![](https://parvasinewspaper.com/wp-content/uploads/2023/11/Harjot-Singh-Bains-Edu.jpg)
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਅਤੇ ਹੋਰ ਸਟਾਫ ਦੀ ਤਰੱਕੀ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਹੁਣ ਅਧਿਆਪਕਾਂ ਨੂੰ ਪ੍ਰਮੋਸ਼ਨ ਦੇ ਲਈ ਚੱਕਰ ਨਹੀਂ ਲਗਾਉਣੇ ਪੈਣਗੇ। ਦੱਸਣਯੋਗ ਹੈ ਕਿ ਐਜੂਕੇਸ਼ਨ ਵਿਭਾਗ ਤੋਂ ਟੀਚਰਾਂ ਦੀ ਸ਼ਿਕਾਇਤ ਸੀ ਕਿ ਵਿਭਾਗ ਵਲੋਂ ਪ੍ਰਮੋਸ਼ਨ ਦੀ ਫਾਈਲ ਗੁੰਮ ਕਰ ਦਿੱਤੀ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਹੁਣ ਇਸਦੀ ਗੁਪਤ ਰਿਪੋਰਟ ਔਨਲਾਈਨ ਭਰੀ ਜਾਵੇਗੀ। ਹੁਣ ਪ੍ਰਮੋਸ਼ਨ ਦੇ ਲਈ ਭੇਜੀ ਗਈ ਹਾਰਡ ਫਾਈਲ ਮਨਜੂਰ ਨਹੀਂ ਕੀਤੀ ਜਾਵੇਗੀ, ਜਿਸ ਨਾਲ ਕਿਸੇ ਵੀ ਅਧਿਆਪਕ ਜਾਂ ਹੋਰ ਕਰਮਚਾਰੀ ਦੀ ਪ੍ਰਮੋਸ਼ਨ ਵਿਚ ਮੁਸ਼ਕਲ ਨਹੀਂ ਆਵੇਗੀ। ਇਸ ਪੂਰੇ ਸਰਕਲ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿਚ 7 ਮੈਂਬਰ ਹੋਣਗੇ। ਇਹ ਕਮੇਟੀ ਮੈਂਬਰ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖਣਗੇ ਅਤੇ ਸਿੱਧਾ ਸਿੱਖਿਆ ਮੰਤਰਾਲੇ ਨੂੰ ਰਿਪੋਰਟ ਕਰਨਗੇ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਚ ਪੰਜਾਬ ਦਾ ਸਿੱਖਿਆ ਵਿਭਾਗ ਹਰਜੋਤ ਸਿੰਘ ਬੈਂਸ ਕੋਲ ਹੈ ਅਤੇ ਉਨ੍ਹਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕਾਰਜ ਕੀਤੇ ਜਾ ਰਹੇ ਹਨ।