24.5 C
Toronto
Friday, August 21, 2026
spot_img
HomeਕੈਨੇਡਾFrontਹੁਣ ਐਨਸੀਈਆਰਟੀ ਨੇ 11ਵੀਂ, 12ਵੀਂ ਜਮਾਤ ਦੀਆਂ ਪੁਸਤਕਾਂ ਲਈ ਬਣਾਈ ਨਵੀਂ ਟੀਮ

ਹੁਣ ਐਨਸੀਈਆਰਟੀ ਨੇ 11ਵੀਂ, 12ਵੀਂ ਜਮਾਤ ਦੀਆਂ ਪੁਸਤਕਾਂ ਲਈ ਬਣਾਈ ਨਵੀਂ ਟੀਮ

ਹੁਣ ਐਨਸੀਈਆਰਟੀ ਨੇ 11ਵੀਂ, 12ਵੀਂ ਜਮਾਤ ਦੀਆਂ ਪੁਸਤਕਾਂ ਲਈ ਬਣਾਈ ਨਵੀਂ ਟੀਮ
ਇਹ ਟੀਮ ਰਾਜਨੀਤੀ ਸ਼ਾਸਤਰ ਪਾਠ ਪੁਸਤਕਾਂ ਵਿੱਚ ਲੋੜੀਂਦੀ ਤਬਦੀਲੀ ਕਰੇਗੀ
ਨਵੇਂ ਪੈਨਲਾਂ ਵਿੱਚ ਏਬੀਵੀਪੀ, ਭਾਜਪਾ ਅਤੇ ਆਰਐਸਐਸ ਦੇ ਸਲਾਹਕਾਰ  ਹੋਣਗੇ ਸ਼ਾਮਿਲ

ਅਮਰਜੀਤ ਸਿੰਘ
ਚੰਡੀਗੜ੍ਹ/ਦਿੱਲੀ 20 ਅਗਸਤ 2026

ਕੇਂਦਰ ਸਰਕਾਰ 11ਵੀਂ ਅਤੇ 12ਵੀਂ ਜਮਾਤ ਦੀਆਂ ਰਾਜਨੀਤੀ ਸ਼ਾਸਤਰ ਦੀਆਂ ਪੁਸਤਕਾਂ ਵਿੱਚ ਵੱਡੀ ਤਬਦੀਲੀ ਕਰਨ ਜਾ ਰਹੀ ਹੈ। ਖ਼ਾਸ ਗੱਲ ਇਹ ਕਿ ਇਸਦੇ ਲਈ ਇੱਕ ਨਵੀਂ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਏਬੀਵੀਪੀ, ਭਾਜਪਾ ਅਤੇ ਆਰਐਸਐਸ ਨਾਲ ਸਬੰਧਤ ਸੰਸਥਾਵਾਂ ਨਾਲ ਜੁੜੇ ਅਕਾਦਮਿਕ ਮਾਹਿਰ, ਸਿੱਖਿਆ ਸ਼ਾਸਤਰੀ ਅਤੇ ਰਾਜਨੀਤਿਕ ਸਲਾਹਕਾਰ ਸ਼ਾਮਲ ਹੋਣਗੇ। ਸਰਕਾਰ ਦੀ ਇਸ ਪਾਲਿਸੀ ਨੂੰ ਲੈਕੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਸਬਜੈੱਕਟ ਮਾਹਿਰ ਕਈ ਸਵਾਲ ਚੁੱਕ ਰਹੇ ਹਨ ਤੇ ਸਰਕਾਰ ਦੇ ਇਸ ਕਦਮ ਦੀ ਸੋਚ ਤੇ ਚਿੰਤਾ ਜਤਾ ਰਹੇ ਹਨ ਕਿ ਇਸ ਕੰਮ ਲਈ ਦੂਜੇ ਸਿੱਖਿਆ ਅਦਾਰਿਆਂ ਦੀ ਸੇਵਾ ਕਿਉਂ ਨਹੀਂ ਲਈ ਜਾ ਰਹੀ।

ਐਨ ਸੀ ਈ ਆਰ ਟੀ ਨੇ 11ਵੀਂ ਅਤੇ 12ਵੀਂ ਜਮਾਤ ਦੀਆਂ ਰਾਜਨੀਤੀ ਸ਼ਾਸਤਰ ਪਾਠ ਪੁਸਤਕਾਂ ਲਈ ਇੱਕ ਨਵੀਂ “ਪਾਠ ਪੁਸਤਕ ਵਿਕਾਸ ਟੀਮ” ਦਾ ਪੁਨਰਗਠਨ ਕੀਤਾ ਹੈ। ਇਸ ਟੀਮ ਨਾਲ ਜੁੜੇ ਸਾਰੇ ਪੈਨਲਾਂ ਨੂੰ ਤਾਕੀਦ ਕੀਤੀ ਗਈ ਹੈਂ ਕਿ ਉਹ ਨਵੰਬਰ 2026 ਤੱਕ 11ਵੀਂ ਅਤੇ ਜੁਲਾਈ 2027 ਤੱਕ 12ਵੀਂ ਜਮਾਤ ਦੀ ਕਿਤਾਬ ਦੇ ਵਿਕਾਸ ਦਾ ਕੰਮ ਪੂਰਾ ਕਰ ਲੈਣ। ਖ਼ਾਸ ਗੱਲ ਇਹ ਹੈ ਕਿ ਇਸ 20 ਮੈਂਬਰੀ ਟੀਮ ਵਿੱਚ ਉਹ ਰਾਜਨੀਤਿਕ ਸਲਾਹਕਾਰ ਅਤੇ ਸਿੱਖਿਆ ਸ਼ਾਸਤਰੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ ਕੁੱਝ ਕੁ ਦੇ ਸੰਬੰਧ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਜਪਾ ਨਾਲ ਜੁੜੇ ਹੋਏ ਹਨ।
ਇਹ ਤੈਅ ਹੋ ਗਿਆ ਹੈ ਕਿ ਪਾਠ ਪੁਸਤਕ ਟੀਮ ਦੀ ਅਗਵਾਈ ਰਾਜਨੀਤਿਕ ਵਿਸ਼ਲੇਸ਼ਕ ਸੰਦੀਪ ਸ਼ਾਸਤਰੀ ਕਰਨਗੇ, ਜੋ ਕਰਨਾਟਕ ਸਥਿਤ ਡੀਮਡ (?) ਯੂਨੀਵਰਸਿਟੀ ਨਿੱਟੇ (ਐਨਈਟੀਟੀਈ) ਦੇ ਉਪ-ਪ੍ਰਧਾਨ ਵੀ ਹਨ। ਦੱਸ ਦੇਈਏ ਕਿ ਨਿੱਟੇ ਬਹੁਤ ਸਾਰੇ ਵਿਵਾਦਾਂ ਵਿੱਚ ਘਿਰੀ ਹੋਈ ਸੰਸਥਾ ਹੈ।

ਇੰਟਰਨੇਟ ਦੇ ਪਬਲਿਕ ਡੋਮੇਨ ਤੇ ਉਪਲਬਧ ਜਾਣਕਾਰੀ ਵੀ ਕਾਫੀ ਦਿਲਚਸਪ ਹੈ। ਸਿੱਖਿਆ ਮੰਤਰਾਲੇ ਦੇ ਸੀਨੀਅਰ ਸਲਾਹਕਾਰ ਯਦੁਨਾਥ ਦੇਸ਼ਪਾਂਡੇ ਦੇ ਲਿੰਕਡਇਨ ਪ੍ਰੋਫਾਈਲ ਮੁਤਾਬਿਕ, ਉਹ ਨਾ ਸਿਰਫ਼ ਮੁੰਬਈ ਵਿੱਚ ਏਬੀਵੀਪੀ ਨਾਲ ਜੁੜੇ ਹੋਏ ਸਨ ਬਲਕਿ ਉਹਨਾਂ ਨੇ ਅਗਸਤ 2018 ਤੋਂ ਅਕਤੂਬਰ 2019 ਤੱਕ ਭਾਜਪਾ ਲਈ ਰਾਜਨੀਤਿਕ ਸਲਾਹਕਾਰ ਦੇ ਤੌਰ ਤੇ ਕੰਮ ਵੀ ਕੀਤਾ ਹੈ। ਇਹਨਾਂ ਤੋਂ ਅਲਾਵਾ ਟੀਮ ਦੇ ਦੂਜੇ ਮੈਂਬਰ ਜਿਵੇਂ ਕਿ ਪ੍ਰਸ਼ਾਂਤ ਦਿਵੇਕਰ, ਗਿਆਨ ਪ੍ਰਬੋਧਿਨੀ, ਪੁਣੇ ਵਿਖੇ ਅਧਿਆਪਕ ਸਿੱਖਿਆ ਕੇਂਦਰ ਅਤੇ ਖੋਜ ਪ੍ਰੋਗਰਾਮ ਦੇ ਮੁਖੀ ਹਨ। ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਗਿਆਨ ਪ੍ਰਬੋਧਿਨੀ, ਆਰਐਸਐਸ ਨਾਲ ਸਬੰਧਤ ਇੱਕ ਸੰਸਥਾ ਹੈ ਜੋ ਸਕੂਲੀ ਵਿਦਿਆਰਥੀਆਂ ਵਿੱਚ ਗਿਆਨ ਸੰਚਾਰ ਕਰਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਵਿੱਚ ਡਾ. ਐਮਐਨ ਸੁਰੇਸ਼ ਕੁਮਾਰ, ਪ੍ਰੋਫੈਸਰ ਰਾਜਨੀਤੀ ਵਿਗਿਆਨ ਵਿਭਾਗ, ਸਰਕਾਰੀ ਫਸਟ ਗ੍ਰੇਡ ਕਾਲਜ, ਹੇਸਰਾਘਾੱਟਾ, ਬੰਗਲੁਰੂ, ਪ੍ਰਕਾਸ਼ ਕਾਂਡਪਾਲ,ਜੇਐਨਯੂ ਤੋਂ, ਨਿਧਿ ਗੁਪਤਾ, ਨੈਸ਼ਨਲ ਲਾਅ ਯੂਨੀਵਰਸਿਟੀ ਤੋਂ, ਚੇਤਨ ਸਿੰਘਾਈ, ਚਾਣਕਿਆ ਯੂਨੀਵਰਸਿਟੀ ਤੋਂ; ਸੁਕਾਂਸ਼ਿਕਾ ਵਤਸਾ ਦਿੱਲੀ ਯੂਨੀਵਰਸਿਟੀ ਤੋਂ, ਸਤੀਸ਼ ਕੁਮਾਰ ਇਗਨੂ ਤੋਂ, ਦੀਵੰਸ਼ੂ ਸ਼੍ਰੀਵਾਸਤਵ ਨੈਸ਼ਨਲ ਯੂਨੀਵਰਸਿਟੀ ਆਫ ਸਟੱਡੀ ਐਂਡ ਰਿਸਰਚ ਇਨ ਲਾਅ ਤੋਂ, ਪ੍ਰਣਵ ਗੁਪਤਾ ਜਿੰਦਲ ਗਲੋਬਲ ਲਾਅ ਸਕੂਲ ਤੋਂ, ਨੰਦਾ ਕਿਸ਼ੋਰ ਪਾਂਡੀਚੇਰੀ ਯੂਨੀਵਰਸਿਟੀ ਤੋਂ ਅਤੇ ਸਵਪਨਾ ਪ੍ਰਭੂ ਉਤਕਲ ਯੂਨੀਵਰਸਿਟੀ ਤੋਂ ਲਏ ਗਏ ਹਨ। ਹੋਰ ਮੈਂਬਰਾਂ ਵਿੱਚ ਨਵੀਂ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਸਕੂਲ ਤੋਂ ਡਾਇਨਾ ਇਜ਼ਾਬੇਲ ਅਤੇ ਐਸਐਚਵੀਐਨਐਮ ਸਰਕਾਰੀ ਪੀਯੂ ਕਾਲਜ ਫਾਰ ਗਰਲਜ਼ ਤੋਂ ਐੱਨ. ਭਰਾਨੀ ਸ਼ਾਮਲ ਹਨ।

ਨਵੀਂ ਟੀਮ ਨੂੰ ਲੈਕੇ ਬੁੱਧੀਜੀਵੀ ਇਹ ਤੌਖਲਾ ਜ਼ਾਹਿਰ ਕਰ ਰਹੇ ਹਨ ਕਿ ਜੇਕਰ ਸਾਰੇ ਹੀ ਮਾਹਿਰ ਆਰਐਸਐਸ, ਭਾਜਪਾ, ਏਬੀਵੀਪੀ ਜਾਂ ਹੋਰ ਹਿੰਦੂਵਾਦੀ ਸੰਸਥਾਵਾਂ ਨਾਲ ਜੁੜੇ ਹੋਏ ਹੀ ਹੋਣਗੇ ਤਾਂ ਫੇਰ ਉਹਨਾਂ ਤੋਂ ਕਿਸ ਤਰ੍ਹਾਂ ਦੀ ਰਾਜਨੀਤਿਕ ਸੇਧ ਜਾਂ ਫੇਰ ਇਤਿਹਾਸਿਕ ਸੱਚ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸਤੋਂ ਪਹਿਲਾਂ ਜਿਸ ਤਰੀਕੇ ਨਾਲ ਸੀਬੀਐਸਈ ਦੀਆਂ ਅੱਠਵੀਂ ਅਤੇ ਦਸਵੀਂ ਦੀਆਂ ਇਤਿਹਾਸ ਦੀਆਂ ਪੁਸਤਕਾਂ ਵਿੱਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਸੀ ਉਸ ਗ਼ਲਤ ਜਾਣਕਾਰੀ ਨੂੰ ਲੈਕੇ ਅੱਜ ਵੀ ਲੋਕ ਅਨਸ਼ਨ ਕਰ ਰਹੇ ਹਨ ਤੇ ਸੋਧ ਦੀ ਮੰਗ ਕਰਦੇ ਆ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨਾਂਅ ਨਾ ਛਾਪਣ ਦੀ ਸ਼ਰਤ ਦੇ ਕਹਿੰਦੇ ਹਨ ਕਿ ਇਹ ਸਭ ਕੁੱਝ ਆਰਐਸਐਸ ਦੀ ਆਈਡੀਓਲੋਜੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਰਿਹਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੂਜੇ ਸਿੱਖਿਆ ਅਦਾਰਿਆਂ ਦੇ ਮਾਹਿਰਾਂ ਨੂੰ ਵੀ ਟੀਮ ਵਿੱਚ ਸ਼ਾਮਿਲ ਕਰਨ ਤਾਂ ਜੋ ਪਹਿਲਾਂ ਵਾਂਗ ਪੁਸਤਕਾਂ ਤੇ ਉਂਗਲੀ ਨਾ ਚੁੱਕੀ ਜਾ ਸਕੇ। ਇੰਝ ਲਗਦੈ ਕਿ ਆਰਐਸਐਸ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕੇਂਦਰੀ ਭਾਜਪਾ ਸਰਕਾਰ ਨੇ ਰਾਜਨੀਤੀ ਸ਼ਾਸਤਰ ਦੀਆਂ ਪਾਠ ਪੁਸਤਕਾਂ ਵਿੱਚ ਵੱਡੀ ਤਬਦੀਲੀ ਕਰਨ ਦੀ ਤਿਆਰੀ ਵਿੱਢ ਲਈ ਹੈ।

RELATED ARTICLES
POPULAR POSTS