-2.9 C
Toronto
Friday, December 26, 2025
spot_img
Homeਪੰਜਾਬਰੁਜ਼ਗਾਰ ਮੰਗਣ ਵਾਲਿਆਂ ਨੂੰ ਮਿਲਦੀਆਂ ਨੇ ਡਾਗਾਂ : ਨਵਜੋਤ ਸਿੰਘ ਸਿੱਧੂ

ਰੁਜ਼ਗਾਰ ਮੰਗਣ ਵਾਲਿਆਂ ਨੂੰ ਮਿਲਦੀਆਂ ਨੇ ਡਾਗਾਂ : ਨਵਜੋਤ ਸਿੰਘ ਸਿੱਧੂ

ਮੋਗਾ ਰੈਲੀ ਵਿੱਚ ਪੰਜਾਬ ਦੇ ਮੁੱਦਿਆਂ ‘ਤੇ ਭਗਵੰਤ ਮਾਨ ਨੂੰ ਬਹਿਸ ਦੀ ਚੁਣੌਤੀ
ਮੋਗਾ : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਤਹਿਤ ਮੋਗਾ ਵਿੱਚ ਰੈਲੀ ਕੀਤੀ ਗਈ ਜਿਸ ਵਿਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਕੇਜਰੀਵਾਲ ‘ਤੇ ਸਿਆਸੀ ਨਿਸ਼ਾਨੇ ਸਾਧੇ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ‘ਚ ਅਮਨ-ਕਾਨੂੰਨ, ਬੇਰੁਜ਼ਗਾਰੀ ਅਤੇ ਰੇਤ ਮਾਫ਼ੀਆ ਦੇ ਮਾਮਲੇ ‘ਤੇ ਘੇਰਿਆ।
ਉਨ੍ਹਾਂ ਪੰਜਾਬ ਦੇ ਮੁੱਦਿਆਂ ਉੱਤੇ ਮੁੱਖ ਮੰਤਰੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਲੋਕ ਮੁੱਦਿਆਂ ਦੀ ਗੱਲ ਕਰਦੇ ਸਨ, ਉਹ ਅੱਜ ਖੁਦ 150 ਗੱਡੀਆਂ ਦੇ ਕਾਫਲੇ ਨਾਲ ਨਿਕਲਦੇ ਹਨ ਜਿਸ ਨਾਲ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਕੰਗਾਲ ਹੋ ਰਿਹਾ ਹੈ ਅਤੇ ਕਰਜ਼ੇ ਦੀ ਮਾਰ ਹੇਠ ਦੱਬਿਆ ਪਿਆ ਹੈ। ਸੂਬੇ ਦੀ ਹਾਲਤ ਇਹ ਹੈ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਮੌਜੂਦਾ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਉਨ੍ਹਾਂ ‘ਆਪ’ ਸੁਪਰੀਮੋ ਕੇਜਰੀਵਾਲ ‘ਤੇ ਈਡੀ ਸਾਹਮਣੇ ਪੇਸ਼ ਹੋਣ ਤੋਂ ਬਹਾਨੇਬਾਜ਼ੀ ਕਰਨ ਉੱਤੇ ਵੀ ਨਿਸ਼ਾਨਾ ਸੇਧਿਆ।
ਉਨ੍ਹਾਂ ਆਪਣੇ ਅੰਦਾਜ਼ ‘ਚ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਿਸੇ ਨੂੰ ਈਡੀ ਦਾ ਫੋਨ ਆਉਂਦਾ ਹੈ ਤਾਂ ਉਹ ਭਾਜਪਾ ‘ਚ ਸ਼ਾਮਲ ਹੋਣ ਦੀ ਗੱਲ ਆਖ ਕੇ ਖਹਿੜਾ ਛੁਡਵਾ ਲੈਂਦਾ ਹੈ।
ਉਨ੍ਹਾਂ ਆਪਣਾ ਵਿਰੋਧ ਕਰਨ ਵਾਲੇ ਆਗੂਆਂ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਨੂੰ ਬੱਬਰ ਸ਼ੇਰਾਂ ਦੀ ਲੋੜ ਹੈ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸੀ ਸਨ ਅਤੇ ਕਾਂਗਰਸੀ ਹੀ ਮਰਨਗੇ। ਉਨ੍ਹਾਂ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਇਥੇ ਹੋਏ ਇਕੱਠ ਬਾਰੇ ਵੀ ਅਹਿਸਾਸ ਕਰਵਾਇਆ। ਇਸ ਮੌਕੇ ਸਾਬਕਾ ਮੰਤਰੀ ਲਾਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਧੀਮਾਨ, ਕਾਕਾ ਰਾਜਿੰਦਰ ਸਿੰਘ, ਮਹੇਸ਼ਇੰਦਰ ਸਿੰਘ, ਜਗਦੇਵ ਸਿੰਘ ਕਮਾਲੂ (ਸਾਬਕਾ ਵਿਧਾਇਕ) ਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।

 

RELATED ARTICLES
POPULAR POSTS