ਤਲਵਿੰਦਰ ਸਿੰਘ ਬੁੱਟਰ
ਸੰਸਾਰ ਇਤਿਹਾਸ ਵਿਚ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਹੈ ਪਰ ‘ਧਰਮ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿਚ ਇਕੋ-ਇਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜਿਨ੍ਹਾਂ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਉਨ੍ਹਾਂ ਦਾ ਜੀਵਨ ਅਤੇ ਬਾਣੀ ਜਿੱਥੇ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਹੈ, ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਤੇ ਰੱਖਿਆ ਵੀ ਕਰਨੀ ਹੈ। ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਡਤ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਹਨ, ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਞੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ। ਅਸਲ ਵਿਚ, ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ, ਅਦੁੱਤੀ ਅਤੇ ਲਾ-ਮਿਸਾਲ ਹੈ। ਸ਼ਹਾਦਤ ਤਾਂ ਉਨ੍ਹਾਂ ਦੇ ਜੀਵਨ ਨਾਟਕ ਦਾ ਅੰਤਿਮ ਦ੍ਰਿਸ਼ ਹੈ, ਉਨ੍ਹਾਂ ਦਾ ਸਮੁੱਚਾ ਜੀਵਨ ਬੰਦਗੀ, ਤਿਆਗ, ਸੇਵਾ ਅਤੇ ਕੁਰਬਾਨੀ ਨਾਲ ਸਰਸ਼ਾਰ ਹੈ। ਉਨ੍ਹਾਂ ਦੀ ਬਾਣੀ (59 ਸ਼ਬਦ ਤੇ 57 ਸਲੋਕ) ਮਨੁੱਖੀ ਜੀਵਨ ਨੂੰ ਸਥਿਰ ਅਵਸਥਾ ਵਿਚ ਜਿਊਣ ਲਈ ਪ੍ਰੇਰਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਬੰਦਗੀ ਅਤੇ ਤਿਆਗ ਦੀ ਪੁੰਜ ਸ਼ਖ਼ਸੀਅਤ ਵਿਚ ਵੈਰਾਗ ਦਾ ਰੰਗ ਮੁੱਖ ਹੈ ਪਰ ਇਹ ਵੈਰਾਗ ਇਤਿਹਾਸ ਵਿਚ ਜ਼ਿਕਰ ਹੋਏ ਵੈਰਾਗ ਤੋਂ ਮੂਲੋਂ ਹੀ ਵੱਖਰਾ ਹੈ ਜੋ ਬੁਢਾਪੇ, ਬਿਮਾਰੀ ਤੇ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਜ਼ਦੀਕੀ ਸਬੰਧੀ, ਰਿਸ਼ਤੇਦਾਰ ਜਾਂ ਮਿੱਤਰ ਦੀ ਬੇਵਫ਼ਾਈ ਤੋਂ ਪੈਦਾ ਹੋਈ ਕਿਸੇ ਨਿਰਾਸ਼ਤਾ ਤੋਂ ਪੈਦਾ ਹੋਇਆ ਵੈਰਾਗ ਨਹੀਂ। ਉਨ੍ਹਾਂ ਨੇ ਤਾਂ ਆਪਣੇ ਸ਼ਬਦਾਂ ਤੇ ਸਲੋਕਾਂ ਦੁਆਰਾ ਬਾਲ ਜੁਆਨੀ ਅਰੁ ਬਿਰਧਿ ਫੁਨਿ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਦੇ ਥਿਰ ਨਾ ਰਹਿਣ ਅਤੇ ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨਿ ਗ੍ਰਿਹ ਕੀ ਨਾਰਿ ਦਾ ਜਗਤ ਮੈ ਝੂਠੀ ਦੇਖੀ ਪ੍ਰੀਤਿ ਦਾ ਪਦਾਰਥਾਂ ਦੇ ਵਿਅਰਥ ਹੋਣ ਅਤੇ ਸੰਸਾਰ ਦੀ ਛਿਣ ਭੰਗਰਤਾ, ਨਾਸ਼ਮਾਨਤਾ ਦਾ ਦ੍ਰਿੜ ਨਿਸ਼ਚਾ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰ ਕੇ ਨਿਰਭਉ, ਨਿਡਰ ਹੋ ਜਾਣ ਦੀ ਜੀਵਨ ਜਾਚ ਦੱਸੀ ਹੈ।
ਬਾਬਾ ਬਕਾਲਾ ਨਿਵਾਸ ਦੇ ਤਕਰੀਬਨ 26 ਵਰ੍ਹੇ ਗੁਰੂ ਜੀ ਨੇ ਅੰਤਰਮੁਖੀ ਵਿਚਾਰ, ਸ਼ਬਦ ਸੁਰਤ ਸਾਧਨਾ, ਸਿਮਰਨ, ਨਾਮ ਅਭਿਆਸ ਦੀ ਕਮਾਈ ਵਿਚ ਗੁਜ਼ਾਰੇ। ਇਸ ਦੌਰਾਨ ਪਰਿਵਾਰ ਉਨ੍ਹਾਂ ਦੇ ਨਾਲ ਰਿਹਾ। ਆਪ ਨੇ ਸੰਸਾਰ ਨਹੀਂ ਤਜਿਆ, ਮਾਇਆ ਮੋਹ ਤਿਆਗੀ। ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਿਆਈ (ਗੁਰੂ) ਹਰਿ ਰਾਇ ਜੀ ਨੂੰ ਬਖ਼ਸ਼ੀ। ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਦੇ ਰੋਸ ਨਹੀਂ ਜਤਾਇਆ, ਗੁਰਗੱਦੀ ਦੀ ਕਦੀ ਲਾਲਸਾ ਨਹੀਂ ਦਿਖਾਈ। ਪਿਤਾ ਗੁਰੂ ਦੇ ਹੁਕਮ ਵਿਚ ਪਿੰਡ ਬਕਾਲਾ ਨਿਵਾਸ ਕੀਤਾ ਅਤੇ ਇਹ ਸਮਾਂ, ਆਉਣ ਵਾਲੇ ਬਿਖਮ ਹਾਲਾਤ ਦਾ ਮੁਕਾਬਲਾ ਕਰਨ ਲਈ ਆਤਮਿਕ ਸ਼ਕਤੀ ਗ੍ਰਹਿਣ ਕਰਨ ‘ਚ ਲਾਇਆ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ 22 ਮੰਜੀਆਂ ਡਾਹ ਕੇ ਨਕਲੀ ਦਾਅਵੇਦਾਰ ਬਣ ਬੈਠੇ ਸਨ ਪਰ ਤਿਆਗ ਦੀ ਮੂਰਤ ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਗੁਰਗੱਦੀ ਦਾ ਦਾਅਵਾ ਪ੍ਰਗਟ ਕਰਨ ਤੋਂ ਸਪੱਸ਼ਟ ਇਨਕਾਰ ਕਰ ਕੇ ਉਚੇਰਾ ਆਚਰਨ ਪ੍ਰਗਟਾਇਆ। ਜਦ ਭਾਈ ਮੱਖਣ ਸ਼ਾਹ ਵਣਜਾਰਾ ਨੇ ਸਾਰੇ ਨਕਲੀ ਦਾਅਵੇਦਾਰਾਂ ਨੂੰ ਦੋ-ਦੋ ਮੋਹਰਾਂ ਦੇ ਲਾਲਚ ਵਿਚ ਫਸੇ ਤੱਕਿਆ ਅਤੇ ਗੁਰੂ ਤੇਗ ਬਹਾਦਰ ਜੀ ਦੀ ਗੁਰਤਾ ਪ੍ਰਤੱਖ ਦਿਸ ਆਈ ਤਾਂ ‘ਗੁਰੂ ਲਾਧੋ ਰੇ’ ਦਾ ਨਾਅਰਾ ਬੁਲੰਦ ਕਰ ਦਿੱਤਾ।
ਗੁਰੂ ਜੀ ਦੇ ਤਿਆਗ ਅਤੇ ਵੈਰਾਗ ਦੀ ਵਿਲੱਖਣਤਾ ਉਦੋਂ ਪ੍ਰਗਟ ਹੁੰਦੀ ਹੈ ਜਦ ਉਹ ਸੱਚ ਦੇ ਪ੍ਰਕਾਸ਼ ਲਈ, ਜ਼ੁਲਮ ਦੀ ਚੱਕੀ ਵਿਚ ਪਿਸ ਰਹੀ ਪਰਜਾ ਵਿਚ ਆਤਮਿਕ ਬਲ, ਆਤਮ-ਵਿਸ਼ਵਾਸ ਦਾ ਸੰਚਾਰ ਕਰਨ ਅਤੇ ਦੇਸ਼ ਵਿਚ ਦੂਰ-ਦੂਰ ਤੱਕ ਫੈਲੀਆਂ ਗੁਰਸਿੱਖ ਸੰਗਤਾਂ ਦੀ ਮੁੜ ਸੰਭਾਲ ਕਰਦਿਆਂ ਹੋਇਆਂ ਨਾਮ-ਬਾਣੀ ਦੀ ਦੌਲਤ ਵੰਡਦਿਆਂ ਸੰਗਤ ਦੀ ਜਥੇਬੰਦਕ ਸ਼ਕਤੀ ਮਜ਼ਬੂਤ ਕਰਨ ਦੇ ਮਨੋਰਥ ਨਾਲ ਪ੍ਰਚਾਰ ਦੌਰੇ ‘ਤੇ ਨਿਕਲੇ। ਬਾਬੇ ਬਕਾਲੇ ਦੀ ਇਕਾਂਤ ਸਮਾਧੀ ਵਿਚੋਂ ਨਿਕਲ ਸ਼ਬਦ ਉਚਾਰਿਆ: ਅਬ ਮੈ ਕਉਨੁ ਉਪਾਉ ਕਰਉ॥ ਉਨ੍ਹਾਂ ਦੀ ਬਾਣੀ ਦਾ ਫ਼ਲਸਫ਼ਾ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਦਾ ਐਲਾਨ ਕਰਦਾ ਹੈ। ਇਹ ਨਿਡਰਤਾ ਇਸ ਗਿਆਨ ਤੋਂ ਉਪਜਦੀ ਹੈ ਕਿ ਸੰਸਾਰ ਤੇ ਉਸ ਦੇ ਪਦਾਰਥ, ਪਦ-ਪਦਵੀ ਮਾਨ-ਅਪਮਾਨ ਸਦਾ ਨਹੀਂ ਰਹਿਣੇ। ਇਨਾਂ ਦਾ ਜਾਣਾ ਮਨੁੱਖ ਦੀ ਹੋਣੀ ਅਤੇ ਇਲਾਹੀ ਸੱਚ ਹੈ ਜਿਸ ਨੂੰ ਪਹਿਲਾਂ ਹੀ ਪ੍ਰਵਾਨ ਕਰ ਲੈਣ ਨਾਲ ਮਨੁੱਖ ਚਿੰਤਾ ਮੁਕਤ ਹੋ ਜਾਂਦਾ ਹੈ: ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰ ਨਹੀ ਕੋਇ॥
ਉਨ੍ਹਾਂ ਦੀ ਬਾਣੀ ਨਿਰਾਸ਼ਤਾ ਤੇ ਨਿਰਬਲਤਾ ਪੈਦਾ ਨਹੀਂ ਹੋਣ ਦਿੰਦੀ, ਹਾਲਾਤ ਦਾ ਆਸ਼ਾਵਾਦੀ ਤੇ ਦਲੇਰੀ ਨਾਲ ਮੁਕਾਬਲਾ ਕਰਨ ਦੀ ਜੁਗਤ ਤੇ ਉਲਟ ਹਾਲਾਤ ਨੂੰ ਬਦਲਣ ਲਈ ਹਿੰਮਤ ਬਖ਼ਸ਼ਦੀ ਹੈ: ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉਂ ਹੋਹੁ ਸਹਾਇ॥
ਜਿਸ ਤਰ੍ਹਾਂ ਦੇ ਹਾਲਾਤ ਅੱਜ ਸੰਸਾਰ ‘ਚ ਬਣੇ ਹੋਏ ਹਨ, ਮਨੁੱਖਤਾ ਦਾ ਵੱਡਾ ਹਿੱਸਾ ਪਦਾਰਥਕ ਸੁੱਖਾਂ ਦੀ ਹੋੜ ‘ਚ ਦੁਖੀ ਹੋ ਰਿਹਾ ਹੈ ਤਾਂ ਅਜਿਹੇ ਹਾਲਾਤ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਫ਼ਲਸਫ਼ੇ ਅਤੇ ਬਾਣੀ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਤੋਂ ਸੰਸਾਰ ਭਾਈਚਾਰੇ ਸਾਹਮਣੇ ਰੱਖਣ ਦੀ ਲੋੜ ਹੈ ਜੋ ਮਨੁੱਖ ਨੂੰ ‘ਦੁੱਖ’ ਤੇ ‘ਸੁੱਖ’ ਦੋਵਾਂ ਅਵਸਥਾਵਾਂ ਤੋਂ ਵੱਖਰੀ ਸਦਾ ਸਥਿਰ ਤੇ ਸੁਖਦਾਈ ਰਹਿਣ ਵਾਲੀ ‘ਵਿਸਮਾਦੀ’ ਅਵਸਥਾ ਦਾ ਧਾਰਨੀ ਬਣਨਾ ਸਿਖਾਉਂਦੀ ਹੈ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ੩
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥