ਮੋਗਾ ਪਹੁੰਚਣ ’ਤੇ ਖੁਸ਼ਪ੍ਰੀਤ ਕੌਰ ਦਾ ਹੋਇਆ ਨਿੱਘਾ ਸਵਾਗਤ
ਮੋਗਾ/ਬਿਊਰੋ ਨਿਊਜ਼
ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਖੁਸ਼ਪ੍ਰੀਤ ਕੌਰ ਨੇ ਭਾਰਤ ਵਲੋਂ ਖੇਡਦਿਆਂ ਪੁਰਤਗਾਲ ਵਿਚ ਹੋਈ ਕਿੱਕ ਬਾਕਸਿੰਗ ਦੀ ਵਰਲਡ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਚੈਂਪੀਅਨਸ਼ਿਪ ਵਿਚ ਦੁਨੀਆ ਦੇ 112 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਰੀਬ 45 ਖਿਡਾਰੀ ਪਹੁੰਚੇ ਸਨ। ਇਸ ਚੈਂਪੀਅਨਸ਼ਿਪ ਵਿਚ ਖੁਸ਼ਪ੍ਰੀਤ ਕੌਰ ਨੇ ਸੋਨੇ ਦਾ ਤਮਗਾ ਜਿੱਤ ਕੇ ਭਾਰਤ ਦੇ ਨਾਲ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਖੁਸ਼ਪ੍ਰੀਤ ਕੌਰ ਮੋਗਾ ਜ਼ਿਲ੍ਹੇ ਦੇ ਪਿੰਡ ਰਣਸ਼ੀਂਹ ਖੁਰਦ ਦੀ ਰਹਿਣ ਵਾਲੀ ਹੈ। ਉਹ ਡੀਏਵੀ ਯੂਨੀਵਰਸਿਟੀ ਜਲੰਧਰ ਦੀ ਵਿਦਿਆਰਥਣ ਹੈ ਅਤੇ ਉਸ ਨੇ ਪੁਰਤਗਾਲ ਵਿਚ 17 ਤੋਂ 26 ਨਵੰਬਰ ਤੱਕ ਹੋਈ ਕਿੱਕ ਬਾਕਸਿੰਗ ਚੈਂਪੀਅਨ ’ਚ ਸੋਨੇ ਦਾ ਤਮਗਾ ਜਿੱਤਿਆ ਹੈ। ਖੁਸ਼ਪ੍ਰੀਤ ਕੌਰ ਦਾ ਮੋਗਾ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਡੀਏਵੀ ਯੂਨੀਵਰਸਿਟੀ ਤੋਂ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਫੈਸਲਾ ਲਿਆ ਹੈ ਕਿ ਖੁਸ਼ਪ੍ਰੀਤ ਕੌਰ ਦੀ ਪੜ੍ਹਾਈ ਦਾ ਸਾਰਾ ਖਰਚਾ ਹੁਣ ਯੂਨੀਵਰਸਿਟੀ ਵਲੋਂ ਹੀ ਕੀਤਾ ਜਾਵੇਗਾ।