
10 ਅਤੇ 20 ਰੁਪਏ ਦੇ ਨੋਟਾਂ ਦੇ ਬੰਡਲਾਂ ਲਈ ਵਾਧੂ ਰਕਮ ਵਸੂਲਣ ਦੇ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਦੀਆਂ ਬੈਂਕਾਂ ਵਿਚੋਂ 10 ਅਤੇ 20 ਰੁਪਏ ਦੇ ਨੋਟ ਮਿਲਣੇ ਕਰੀਬ ਬੰਦ ਹੀ ਹੋ ਗਏ ਹਨ। ਲੋਕਾਂ ਦਾ ਇਲਜ਼ਾਮ ਹੈ ਕਿ ਜਦੋਂ ਬੈਂਕਾਂ ਵਿਚ ਨਵੇਂ ਛੋਟੇ ਨੋਟ ਮੰਗਣ ’ਤੇ ਉਪਲਬਧ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ, ਉਥੇ ਹੀ ਇਹ ਬਜ਼ਾਰਾਂ ਵਿਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਇਸ ਬਦਲੇ ਵੱਧ ਪੈਸੇ ਲੈਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 1,000 ਰੁਪਏ ਮੁੱਲ ਦੇ ਨੋਟਾਂ ਦੇ ਪੈਕੇਟ ਲਈ 1,000 ਰੁਪਏ ਜਾਂ ਇਸ ਤੋਂ ਵੀ ਵੱਧ ਵਸੂਲਣ ਦੀ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਮੌਕੇ ਇਨ੍ਹਾਂ ਛੋਟੇ ਨੋਟਾਂ ਦੀ ਮੰਗ ਵਧ ਜਾਂਦੀ ਹੈ। ਲੋਕ ਪੁੱਛ ਰਹੇ ਹਨ ਕਿ ਜੇਕਰ ਬੈਂਕਾਂ ਵਿਚ ਛੋਟੇ ਨੋਟ ਨਹੀਂ ਮਿਲ ਰਹੇ ਤਾਂ ਬਜ਼ਾਰ ਤੱਕ ਇਨ੍ਹਾਂ ਦੀ ਸਪਲਾਈ ਕਿਹੜੇ ਚੈਨਲ ਰਾਹੀਂ ਹੋ ਰਹੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਨੋਟਾਂ ਦੇ ਸਰੋਤ ਅਤੇ ਕਥਿਤ ਵਾਧੂ ਵਸੂਲੀ ਦੀ ਪੜਤਾਲ ਹੋਣੀ ਚਾਹੀਦੀ ਹੈ।

