
ਆਰ.ਬੀ.ਆਈ. ਗਵਰਨਰ ਨੇ ਕਿਹਾ : ਦੁਨੀਆ ’ਚ ਉਥਲ-ਪੁਥਲ ਨਾਲ ਮਹਿੰਗਾਈ ਵਧੀ
ਮੁੰਬਈ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਦੇ ਸੰਕਟ ਕਾਰਨ ਊਰਜਾ ਕੀਮਤਾਂ ਵਿਚ ਆ ਰਹੀਆਂ ਰੁਕਾਵਟਾਂ ਦੇ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਆਪਣੀਆਂ ਮੁੱਖ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ. ਨੇ ਵਿਆਜ਼ੰ ਦਰ ਨੂੰ 5.25 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਇਸਦਾ ਮਤਲਬ ਹੈ ਕਿ ਨਵੇਂ ਕਰਜ਼ੇ ਦੀ ਤਰ੍ਹਾਂ ਮੌਜੂਦਾ ਕਰਜ਼ਾ ਅਤੇ ਈ.ਐਮ.ਆਈ. ਵੀ ਸਸਤੀ ਨਹੀਂ ਹੋਵੇਗੀ। ਆਰ.ਬੀ.ਆਈ. ਦੀ ਮਾਨੀਟਰੀ ਪਾਲਿਸੀ ਕਮੇਟੀ, ਯਾਨੀ ਐਮ.ਪੀ.ਸੀ. ਦੀ ਤਿੰਨ ਦਿਨ ਚੱਲੀ ਬੈਠਕ ਤੋਂ ਬਾਅਦ ਗਵਰਨਰ ਸੰਜੇ ਮਲਹੋਤਰਾ ਨੇ ਅੱਜ 5 ਅਗਸਤ ਨੂੰ ਦੱਸਿਆ ਕਿ ਦੁਨੀਆ ਭਰ ਵਿਚ ਉਥਲ-ਪੁਥਲ ਕਰਕੇ ਮਹਿੰਗਾਈ ਵਧੀ ਹੈ। ਇਸਦੇ ਚੱਲਦਿਆਂ ਫਿਲਹਾਲ ਵਿਆਜ਼ ਦਰਾਂ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਆਰ.ਬੀ.ਆਈ. ਦਾ ਇਹ ਫੈਸਲਾ ਆਪਣੀ ਬਚਤ ਦੇ ਪੈਸੇ ਬੈਂਕ ਵਿਚ ਰੱਖਣ ਵਾਲਿਆਂ ਲਈ ਰਾਹਤ ਭਰਿਆ ਹੈ, ਕਿਉਂਕਿ ਐਫ.ਡੀ. ’ਤੇ ਮਿਲਣ ਵਾਲਾ ਵਿਆਜ਼ ਫਿਲਹਾਲ ਘੱਟ ਨਹੀਂ ਹੋਵੇਗਾ। ਹਾਲਾਂਕਿ ਸਾਰੇ ਬੈਂਕ ਆਰ.ਬੀ.ਆਈ. ਦੇ ਦੱਸੇ ਮੁਤਾਬਕ ਵਿਆਜ਼ ਦਰਾਂ ਇਕੋ ਜਿਹੀਆਂ ਨਹੀਂ ਰੱਖਦੇ, ਉਹ ਆਪਣੀ ਲਾਗਤ ਅਤੇ ਬਜ਼ਾਰ ਨੂੰ ਦੇਖ ਕੇ ਇਸ ਵਿਚ ਥੋੜ੍ਹਾ ਬਦਲਾਅ ਕਰ ਸਕਦੇ ਹਨ।

