
ਜ਼ਿਆਦਾਤਰ ਵਰਕਰਾਂ ਨੇ ਚੋਣ ਗਠਜੋੜ ਨਾ ਕਰਨ ਦੀ ਦਿੱਤੀ ਸਲਾਹ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ। ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਬੀ.ਐਲ. ਸੰਤੋਸ਼ ਪੰਜਾਬ ਵਿਚ ਪਾਰਟੀ ਵਰਕਰਾਂ ਦੀ ਨਬਜ਼ ਟਟੋਲਣ ਲਈ ਪਹੁੰਚੇ ਤਾਂ ਜ਼ਿਆਦਾਤਰ ਵਰਕਰਾਂ ਨੇ ਚੋਣ ਗਠਜੋੜ ਨਾ ਕਰਨ ਦੀ ਸਲਾਹ ਦਿੱਤੀ ਹੈ। ਪਾਰਟੀ ਵਰਕਰਾਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਬੀ.ਐਲ. ਸੰਤੋਸ਼ ਨੇ ਪੰਜਾਬ ਦੌਰੇ ਦੀ ਪਹਿਲੀ ਬੈਠਕ ਵਿਚ ਸਾਰੇ 117 ਵਿਧਾਨ ਸਭਾ ਹਲਕਿਆਂ ’ਤੇ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਵਰਕਰਾਂ ਨੂੰ ਵੀ ਸਾਰੇ 117 ਹਲਕਿਆਂ ’ਤੇ ਕੰਮ ਕਰਨ ਨੂੰ ਕਹਿ ਦਿੱਤਾ। ਇਸਦੇ ਚੱਲਦਿਆਂ ਬੀ.ਐਲ. ਸੰਤੋਸ਼ ਅੱਜ ਮੰਗਲਵਾਰ ਨੂੰ ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਦੇ ਪਾਰਟੀ ਵਰਕਰਾਂ ਨਾਲ ਵੀ ਰੂਬਰੂ ਹੋਏ। ਪੰਜਾਬ ਦੌਰੇ ਦੀ ਰਿਪੋਰਟ ਤਿਆਰ ਕਰਕੇ ਬੀਐਲ ਸੰਤੋਸ਼ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰੂ ਸੌਂਪਣਗੇ। ਲੁਧਿਆਣਾ ਵਿਚ ਬੀ.ਐਲ. ਸੰਤੋਸ਼ ਨੇ ਭਾਜਪਾ ਦੇ ਟਕਸਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਸੰਗਠਨ ਦਾ ਪਾਠ ਵੀ ਪੜ੍ਹਾਇਆ।

