ਪੀਐਮ ਮੋਦੀ ‘ਤੇ ਲੋਕਾਂ ਸਾਹਮਣੇ ਡਰਾਮੇਬਾਜ਼ੀ ਕਰਨ ਦੇ ਲਗਾਏ ਆਰੋਪ
ਚਿਤਰਦੁਰਗ (ਕਰਨਾਟਕ)/ਬਿਊਰੋ ਨਿਊਜ਼ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦੇ ਹੋਏ ਆਰੋਪ ਲਗਾਏ ਕਿ ”ਦੇਸ਼ ਦੇ ਸਭ ਤੋਂ ਵੱਡੇ ਆਗੂ ਨੇ ਨੈਤਿਕਤਾ ਛੱਡ ਦਿੱਤੀ ਹੈ, ਲੋਕਾਂ ਦੇ ਸਾਹਮਣੇ ਡਰਾਮੇਬਾਜ਼ੀ ਕੀਤੀ ਹੈ। ਉਨ੍ਹਾਂ ਆਰੋਪ ਲਾਇਆ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾ ਕੇ, ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਜ਼ਬਤ ਕਰਕੇ ਅਤੇ ਦੋ ਮੁੱਖ ਮੰਤਰੀਆਂ ਨੂੰ ਜੇਲ੍ਹ ਵਿੱਚ ਡੱਕ ਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
ਕਾਂਗਰਸ ਦੀ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਦੇ ਵੱਡੇ ਆਗੂ ਤੋਂ ਦੇਸ਼ ਦੇ ਲੋਕ ਨੈਤਿਕ ਵਿਅਕਤੀ ਹੋਣ ਦੀ ਤਵੱਕੋ ਕਰਦੇ ਸਨ ਪਰ ਅੱਜ ਬਦਕਿਸਮਤੀ ਨਾਲ ਦੇਸ਼ ਦੇ ‘ਸਭ ਤੋਂ ਵੱਡੇ ਆਗੂ’ ਨੇ ਨੈਤਿਕਤਾ ਛੱਡ ਦਿੱਤੀ ਹੈ ਅਤੇ ਲੋਕਾਂ ਸਾਹਮਣੇ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ, ”ਇਕ ਸਮਾਂ ਸੀ ਜਦੋਂ ਅਸੀਂ ਉਮੀਦ ਕਰਦੇ ਸੀ ਕਿ ਸਾਡੇ ਆਗੂ ਸੱਚਾਈ ਉੱਤੇ ਚੱਲਣਗੇ। ਹਾਲਾਂਕਿ, ਅੱਜ ਦੇਸ਼ ਦਾ ਸਭ ਤੋਂ ਵੱਡਾ ਨੇਤਾ ਆਪਣਾ ਦਬਦਬਾ, ਆਪਣਾ ਹੰਕਾਰ ਅਤੇ ਆਪਣੀ ਪ੍ਰਸਿੱਧੀ ਦਿਖਾਉਣ ਲਈ ਨਿਕਲਦਾ ਹੈ ਪਰ ਸੱਚ ਦੇ ਮਾਰਗ ‘ਤੇ ਨਹੀਂ ਚੱਲਦਾ। ਰੱਦ ਕੀਤੇ ਗਏ ਚੋਣ ਬਾਂਡ ਸਕੀਮ ਬਾਰੇ ਬੋਲਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ‘ਤੇ ਛਾਪੇ ਮਾਰੇ ਗਏ ਸਨ ਉਨ੍ਹਾਂ ਨੇ ਭਾਜਪਾ ਨੂੰ ਚੰਦਾ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਚੱਲ ਰਹੇ ਕੇਸ ਬੰਦ ਕਰ ਦਿੱਤੇ ਗਏ। ਉਨ੍ਹਾਂ ਆਰੋਪ ਲਗਾਇਆ ਕਿ ਹੁਣ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਨੋਟਬੰਦੀ ਜ਼ਰੀਏ ਕਾਲੇ ਧਨ ਨੂੰ ਕਿਵੇਂ ਚਿੱਟਾ ਕੀਤਾ ਗਿਆ ਅਤੇ ਫਿਰ ਇਸ ਨੂੰ ਭਾਜਪਾ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਗਿਆ। ਉਨ੍ਹਾਂ ਹੈਰਾਨੀ ਜਤਾਈ ਕਿ ਜਿਹੜੀਆਂ ਕੰਪਨੀਆਂ 100 ਕਰੋੜ ਰੁਪਏ ਵੀ ਨਹੀਂ ਕਮਾ ਸਕੀਆਂ ਉਨ੍ਹਾਂ ਨੇ ਭਾਜਪਾ ਨੂੰ ਚੋਣ ਬਾਂਡ ਸਕੀਮ ਤਹਿਤ 1,100 ਕਰੋੜ ਰੁਪਏ ਦਾਨ ਕਿਵੇਂ ਕੀਤੇ। ਪ੍ਰਿਅੰਕਾ ਨੇ ਦੋਸ਼ ਲਾਇਆ, ”ਵਿਰੋਧੀ ਧਿਰ ਨੂੰ ਭ੍ਰਿਸ਼ਟ ਕਹਿ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਭਾਜਪਾ ਭ੍ਰਿਸ਼ਟ ਹੈ ਅਤੇ ਇਸ ਨੇ ਪਿਛਲੇ 10 ਸਾਲਾਂ ‘ਚ ਦੇਸ਼ ਨੂੰ ਗੁਮਰਾਹ ਕੀਤਾ ਹੈ।” ਇੱਕ ਭਾਜਪਾ ਆਗੂ ਦੇ ਬਿਆਨ ਕਿ ਉਹ ਸੰਵਿਧਾਨ ਨੂੰ ਬਦਲ ਦੇਣਗੇ, ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …