ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੱਡੇ ਮਨੁੱਖੀ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਵਿਦੇਸ਼ ਵਿਚ ਨੌਕਰੀ ਦਿਵਾਉਣ ਦੀ ਆੜ ਵਿਚ ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ ਵਿਚ ਲੈ ਜਾਂਦਾ ਸੀ। ਸੀਬੀਆਈ ਨੇ ਚੰਡੀਗੜ੍ਹ ਸਣੇ 7 ਸ਼ਹਿਰਾਂ ਵਿਚ 13 ਸਥਾਨਾਂ ’ਤੇ ਕਾਰਵਾਈ ਕਰਦਿਆਂ 50 ਲੱਖ ਰੁਪਏ ਦੀ ਨਗਦੀ ਅਤੇ ਕਈ ਡਿਜ਼ੀਟਲ ਦਸਤਾਵੇਜ਼ ਜ਼ਬਤ ਕੀਤੇ ਹਨ। ਇਸਦੇ ਚੱਲਦਿਆਂ ਸੀਬੀਆਈ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਗਿ੍ਰਫਤਾਰ ਵੀ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ, ਚੰਡੀਗੜ੍ਹ, ਤਿਰੂਵਨਥਾਪੁਰਮ, ਮੁੰਬਈ, ਅੰਬਾਲਾ, ਮਧੁਰੈ ਅਤੇ ਚੇਨਈ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ। ਨਗਦੀ ਤੋਂ ਇਲਾਵਾ ਕਈ ਅਹਿਮ ਦਸਤਾਵੇਜ਼, ਲੈਪਟਾਪ, ਮੋਬਾਇਲ, ਸੀਸੀ ਟੀਵੀ ਫੁਟੇਜ ਵੀ ਜਬਤ ਕੀਤੇ ਗਏ ਹਨ। ਸੀਬੀਆਈ ਅਧਿਕਾਰੀ ਨੇ ਦੱਸਿਆ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਕਰੀ ਦਾ ਝਾਂਸਾ ਦੇ ਕੇ 35 ਵਿਅਕਤੀਆਂ ਨੂੰ ਰੂਸ ਅਤੇ ਯੂਕਰੇਨ ਭੇਜਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਨਿੱਜੀ ਵੀਜ਼ਾ ਕੰਸਲਟੈਂਸੀ ਫਰਮਾਂ ਅਤੇ ਏਜੰਟਾਂ ਸਣੇ ਕਈ ਹੋਰਾਂ ਦੇ ਖਿਲਾਫ ਮਨੁੱਖ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਸੀਬੀਆਈ ਨੇ ਕਿਹਾ ਕਿ ਇਹ ਗਿਰੋਹ ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਵਾਅਦਾ ਕਰਦਾ ਸੀ ਅਤੇ ਨੌਜਵਾਨਾਂ ਨੂੰ ਝੂਠੇ ਜਾਲ ਵਿਚ ਫਸਾ ਲੈਂਦਾ ਸੀ। ਇਸਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਦੇ 9 ਨੌਜਵਾਨਾਂ ਨੂੰ ਵੀ ਰੂਸ ਵਲੋਂ ਯੂਕਰੇਨ ਦੀ ਜੰਗ ਵਿਚ ਜਾਣ ਲਈ ਮਜ਼ਬੂਰ ਕੀਤਾ ਗਿਆ।