18.2 C
Toronto
Thursday, September 10, 2026
spot_img
HomeਕੈਨੇਡਾFrontਸੁਖਬੀਰ ਸਿੰਘ ਬਾਦਲ ਨੂੰ ਐਸ.ਆਈ.ਟੀ. ਨੇ ਮੁੜ ਕੀਤਾ ਤਲਬ

ਸੁਖਬੀਰ ਸਿੰਘ ਬਾਦਲ ਨੂੰ ਐਸ.ਆਈ.ਟੀ. ਨੇ ਮੁੜ ਕੀਤਾ ਤਲਬ

ਸੁਖਬੀਰ ਸਿੰਘ ਬਾਦਲ ਨੂੰ ਐਸ.ਆਈ.ਟੀ. ਨੇ ਮੁੜ ਕੀਤਾ ਤਲਬ
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਫਿਰ ਹੋਵੇਗੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
2015 ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐਸ.ਆਈ.ਟੀ. ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ ਆਉਂਦੀ 11 ਸਤੰਬਰ ਨੂੰ ਚੰਡੀਗੜ੍ਹ ਵਿਚ ‘ਸਿੱਟ’ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ‘ਸਿੱਟ’ ਦੇ ਸਾਹਮਣੇ 20 ਜੁਲਾਈ ਨੂੰ ਪੇਸ਼ ਹੋ ਚੁੱਕੇ ਹਨ ਅਤੇ ਉਹ ਕਹਿ ਵੀ ਚੁੱਕੇ ਹਨ ਕਿ ਜਦੋਂ ਵੀ ਜਾਂਚ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਏਗੀ ਤਾਂ ਉਹ ਜ਼ਰੂਰ ਪੇਸ਼ ਹੋਣਗੇ। ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਜਾਰੀ ਹੋਏ ਐਸ.ਆਈ.ਟੀ. ਦੇ ਸੰਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਈ ਮੁੱਦਿਆਂ ’ਤੇ ਘਿਰ ਚੁੱਕੀ ਹੈ ਅਤੇ ਉਹ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲਾਂ ਤੋਂ ਇਹ ਮੁੱਦਾ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਇਸ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸੀ ਮੁੱਦੇ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ। ਅਰਸ਼ਦੀਪ ਸਿੰਘ ਕਲੇਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ’ਚ ਅਦਾਲਤ ਨੇ ਦੋ ਤਰੀਕਾਂ ’ਤੇ ਸਰਕਾਰ ਨੂੰ ਝਾੜ ਵੀ ਪਾਈ ਹੈ।

ਅਕਾਲੀ ਏਕਤਾ ਲਈ ਹੁਣ ਸਿਕੰਦਰ ਸਿੰਘ ਮਲੂਕਾ ਵੀ ਆਏ ਅੱਗੇ
ਪੰਥਕ ਧਿਰਾਂ ਨੂੰ ਵਖਰੇਵਾਂ ਖਤਮ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਵਖਰੇਵੇਂ ਸੁਲਝਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼ੋ੍ਰਮਣੀ ਅਕਾਲੀ ਦਲ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੀ ਸੀ। ਵਡਾਲਾ ਨੇ ਕਿਹਾ ਸੀ ਕਿ ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਪਵੇਗਾ। ਇਸ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਵਿਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਕਾਰਨ ਪੰਜਾਬ ਵਿਚ ਉਨ੍ਹਾਂ ਦਾ ਸਮੂਹਿਕ ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਥਕ ਧਿਰਾਂ ਵੱਖ-ਵੱਖ ਹੋ ਕੇ ਚੋਣ ਮੈਦਾਨ ਵਿਚ ਨਿੱਤਰਦੀਆਂ ਹਨ ਤਾਂ ਇਸ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਮਿਲੇਗਾ। ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਸਾਲ 2024 ਵਿਚ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਤਹਿਤ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਸੀ, ਪਰ ਜੂਨ 2025 ਵਿਚ ਉਨ੍ਹਾਂ ਦੀ ਮੁੜ ਸ਼ੋ੍ਰਮਣੀ ਅਕਾਲੀ ਦਲ ਵਿਚ ਵਾਪਸੀ ਕਰਵਾਈ ਗਈ ਸੀ।

RELATED ARTICLES
POPULAR POSTS