
ਮੁੱਖ ਮੰਤਰੀ ਪੰਜਾਬ ਦਾ ਈਡੀ ਦੇ 61 ਗ਼ਲਤ ਕੰਮਾਂ ਦੇ ਦੋਸ਼ਾਂ ਤੇ ਕਰਾਰਾ ਹਮਲਾ
ਅਮਰਜੀਤ ਸਿੰਘ
ਚੰਡੀਗੜ੍ਹ 19 ਅਗਸਤ 2026
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ 61 ਗਲਤ ਕੰਮਾਂ ਦੇ ਦੋਸ਼ ਲਗਾਉਂਦਿਆਂ ਜੋ ਪੱਤਰ ਲਿਖਿਆ ਸੀ ਉਸਤੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਇਹਨਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਨੇ ਈਡੀ ਅਤੇ ਭਾਜਪਾ ‘ਤੇ “ਲੋਕਤੰਤਰ ਵਿਰੋਧੀ” ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਦੋਸ਼ ਵੀ ਲਾਇਆ।
ਮਾਨ ਨੇ ਕਿਹਾ ਕਿ ਈਡੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੀ ਆ ਰਹੀ ਹੈ ਤੇ ਉਹ ਜੋ ਚਾਹੇ ਲਿਖਕੇ ਅੱਗੇ ਭੇਜ ਦਿੰਦੀ ਹੈ ਕਿਉਂਕਿ ਉਸਦਾ ਕੰਮ ਹੀ ਇਹੀ ਹੈ। ਹੁਣ ਜੋ ਲਿਖਿਆ ਗਿਆ ਹੈ ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਸਿਰਫ਼ ਆਪਣੇ ਰਾਜਨੀਤਿਕ ਵਿਰੋਧੀਆਂ ‘ਤੇ ਉਂਗਲਾਂ ਉਠਾਉਂਦੇ ਹਨ। ਮੈਨੂੰ ਕਿਸੇ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮਾਨ ਦੀ ਇਹ ਪ੍ਰਤੀਕਿਰਿਆ ਉਸ ਵੇਲੇ ਆਈ ਹੈ ਜਦੋਂ ਚੋਣਾਂ ਦੇ ਕਾਰਨ ਰਾਜਨੀਤਿਕ ਗਤੀਵਿਧੀਆਂ ਜ਼ੋਰਾ ਤੇ ਹਨ ਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਆਮ ਗੱਲ ਹੈ।
ਚੇਤੇ ਰਹੇ ਕਿ ਈਡੀ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖਕੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਬਹੁਤ ਜ਼ਿਆਦਾ ਅਜਿਹੇ ਕੰਮ ਕੀਤੇ ਹਨ ਜੋ ਨਹੀੰ ਕੀਤੇ ਜਾਣੇ ਚਾਹੀਦੇ ਸਨ। ਈਡੀ ਨੇ ਲਿਖਿਆ ਹੈ ਕਿ ਘੁੱਮਣ ਨੇ ਕਥਿਤ ਤੌਰ ਤੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ, ਨੀਤੀ ਨਿਰਮਾਣ, ਟੈਂਡਰਾਂ ਵਿੱਚ ਹੇਰਾਫੇਰੀ, ਜ਼ਮੀਨੀ ਸੌਦਿਆਂ ਅਤੇ ਹਥਿਆਰਾਂ ਦੇ ਖਰੀਦ ਲਾਇਸੈਂਸਾਂ ਵਿੱਚ ਕਥਿਤ ਦਖਲਅੰਦਾਜ਼ੀ ਕੀਤੀ ਹੈ ਜਿਹਨਾਂ ਨੂੰ ਲੈਕੇ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ।
ਮਾਨ, ਜੋਕਿ ਇਸ ਮੁੱਦੇ ਤੇ ਵਿਰੋਧੀ ਧਿਰਾਂ ਦੀਆਂ ਸ਼ਬਦੀ ਸੱਟਾਂ ਝਲਦੇ ਆ ਰਹੇ ਹਨ ਨੇ ਅੱਜ ਆਪਣੀ ਤਿੱਖੀ ਪ੍ਰਤੀਕਿਰਿਆ ਨਾਲ ਵਿਰੋਧੀਆਂ ਦੇ ਮੂੰਹ ਮੋੜਨ ਦੀ ਕੋਸ਼ਿਸ਼ ਕੀਤੀ ਹੈ । ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਜਨੀਤਿਕ ਰਣਨੀਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਹੈ। ਉਹਨਾਂ ਕਿਹਾ ਕਿ ਭਾਜਪਾ ਕੇਂਦਰੀ ਏਜੰਸੀਆਂ ਨੂੰ ਆਪਣੇ ਸਾਧਨ ਵਜੋਂ ਵਰਤਦੀ ਹੈ, ਉਹ ਲੋਕਤੰਤਰ ਵਿਰੋਧੀ ਹੈ। ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਇਹ ਉਨ੍ਹਾਂ ਦੀ ਘਟੀਆ ਰਾਜਨੀਤੀ ਹੈ ਜੋ ਹਰ ਚੋਣ ਦੌਰਾਨ ਵੇਖਣ ਨੂੰ ਮਿਲਦੀ ਹੈ ।

