੁੱਛਣ ‘ਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਾਬਾ ਫ਼ੌਜਾ ਸਿੰਘ ਤੋਂ ਮਿਲੀ, ਜਦਕਿ ਕਈਆਂ ਦਾ ਕਹਿਣਾ ਸੀ ਉਨ੍ਹਾਂa ਨੂੰ ਇਹ ਉਨ੍ਹਾਂ ਦੇ ਮਾਪਿਆਂ ਜਾਂ ਵੱਡੇ ਭੈਣ-ਭਰਾਵਾਂ ਤੋਂ ਮਿਲੀ।
ਦੌੜਾਂ ਦੀ ਸਮਾਪਤੀ ਦੇ ਸਥਾਨ ‘ਤੇ ਫ਼ਲਾਂ, ਚਾਹ-ਪਾਣੀ, ਪਕੌੜਿਆਂ, ਵੇਸਣ, ਬਰਫ਼ੀ, ਆਦਿ ਦਾ ਵਧੀਆ ਪ੍ਰਬੰਧ ਸੀ। ਪਰ ਇਸਦੇ ਨਾਲ ਹੀ ਕਈ ਦੌੜਾਕਾਂ ਵੱਲੋਂ ਇਹ ਵੀ ਸੁਣਨ ਵਿਚ ਆਇਆ ਕਿ ਇੱਥੇ ਫਲਾਂ ਵਾਲੀ ਗੱਲ ਤਾਂ ਸਹੀ ਹੈ, ਪਰ ਚਾਹ, ਮਠਿਆਈ ਤੇ ਪਕੌੜਿਆਂ, ਆਦਿ ਦੀ ਥਾਂ ‘ਤੇ ਖਾਣ-ਪੀਣ ਲਈ ਪੌਸ਼ਟਿਕ ਵਸਤਾਂ ਹੋਣੀਆਂ ਚਾਹੀਦੀਆਂ ਸਨ, ਕਿਉਂਕਿ ਲੰਮੀ ਦੌੜ ਤੋਂ ਬਾਅਦ ਦੌੜਾਕਾਂ ਨੂੰ ਪੌਸ਼ਟਿਕ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ।













