ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਕੀਤਾ ਗਿਆ ਹੈ ਗਿ੍ਰਫ਼ਤਾਰ
ਜਲੰਧਰ/ਬਿਊਰੋ ਨਿਊਜ਼
ਨਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਵਲੋਂ ਗਿ੍ਰਫ਼ਤਾਰ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਚਾਰ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਜਲੰਧਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ’ਚ ਹੋਈ ਸੁਣਵਾਈ ਤੋਂ ਬਾਅਦ ਮਾਨਯੋਗ ਅਦਾਲਤ ਨੇ ਭੁਪਿੰਦਰ ਸਿੰਘ ਹਨੀ ਨੂੰ ਤਿੰਨਾਂ ਦਿਨਾਂ ਲਈ ਹੋਰ ਰਿਮਾਂਡ ’ਤੇ ਭੇਜ ਦਿੱਤਾ ਹੈ। ਈਡੀ ਵੱਲੋਂ ਜਿਸ ਤਰੀਕੇ ਨਾਲ ਹਨੀ ਦਾ ਰਿਮਾਂਡ ਵਧਾਉਣ ਵਾਲੀ ਗੱਲ ਕੋਰਟ ਸਾਹਮਣੇ ਰੱਖੀ ਗਈ ਉਸ ਤੋਂ ਸਾਫ਼ ਪਤਾ ਲਗਦਾ ਹੈ ਕਿ ਹੁਣ ਈਡੀ ਦੀ ਜਾਂਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਪਹੁੰਚਣ ਵਾਲੀ ਹੈ। ਈਡੀ ਵੱਲੋਂ ਕੋਰਟ ’ਚ ਪੇਸ਼ ਹੋਏ ਲੋਕੇਸ਼ ਨਾਰੰਗ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦੇ ਮਾਮਲੇ ’ਚ ਚੰਨੀ ਦੇ ਨਾਂ ਦੀ ਵਰਤੋਂ ਕਰਕੇ 10 ਕਰੋੜ ਰੁਪਏ ਕਮਾਉਣ ਵਾਲੇ ਭੁਪਿੰਦਰ ਹਨੀ ਦੇ ਅੱਗੇ ਵੀ ਬਹੁਤ ਜਗ੍ਹਾ ਤਾਰ ਜੁੜੇ ਹੋਏ ਹਨ। ਲੋਕੇਸ਼ ਨਾਰੰਗ ਨੇ ਕੋਰਟ ’ਚ ਕਿਹਾ ਕਿ ਇਹ ਮਾਮਲਾ ਦਸ ਕਰੋੜ ਰੁਪਏ ਦਾ ਨਹੀਂ ਬਲਕਿ ਈਡੀ ਦੀ ਜਾਂਚ ’ਚ ਪਤਾ ਚਲਿਆ ਹੈ ਕਿ ਇਹ ਬਹੁ ਕਰੋੜੀ ਮਾਮਲਾ ਹੈ। ਜਾਂਚ ’ਚ ਇਹ ਵੀ ਪਤਾ ਚਲਿਆ ਹੈ ਕਿ 325 ਕਰੋੜ ਰੁਪਏ ਮੁੱਖ ਮੰਤਰੀ ਦਾ ਨਾਂ ਵਰਤ ਕੇ ਕਮਾਏ ਗਏ ਹਨ।