ਕਿਹਾ : ਮੈਂ ਕਿਸਾਨਾਂ ਤੇ ਪੰਜਾਬੀਅਤ ਖਿਲਾਫ ਕਦੇ ਨਹੀਂ ਬੋਲਿਆ
ਮੋਗਾ/ਬਿਊਰੋ ਨਿਊਜ਼ : ਫਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤੇ ਜਾਣ ਕਾਰਨ ਆਖਰ ਉਨ੍ਹਾਂ ਕਿਸਾਨਾਂ ਨਾਲ ਸਵਾਲ ਜਵਾਬ ਕਰਨ ਦੀ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਜਦੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਸਵਾਲ ਕੀਤੇ ਸਨ ਤਾਂ ਉਨ੍ਹਾਂ ਕਿਸਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਉਸ ਨੇ ਕਿਸਾਨ ਜਾਂ ਕਿਸਾਨੀ ਅੰਦੋਲਨ ਖ਼ਿਲਾਫ਼, ਪੰਜਾਬ ਜਾਂ ਪੰਜਾਬੀਅਤ ਖ਼ਿਲਾਫ਼ ਕੋਈ ਗੱਲ ਆਖੀ ਹੋਵੇ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਜੇ ਨਰਿੰਦਰ ਮੋਦੀ ਜਾਂ ਹੰਸ ਉਨ੍ਹਾਂ ਦੀ ਗੱਲ ਨਾ ਸੁਣੇ ਤਾਂ ਭੱਦੀ ਸ਼ਬਦਾਵਲੀ ਵੀ ਵਰਤੀ ਜਾਵੇ ਤਾਂ ਉਸ ਨੂੰ ਜਾਇਜ਼ ਕਿਹਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਗਾਲੀ ਗਲੋਚ ਕਰਨਾ ਜਾਇਜ਼ ਨਹੀਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਸੰਸਦ ਵਿਚ ਭੇਜਣ ਕਿਉਂਕਿ ਉਹ ਦੋਗਲੇ ਨਹੀਂ ਹਨ। ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪੁਲ ਬਣ ਕੇ ਹੱਲ ਕਰਨਗੇ। ਉਹ ਰਾਜਨੀਤੀ ਵਿੱਚ ਕੁਰਸੀ ਦੇ ਲਾਲਚ ਵਿੱਚ ਨਹੀਂ ਆਏ, ਸਗੋਂ ਫ਼ਰੀਦਕੋਟ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਉਹ ਸੰਸਦ ਵਿਚ ਇਸ ਹਲਕੇ ਦੇ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਮੁੱਦਿਆਂ ਦੀ ਗੱਲ ਰੱਖਣਗੇ।
ਉਨ੍ਹਾਂ ਆਖਿਆ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਤੇ ਦੂਜੇ ਸ਼ਹੀਦਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।