
ਕਾਂਗਰਸ ਨੇ ਕਿਹਾ : ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ ਵਿਚ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮਹਿਲਾ ਰਾਖਵੇਂਕਰਨ ਬਿੱਲ ਨਾਲ ਸਬੰਧਤ ਸੋਧਾਂ ਬਾਰੇ ਕਿਹਾ ਹੈ ਕਿ ਜਦੋਂ ਵੀ ਸਾਡੇ ਦੇਸ਼ ਵਿਚ ਚੋਣਾਂ ਆਈਆਂ ਹਨ, ਉਸ ਸਮੇਂ ਜਿਸ ਨੇ ਵੀ ਮਹਿਲਾਵਾਂ ਲਈ ਇਸ ਅਧਿਕਾਰ ਦਾ ਵਿਰੋਧ ਕੀਤਾ ਹੈ, ਉਸ ਨੂੰ ਸਭ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਜੀਵਨ ਵਿਚ ਕੁਝ ਅਜਿਹੇ ਪਲ ਆਉਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਜ਼ਬੂਤ ਵਿਰਾਸਤ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵੇਂਕਰਨ ਬਿੱਲ ’ਤੇ ਚਰਚਾ ਦਾ ਇਹ ਸਮਾਂ ਭਾਰਤੀ ਸੰਸਦ ਦੇ ਇਤਿਹਾਸ ਵਿਚ ਅਜਿਹਾ ਹੀ ਸੁਨਹਿਰੀ ਪਲ ਹੈ। ਮੋਦੀ ਨੇ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਨਵੀਂ ਨੀਤੀ ਬਣਾਉਣ ਅਤੇ ਭਾਰਤੀ ਲੋਕਤੰਤਰ ਦੀ ਵਿਕਾਸ ਯਾਤਰਾ ਵਿਚ ਨਵਾਂ ਅਧਿਆਏ ਜੋੜਨ ਦਾ ਮੌਕਾ ਮਿਲਿਆ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਰੋਕਣ ਲਈ ਹੱਦਬੰਦੀ ਬਿੱਲ ਲਿਆਈ ਹੈ। ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਨਾਰੀ ਨੂੰ ਨਾਅਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕਰਨ ਲਈ ਅੱਜ 16 ਅਤੇ ਭਲਕੇ 17 ਅਪ੍ਰੈਲ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।

