Breaking News
Home / ਭਾਰਤ / ਤਾਮਿਲਨਾਡੂ ਦੀ ਸਿਆਸਤ ਵਿਚ ਇਕ ਯੁੱਗ ਦਾ ਅੰਤ ਅਲਵਿਦਾ ਜੈਲਲਿਤਾ

ਤਾਮਿਲਨਾਡੂ ਦੀ ਸਿਆਸਤ ਵਿਚ ਇਕ ਯੁੱਗ ਦਾ ਅੰਤ ਅਲਵਿਦਾ ਜੈਲਲਿਤਾ

jailalta-sanskar-copy-copy6 ਵਾਰ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਵਾਲੀ 68 ਸਾਲਾ ਜੈਲਲਿਤਾ ਦੀ ਮੌਤ
ਢਾਈ ਮਹੀਨੇ ਤੋਂ ਸੀ ਹਸਪਤਾਲ ਦਾਖ਼ਲ; ਪਨੀਰਸੇਲਵਮ ਨੇ ਸੂਬੇ ਦੀ ਕਮਾਨ ਸੰਭਾਲੀ
ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ (68) ਦਾ ਇਥੇ ਸੋਮਵਾਰ ਰਾਤ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਢਾਈ ਮਹੀਨਿਆਂ ਤੋਂ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ। ਉਨ੍ਹਾਂ ਸੋਮਵਾਰ ਨੂੰ ਰਾਤ 11.30 ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਦੀ ਮੌਤ ‘ਤੇ ਤਾਮਿਲਨਾਡੂ ਵਿਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਸੋਗ ਵਜੋਂ ਤਿੰਨ ਦਿਨ ਤਾਮਿਲਨਾਡੂ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਜੈਲਲਿਤਾ ਦੀ ਮੌਤ ਤੋਂ ਬਾਅਦ ਪਾਰਟੀ ਨੇ ਓ ઠਪਨੀਰਸੇਲਵਮ ਨੂੰ ਏਆਈਏਡੀਐਮਕੇ ਦਾ ਨਵਾਂ ਮੁਖੀ ਥਾਪ ਦਿੱਤਾ ਅਤੇ ਉਨ੍ਹਾਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ।
ਚੇਤੇ ਰਹੇ ਕਿ ਜੈਲਲਿਤਾ ਨੂੰ ਲੰਘੇ ਦਿਨੀਂ ਦਿਲ ਦਾ ਦੌਰਾ ਪੈ ਗਿਆ ਸੀ, ਉਸ ਤੋਂ ਬਾਅਦ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ। ਉਸ ਨੂੰ 22 ਸਤੰਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਰ ਆਗੂਆਂ ਨੇ ਜੇ ਜੈਲਲਿਤਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
24 ਫਰਵਰੀ 1948 ਨੂੰ ਜਨਮੀ ਜੈਲਲਿਤਾ ਜੋ ਆਪਣੇ ਪ੍ਰਸੰਸਕਾਂ ਵਿੱਚ ‘ਅੰਮਾ’ ਵਜੋਂ ਮਸ਼ਹੂਰ ਸੀ, ਨੇ ਫਿਲਮ ਜਗਤ ਤੋਂ ਬਾਅਦ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਪੰਜ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਉਸ ਨੇ 70ਵਿਆਂ ਦੇ ਅਖ਼ੀਰ ਵਿਚ ਸਿਆਸਤ ‘ਚ ਪ੍ਰਵੇਸ਼ ਕੀਤਾ ਜਦੋਂ ਐਮਜੀ ਰਾਮਚੰਦਰਨ ਸੂਬੇ ਦੇ ਮੁੱਖ ਮੰਤਰੀ ਸਨ। 1982 ਵਿਚ ਉਹ ਰਾਮਚੰਦਰਨ ਵੱਲੋਂ ਬਣਾਈ ਅੰਨਾਡੀਐਮਕੇ ‘ਚ ਸ਼ਾਮਲ ਹੋ ਗਈ ਸੀ। ਅੰਗਰੇਜ਼ੀ ਦੀ ਮੁਹਾਰਤ ਕਰਕੇ ਰਾਮਚੰਦਰਨ ਚਾਹੁੰਦੇ ਸਨ ਕਿ ਉਸ ਨੂੰ ਰਾਜ ਸਭਾ ਭੇਜਿਆ ਜਾਵੇ ਅਤੇ 1984 ਵਿੱਚ ਉਸ ਦੀ ਚੋਣ ਰਾਜ ਸਭਾ ਮੈਂਬਰ ਵਜੋਂ ਹੋਈ। 1984 ਵਿੱਚ ਜਦੋਂ ਰਾਮਚੰਦਰਨ ਅਚਾਨਕ ਬਿਮਾਰ ਹੋਏ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਮੁੱਖ ਰੂਪ ਵਿਚ ਉਭਰਿਆ ਸੀ।
1987 ਵਿਚ ਐਮਜੀ ਰਾਮਚੰਦਰਨ ਦੀ ਮੌਤ ਤੋਂ ਬਾਅਦ ਪਾਰਟੀ ਦੀ ਅਗਵਾਈ ਨੂੰ ਲੈ ਕੇ ਬੜਾ ਕਲੇਸ਼ ਪਿਆ ਅਤੇ ਪਾਰਟੀ ਦੋਫਾੜ ਹੋ ਗਈ। ਉਸ ਵੇਲੇ ਇਕ ਧੜੇ ਦੀ ਅਗਵਾਈ ਰਾਮਚੰਦਰਨ ਦੀ ਪਤਨੀ ਜਾਨਕੀ ਅਤੇ ਦੂਜੇ ਧੜੇ ਦੀ ਅਗਵਾਈ ਜੈਲਲਿਤਾ ਨੇ ਕੀਤੀ। ਛੇਤੀ ਹੀ ਆਪਣੀ ਸ਼ਖ਼ਸੀਅਤ ਦੇ ਸਿਰ ‘ਤੇ ਉਸ ਨੇ ਆਪਣੀ ਪਾਰਟੀ ਵਿੱਚ ਨਵੀਂ ਰੂਹ ਫੂਕ ਦਿੱਤੀ ਅਤੇ 1990 ਤਕ ਪੁੱਜਦਿਆਂ ਉਸ ਨੇ ਪਾਰਟੀ ਵਿਚ ਏਕਾ ਵੀ ਕਰਵਾ ਲਿਆ। ਇਸ ਤੋਂ ਬਾਅਦ 1991 ਵਿੱਚ ਹੋਈਆਂ ਚੋਣਾਂ ਦੌਰਾਨ ਉਸ ਦੀ ਪਾਰਟੀ ਨੇ ਬਹੁਮਤ ਹਾਸਲ ਕੀਤੀ ਅਤੇ ਉਹ ਪਹਿਲੀ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਐਮਜੀ ਰਾਮਚੰਦਰਨ ਅਤੇ ਜੈਲਲਿਤਾ ਨੇ ਇਕੱਠਿਆਂ 28 ਫਿਲਮਾਂ ਵਿਚ ਕੰਮ ਕੀਤਾ। ਇਸ ਤੋਂ ਪਹਿਲਾਂ ਅਪੋਲੋ ਹਸਪਤਾਲ ਵਿੱਚ ਜੈਲਲਿਤਾ ਨੂੰ ਈਸੀਐਮਓ ਪ੍ਰਣਾਲੀ ‘ਤੇ ਰੱਖਿਆ ਗਿਆ ਸੀ, ਜਿਸ ਦੀ ਵਰਤੋਂ ਦਿਲ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਰੋਗੀ ਲਈ ਕੀਤੀ ਜਾਂਦੀ ਹੈ।
ਅੰਮਾ ਵਿੱਚ ਵੀ ਸਨ ਕਈ ਘਾਟਾਂ
ਅੰਨਾ ਦ੍ਰਮੁਕ ਦੇ ਮੰਤਰੀ ਸੰਸਦ ਮੈਂਬਰ, ਵਿਧਾਇਕ ਨੇਤਾ ਅਤੇ ਸਮਰਥਕ ਉਨ੍ਹਾਂ ਨੂੰ ‘ਅੰਮਾ’ ਅਤੇ ‘ਪੁਰਾਤਤਵੀ ਥਲਾਈਵੀ’ ਜਾਂ ‘ਕ੍ਰਾਂਤੀਕਾਰੀ ਨੇਤਾ’ ਦੇ ਨਾਂ ਤੋਂ ਪੁਕਾਰਦੇ ਹਨ। ਜੈਲਲਿਤਾ ਤਾਮਿਲਨਾਡੂ ਦੀ ਅਜਿਹੀ ਆਖਰੀ ਨੇਤਾ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਸਮਰਥਕ ਕਿਸੇ ਵੀ ਹੱਦ ਤੱਕ ਜਾ ਕੇ ਉਨ੍ਹਾਂ ਨਾਲ ਖੜ੍ਹੇ ਰਹਿੰਦੇ ਸਨ ਪਰ ਜੈਲਲਿਤਾ ਨੇ ਪਾਰਟੀ ਵਿਚ ਦੂਜੀ ਜਾਂ ਤੀਜੀ ਕਤਾਰ ਦੇ ਕਿਸੇ ਨੇਤਾ ਨੂੰ ਅੱਗੇ ਨਹੀਂ ਆਉਣ ਦਿੱਤਾ।
ਧਾਹਾਂ ਮਾਰ ਕੇ ਰੋਏ ਜੈਲਲਿਤਾ ਨੂੰ ਚਾਹੁਣ ਵਾਲੇ : ਜਿਵੇਂ ਹੀ ਸੋਮਵਾਰ ਦੀ ਰਾਤ ਨੂੰ ਕਰੀਬ ਸਾਢੇ ਗਿਆਰਾਂ ਵਜੇ ਅਪੋਲੋ ਹਸਪਤਾਲ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਜੈਲਲਿਤਾ ਨਹੀਂ ਰਹੀ ਤਾਂ ਹਸਪਤਾਲ ਦੇ ਬਾਹਰ ਅਰਦਾਸ ਕਰ ਰਹੇ ਉਸਦੇ ਸਮਰਥਕ ਧਾਹਾਂ ਮਾਰ ਕੇ ਰੋਣ ਲੱਗੇ। ਪੂਰੇ ਤਾਮਿਲਨਾਡੂ ਵਿਚ ਸ਼ੋਕ ਦੀ ਲਹਿਰ ਫੈਲ ਗਈ।
32 ਸਾਲਾਂ ਬਾਅਦ ਸਿਰਜ ਦਿੱਤਾ ਸੀ ਇਤਿਹਾਸ
ਸਾਲ 2016 ઠਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜੈਲਲਿਤਾ ਨੇ ਰਿਕਾਰਡਤੋੜ ਜਿੱਤ ਹਾਸਲ ਕੀਤੀ। ਤਾਮਿਲਨਾਡੂ ਦੇ ਇਤਿਹਾਸ ਵਿੱਚ 32 ਸਾਲ ਬਾਅਦ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਬਹੁਮਤ ਮਿਲਿਆ ਸੀ। ਤਿੰਨ ਦਹਾਕੇ ਪਹਿਲਾਂ ਇਹ ਕ੍ਰਿਸ਼ਮਾ ਉਨ੍ਹਾਂ ਦੇ ਰਾਜਨੀਤਿਕ ਗੁਰੂ ਐਮਜੀ ਆਰ ਨੇ ਕੀਤਾ ਸੀ। ਮਈ 2016 ਵਿਚ ਜੈਲਲਿਤਾ ਪੰਜਵੀਂ ਵਾਰ ਰਾਜ ਦੀ ਮੁੱਖ ਮੰਤਰੀ ਬਣੀ ਸੀ। ਲੋਕਾਂ ਨੂੰ ਕਈ ਫੈਸਲੇ ਪਸੰਦ ਨਾ ਆਏ। ਸਾਲ 2001 ਵਿਚ ਉਨ੍ਹਾਂ ਨੇ ਲਾਟਰੀ ਟਿਕਟ ‘ਤੇ ਪਾਬੰਦੀ ਲਾ ਦਿੱਤੀ ਸੀ। ਸਮੂਹਿਕ ਹੜਤਾਲ ਕਰਨ ਵਾਲੇ ਦੋ ਲੱਖ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕਿਸਾਨਾਂ ਦੀ ਮੁਫ਼ਤ ਬਿਜਲੀ ‘ਤੇ ਰੋਕ ਲਗਾਈ, ਰਾਸ਼ਨ ਦੀਆਂ ਦੁਕਾਨਾਂ ਤੋਂ ਮਿਲਦੇ ਚਾਵਲ ਦੀ ਕੀਮਤ ਵਧਾਈ, ਪੰਜ ਹਜ਼ਾਰ ਕਮਾਉਣ ਵਾਲੇ ਦਾ ਰਾਸ਼ਨ ਕਾਰਡ ਰੱਦ ਕੀਤਾ, ਬੱਸ ਕਿਰਾਏ ਵਧਾਏ, ਮੰਦਰਾਂ ਵਿਚ ਜਾਨਵਰਾਂ ਦੀ ਬਲੀ ਦੇਣ ‘ਤੇ ਰੋਕ ਲਗਾ ਦਿੱਤੀ ਸੀ। ਲੋਕਾਂ ਨੇ ਉਨ੍ਹਾਂ ਦੇ ਅਜਿਹੇ ਫ਼ੈਸਲੇ ਪਸੰਦ ਨਾ ਕੀਤੇ।
ਮੁੱਖ ਮੰਤਰੀ ਬਣ ਕੇ ਵਾਪਸ ਆਉਣ ਦੀ ਖਾਧੀ ਸੀ ਸਹੁੰ
ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਸਾਲ 1989 ਵਿਚ ਹੋਈ ਵਿਧਾਨ ਸਭਾ ਚੋਣ ਵਿਚ ਜੈਲਲਿਤਾ ਧੜੇ ਨੇ 27 ਸੀਟਾਂ ਜਿੱਤੀਆਂ ਤੇ ਵਿਰੋਧੀ ਧਿਰ ਦੀ ਮੁਖੀ ਬਣੀ ਪਰ 25 ਮਾਰਚ 1989 ਵਿਚ ਤਾਮਲਿਨਾਡੂ ਵਿਧਾਨ ਸਭਾ ਵਿਚ ਜੋ ਕੁਝ ਹੋਇਆ ਉਸ ਨਾਲ ਆਮ ਲੋਕਾਂ ਦੀ ਜੈਲਲਿਤਾ ਪ੍ਰਤੀ ਹਮਦਰਦੀ ਵਿਚ ਵਾਧਾ ਹੋਇਆ। ਉਸ ਵੇਲੇ ਸੱਤਾ ਪੱਖੀ ਡੀਐਮਕੇ ਮੈਂਬਰਾਂ ਵਲੋਂ ਸਦਨ ਵਿਚ ਹੀ ਹੱਥੋਪਾਈ ਕੀਤੀ ਗਈ ਤੇ ਜੈਲਲਿਤਾ ਦੀ ਵੀ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ ਗਈ। ਜੈਲਲਿਤਾ ਪਾਟੀ ਹੋਈ ਸਾੜੀ ਨਾਲ ਹੀ ਸਦਨ ਵਿਚੋਂ ਬਾਹਰ ਆਈ ਜਿਸ ਕਰਕੇ ਲੋਕਾਂ ਨੇ ਸੱਤਾ ਧਿਰ ਦੀ ਰੱਜ ਕੇ ਨਿਖੇਧੀ ਕੀਤੀ। ਇਹੀ ਦਿਨ ਸੀ ਜਦੋਂ ਜੈਲਲਿਤਾ ਨੇ ਸਦਨ ਤੋਂ ਬਾਹਰ ਆਉਂਦੇ ਹੋਏ ਕਿਹਾ ਕਿ ਉਹ ਸਦਨ ਵਿਚ ਮੁੱਖ ਮੰਤਰੀ ਬਣ ਕੇ ਹੀ ਵਾਪਸ ਆਵੇਗੀ ਨਹੀਂ ਤਾਂ ਸਦਨ ਵਿਚ ਦਾਖਲ ਨਹੀਂ ਹੋਵੇਗੀ। ਸਾਲ 1991 ਵਿਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਚੋਣ ਵਿਚ ਜੈਲਲਿਤਾ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤੇ 234 ਵਿਚੋਂ 225 ਸੀਟਾਂ ਜਿੱਤੀਆਂ ਤੇ ਮੁੱਖ ਮੰਤਰੀ ਬਣੀ। ਚੋਣ ਵਿਚ ਹਾਰ ਤੋਂ ਬਾਅਦ ਜਾਨਕੀ ਨੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਤੇ ਏਆਈਈਡੀਐਮਕੇ ਤੇ ਐਮਜੀਆਰ ਦੀ ਰਾਜਨੀਤਕ ਵਿਰਾਸਤ ਵਿਚ ਜੈਲਲਿਤਾ ਇਕਮਾਤਰ ਉਤਰਧਿਕਾਰੀ ਬਣੀ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …