
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਿਚ ਜਲਦੀ ਵੱਡਾ ਬਦਲਾਅ ਹੋ ਸਕਦਾ ਹੈ। ਇਸ ਨੂੰ ਲੈ ਕੇ ਦਿੱਲੀ ਵਿਚ ਕਾਂਗਰਸ ਪਾਰਟੀ ਦੀ ਹਾਈਕਮਾਨ ਤੋਂ ਲੈ ਕੇ ਪੰਜਾਬ ਤੱਕ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੀ ਰਿਪੋਰਟ ਤੋਂ ਬਾਅਦ ਇਹ ਬਦਲਾਅ ਹੋਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਕੁੁਰਸੀ ਖੁੱਸ ਸਕਦੀ ਹੈ, ਪਰ ਇਸ ਨੂੰ ਲੈ ਕੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਰਾਜਾ ਵੜਿੰਗ ਦੀ ਥਾਂ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਜਾਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਵੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਕਰਨ ਦੀ ਦੌੜ ਵਿਚ ਹਨ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਨੇ ਹਾਲ ਹੀ ਵਿਚ ਯੂਥ ਕਾਂਗਰਸ ਦੇ ਆਗੂਆਂ ਅਤੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਦਿੱਲੀ ਵਿਚ ਮੀਟਿੰਗ ਕਰਕੇ ਪੰਜਾਬ ਸਬੰਧੀ ਜਾਣਕਾਰੀ ਲਈ ਸੀ।

