
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਮੰਗਲਵਾਰ ਦੀ ਰਾਤ ਨੂੰ ਲਗਾਤਾਰ ਚੌਥੇ ਦਿਨ ਇਰਾਨ ’ਤੇ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ, ਕਰੀਬ 7 ਘੰਟਿਆਂ ਤੱਕ ਚੱਲੇ ਅਪਰੇਸ਼ਨ ਵਿਚ ਹੋਰਮੁਜ਼ ਸਟਰੇਟ ਦੇ ਨੇੜੇ ਇਰਾਨ ਦੇ ਮਿਜ਼ਾਈਲ, ਡਰੋਨ ਟਿਕਾਣਿਆਂ ਅਤੇ ਕੋਸਟਲ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤਹਿਰਾਨ ਸਮਝੌਤੇ ਦੇ ਲਈ ਅੱਗੇ ਨਹੀਂ ਆਇਆ ਤਾਂ ਅਗਲੇ ਹਫਤੇ ਬਿਜਲੀਘਰਾਂ ਅਤੇ ਪੁਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਉਧਰ ਦੂਜੇ ਪਾਸੇ ਇਰਾਨ ਦੀ ਇਸਮਾਲਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਵੀ ਜਵਾਬੀ ਅਭਿਆਨ ਸ਼ੁਰੂ ਹੋਏ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਸਮਾਲਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਬਹਿਰੀਨ ਵਿਚ ਅਮਰੀਕੀ ਪੰਜਵੇਂ ਬੇੜੇ ਦੇ ਬੇਸ ਅਤੇ ਜੌਰਡਨ ਵਿਚ ਅਜ਼ਰਾਕ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ ਹੈ। ਇਸੇ ਦੌਰਾਨ ਇਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਹੋਰਮੁਜ਼ ਸਟਰੇਟ ’ਤੇ ਆਪਣੀ ਰਣਨੀਤੀ ਜਾਰੀ ਰੱਖੇਗਾ।

