Breaking News
Home / ਪੰਜਾਬ / ਢਾਹਾਂ ਸਾਹਿਤ ਇਨਾਮ ਲਈ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ

ਢਾਹਾਂ ਸਾਹਿਤ ਇਨਾਮ ਲਈ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ

ਜਲੰਧਰ : ਸਾਲ 2013 ਤੋਂ ਕੈਨੇਡਾ ਦੀ ਧਰਤੀ ਤੋਂ ਆਰੰਭ ਹੋਏ ਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਢਾਹਾਂ ਸਾਹਿਤ ਇਨਾਮ 2024 ਦੇ ਆਖਰੀ ਪੜਾਅ ‘ਚ ਪੁੱਜੇ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਦੱਸਿਆ ਕਿ ਢਾਹਾਂ ਸਾਹਿਤ ਇਨਾਮ 2024 ਦੇ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਦਾ ਕਹਾਣੀ ਸੰਗ੍ਰਿਹ ‘ਜੰਗਲ ਰਾਖੇ ਜੱਗ ਦੇ’, ਜਿੰਦਰ (ਜਲੰਧਰ, ਚੜ੍ਹਦਾ ਪੰਜਾਬ, ਭਾਰਤ) ਦਾ ਕਹਾਣੀ ਸੰਗ੍ਰਿਹ ‘ਸੇਫਟੀ ਕਿੱਟ’ ਤਤਤੇ ਸੁਰਿੰਦਰ ਨੀਰ (ਜੰਮੂ, ਜੰਮੂ ਤੇ ਕਸ਼ਮੀਰ, ਭਾਰਤ) ਦਾ ਕਹਾਣੀ ਸੰਗ੍ਰਿਹ ‘ਟੈਬੂ’ ਸ਼ਾਮਿਲ ਹਨ। ਇਨ੍ਹਾਂ ਤਿੰਨ ਕਹਾਣੀ ਸੰਗ੍ਰਹਿਆਂ ‘ਚੋਂ ਇੱਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਤੇ ਦੋਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਭੇਟ ਕੀਤਾ ਜਾਵੇਗਾ। ਸਨਮਾਨ ਦੀ ਇਹ ਰਸਮ 14 ਨਵੰਬਰ, 2024 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਚ ਹੋ ਰਹੇ ਵਿਸ਼ੇਸ਼ ਸਮਾਗਮ ‘ਚ ਅਦਾ ਹੋਵੇਗੀ। ਇਸ ਮੌਕੇ ਜੇਤੂ ਕਿਤਾਬਾਂ ਦਾ ਗੁਰਮੁਖੀ ਜਾਂ ਸ਼ਾਹਮੁਖੀ ‘ਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ।
ਬਨਵੈਤ ਕੌਮੀ ਘੱਟ ਗਿਣਤੀ ਕਮਿਸ਼ਨ ਸਲਾਹਕਾਰ ਬੋਰਡ ਦੇ ਮੈਂਬਰ ਬਣੇ
ਚੰਡੀਗੜ੍ਹ : ਭਾਰਤ ਸਰਕਾਰ ਨੇ ਪੱਤਰਕਾਰ ਤੇ ਲੇਖਕ ਕਮਲਜੀਤ ਸਿੰਘ ਬਨਵੈਤ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਲਗਾਇਆ ਹੈ। ਉਨ੍ਹਾਂ ਦੀ ਨਿਯੁਕਤੀ ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਵੱਲੋਂ ਕੀਤੀ ਗਈ ਹੈ। ਬਨਵੈਤ ਨੂੰ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਵਜੋਂ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਮਾਹਿਰ ਵਜੋਂ ਸਲਾਹ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਸਾਲ 2011 ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਵਾਰਤਕ ਦੀਆਂ 12 ਕਿਤਾਬਾਂ ਦੇ ਲੇਖਕ ਹਨ। ਉਨ੍ਹਾਂ ਦਾ ਜਨਮ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਉੜਾਪੜ ਵਿੱਚ ਹੋਇਆ ਸੀ। ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ‘ਰੋਜ਼ਾਨਾ ਅਕਾਲੀ ਪੱਤ੍ਰਿਕਾ’ ਤੋਂ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਹ ਢਾਈ ਦਹਾਕੇ ਤੋਂ ਵੱਧ ਸਮੇਂ ਲਈ ‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿੱਚ ਕੰਮ ਕਰਦੇ ਰਹੇ। ਇਸ ਤੋਂ ਇਲਾਵਾ ਵੀ ਉਹ ਕਈ ਨਿਊਜ਼ ਚੈਨਲਾਂ ਤੇ ਅਖ਼ਬਾਰਾਂ ਲਈ ਸੇਵਾਵਾਂ ਨਿਭਾਅ ਚੁੱਕੇ ਹਨ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …