
ਚੰਡੀਗੜ੍ਹ/ਬਿਊਰੋ ਨਿਊਜ਼
ਬਰਨਾਲਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ’ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਸੀ। ਇਸ ਲਾਠੀਚਾਰਜ ਦੇ ਵਿਰੋਧ ਵਿਚ ਵਾਲਮੀਕ ਭਾਈਚਾਰੇ ਵਲੋਂ ਅੱਜ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ। ਇਸੇ ਦੌਰਾਨ ਅੰਮਿ੍ਰਤਸਰ ’ਚ ਭੰਡਾਰੀ ਪੁਲ ’ਤੇ ਤੈਨਾਤ ਐਂਟੀ ਰਾਈਟ ਪੁਲਿਸ ਦੇ ਜਵਾਨ ਰਣਬੀਰ ਸਿੰਘ ਦੀ ਜਾਨ ਚਲੇ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਸਿੰਘ ਐਮਰਜੈਂਸੀ ਕਾਲ ’ਤੇ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਪੁਲ ’ਤੇ ਲਗਾਈ ਗਈ ਰੱਸੀ ਵਿਚ ਉਸਦਾ ਗਲ ਫਸ ਗਿਆ ਅਤੇ ਉਹ ਸਕੂਟੀ ਤੋਂ ਹੇਠਾਂ ਡਿੱਗ ਗਿਆ। ਇਸਦੇ ਚੱਲਦਿਆਂ ਰੱਸੀ ਨਾਲ ਗਲਾ ਘੁੱਟ ਹੋਣ ਕੇ ਪੁਲਿਸ ਜਵਾਨ ਦੀ ਮੌਤ ਹੋ ਗਈ।
ਵਾਲਮੀਕ ਭਾਈਚਾਰੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਿਹਾ। ਇਸਦੇ ਚੱਲਦਿਆਂ ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮਿ੍ਰਤਸਰ ਸਣੇ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਬਰਨਾਲਾ ਵਿਚ ਪੁਲਿਸ ਨੇ ਮਹਿਲਾ ਸਫਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਕੀਤਾ। ਪ੍ਰਦਰਸ਼ਨਕਾਰੀ ਬਰਨਾਲਾ ਦੇ ਡੀਐਸਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।

